ਸੂਬਿਆਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਮਦਦਗਾਰ ਹੋਵੇਗੀ ਵਰਕਸ਼ਾਪ
12 ਸੂਬਿਆਂ ਦੇ ਨੁਮਾਇੰਦੇ ਲੈ ਰਹੇ ਨੇ ਹਿੱਸਾ
ਚੰਡੀਗੜ੍ਹ, 23 ਸਤੰਬਰ:
ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੇਂਦਰ ਵੱਲੋਂ ਚੰਡੀਗੜ੍ਹ ਵਿਚ ਕੁੱਲ ਘਰੇਲੂ ਉਤਪਾਦ (ਜੀਐਸਡੀਪੀ-ਗ੍ਰੋਸ ਸਟੇਟ ਡੌਮੈਸਟਿਕ ਪ੍ਰੋਡੱਕਟ) ਸਬੰਧੀ ਇਕ ਖੇਤਰੀ ਵਰਕਸ਼ਾਪ ਕਰਵਾਈ ਜਾ ਰਹੀ ਹੈ। ਸੋਮਵਾਰ ਨੂੰ ਵਰਕਸ਼ਾਪ ਦਾ ਉਦਘਾਟਨ ਪੰਜਾਬ ਦੇ ਆਰਥਿਕ ਸਲਾਹਕਾਰ ਐਮ.ਐਲ. ਸ਼ਰਮਾ ਅਤੇ ਕੇਂਦਰੀ ਸਟੈਟਿਕਸ ਦਫਤਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਨਰੇਸ਼ ਕੁਮਾਰ ਸ਼ਰਮਾਂ ਵੱਲੋਂ ਕੀਤਾ ਗਿਆ। ਪੰਜ ਦਿਨਾਂ ਤੱਕ ਚੱਲਣ ਵਾਲੀ ਇਸ ਵਰਕਸ਼ਾਪ ਵਿਚ 12 ਸੂਬਿਆਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਇਸ ਦੌਰਾਨ ਵਰਕਸ਼ਾਪ ਵਿਚ ਸ਼ਾਮਲ ਅਧਿਕਾਰੀ ਆਪੋ-ਆਪਣੇ ਸੂਬਿਆਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਨੁਕਤਿਆਂ ‘ਤੇ ਸਿਖਲਾਈ ਪ੍ਰਾਪਤ ਕਰਨਗੇ ਅਤੇ ਆਪਸੀ ਵਿਚਾਰ-ਚਰਚਾ ਰਾਹੀਂ ਵਿੱਤੀ ਹਾਲਾਤਾਂ ਨੂੰ ਸੁਧਾਰ ਵੱਲ ਲੈ ਜਾਣ ‘ਤੇ ਵੀ ਜ਼ੋਰ ਦਿੱਤਾ ਜਾਵੇਗਾ।
ਕੇਂਦਰੀ ਸਟੈਟਿਕਸ ਦਫਤਰ, ਮਨਿਸਟਰੀ ਆਫ ਸਟੈਟਿਸਟੀਕਲ ਐਂਡ ਪ੍ਰੋਗਰਾਮ ਇੰਪਲੀਮੈਂਨਟੇਸ਼ਨ ਵੱਲੋਂ ਪੰਜਾਬ ਦੇ ਆਰਥਿਕ ਅਤੇ ਅੰਕੜਾ ਸੰਸਥਾ ਦੇ ਸਹਿਯੋਗ ਨਾਲ ਇਸ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਵਰਕਸ਼ਾਪ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮੱਧਪ੍ਰਦੇਸ਼, ਚੰਡੀਗੜ੍ਹ, ਬਿਹਾਰ, ਮਹਾਂਰਾਸ਼ਟਰ, ਪੱਛਮੀ ਬੰਗਾਲ, ਉਤਰਾਖੰਡ, ਰਾਜਸਥਾਨ ਅਤੇ ਦਿੱਲੀ ਸਮੇਤ 12 ਸੂਬਿਆਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ।
