ਮੌਨਸੂਨ ਤੋਂ ਪਹਿਲਾਂ ਛੱਪੜਾਂ ਵਿੱਚੋਂ ਪਾਣੀ ਅਤੇ ਗਾਰ ਕੱਢਣ ਦਾ ਕੰਮ ਮੁਕੰਮਲ ਕੀਤਾ ਜਾਵੇਗਾ : ਤਿ੍ਰਪਤ ਬਾਜਵਾ
ਬਟਾਲਾ, 28 ਮਈ 2021 ਪੰਜਾਬ ਸਰਕਾਰ ਨੇ ਸਮਾਰਟ ਪਿੰਡ ਮੁਹਿੰਮ ਤਹਿਤ ਸੂਬੇ ਭਰ ਦੇ ਛੱਪੜਾਂ ਵਿੱਚੋਂ ਪਾਣੀ ਅਤੇ ਗਾਰ ਕੱਢਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਵਿਕਾਸ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਮੁਹਿੰਮ ਪਿੰਡਾਂ ਵਿੱਚ ਖੁਸ਼ਹਾਲ ਅਤੇ ਸਾਫ਼ ਕੁਦਰਤੀ ਵਾਤਾਵਰਣ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਵਿਭਾਗੀ ਅਧਿਕਾਰੀਆਂ ਨੂੰ ਮੌਨਸੂਨ ਦੇ ਸੀਜ਼ਨ ਤੋਂ ਪਹਿਲਾਂ 10 ਜੂਨ, 2021 ਤੱਕ ਇਹ ਕਾਰਜ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨਾਂ ਦੱਸਿਆ ਕਿ ਪਿਛਲੇ ਸਾਲ ਮਾਨਸੂਨ ਦੇ