ਪੰਜਾਬ ਦੇ ਆਰਥਿਕ ਸਲਾਹਕਾਰ ਐਮ.ਐਲ. ਸ਼ਰਮਾਂ ਨੇ ਦੱਸਿਆ ਕਿ ਜੀਐਸਡੀਪੀ ਯਾਨੀ ਕੁੱਲ ਘਰੇਲੂ ਉਤਪਾਦ ਨੂੰ ਜੇਕਰ ਆਸਾਨ ਸ਼ਬਦਾਂ ਵਿਚ ਸਮਝਣਾ ਹੋਵੇ ਤਾਂ ਨਿਰਧਾਰਤ ਸਮੇਂ ਦੌਰਾਨ ਕਿਸੇ ਸੂਬੇ ਦੀਆਂ ਹੱਦਾਂ ਦੇ ਅੰਦਰ ਪੈਦਾ ਹੋਣ ਵਾਲੀਆਂ ਸਾਰੀਆਂ ਵਸਤਾਂ ਅਤੇ ਸੇਵਾਵਾਂ ਨੂੰ ਕੁੱਲ ਘਰੇਲੂ ਉਤਪਾਦ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸੂਬੇ ਦੀ ਆਮਦਨ ਵਿਚ ਵਾਧਾ ਕਰਨ ਲਈ ਉੱਥੋਂ ਦੀ ਜੀਐਸਡੀਪੀ ਦਾ ਵਾਧਾ ਲਾਜ਼ਮੀ ਹੈ ਇਸ ਲਈ ਵਰਕਸ਼ਾਪ ਦੌਰਾਨ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ ਕਿ ਆਰਥਿਕਤਾ ਨੂੰ ਵਧਾਉਣ ਲਈ ਕੀ ਕੀਤਾ ਜਾਵੇ ਅਤੇ ਕਿੰਝ ਸੂਬੇ ਆਪਣੀ ਵਿੱਤੀ ਹਾਲਤ ਵਿਚ ਸੁਧਾਰ ਕਰ ਸਕਦੇ ਹਨ।
ਕੇਂਦਰੀ ਸਟੈਟਿਕਸ ਦਫਤਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਨਰੇਸ਼ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਕਿਸੇ ਸੂਬੇ ਦੀ ਆਰਥਿਕਤਾ ਕਿਵੇਂ ਕੰਮ ਕਰ ਰਹੀ ਹੈ ਅਤੇ ਇਸ ਵਿਚ ਕਿਵੇਂ ਸੁਧਾਰ ਕੀਤਾ ਜਾ ਸਕਦੈ ਇਹ ਸਵਾਲ ਬਹੁਤ ਅਹਿਮ ਹੁੰਦਾ ਹੈ। ਇਸ ਮਕਸਦ ਲਈ ਜਿਹੜਾ ਡਾਟਾ ਤਿਆਰ ਕੀਤਾ ਜਾਂਦਾ ਹੈ ਉਹ ਸੱਚਾਈ ਦੇ ਨੇੜੇ ਹੋਵੇ ਤਾਂ ਹੀ ਇਹ ਡਾਟਾ ਪਲੈਨਿੰਗ ਲਈ ਮਦਦਗਾਰ ਸਿੱਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦੌਰਾਨ ਸਿਰਫ ਸਿਖਲਾਈ ਹੀ ਨਹੀਂ ਦਿੱਤੀ ਜਾਵੇਗੀ ਬਲਕਿ ਆਪਸੀ ਸੰਵਾਦ ਰਾਹੀਂ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਾਰਥਕ ਹੱਲ ਵੀ ਕੱਢੇ ਜਾਣਗੇ।
ਨੰ: ਪੀ.ਆਰ. 19/924/ਨਰਿੰਦਰ ਪਾਲ ਸਿੰਘ/97802-16767
——-
ਫੋਟੋ ਕੈਪਸ਼ਨ: ਪੰਜਾਬ ਦੇ ਆਰਥਿਕ ਸਲਾਹਕਾਰ ਐਮ.ਐਲ. ਸ਼ਰਮਾ ਅਤੇ ਕੇਂਦਰੀ ਸਟੈਟਿਕਸ ਦਫਤਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਨਰੇਸ਼ ਕੁਮਾਰ ਸ਼ਰਮਾਂ ਚੰਡੀਗੜ੍ਹ ਵਿਚ ਕੁੱਲ ਘਰੇਲੂ ਉਤਪਾਦ ਸਬੰਧੀ ਇਕ ਖੇਤਰੀ ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ।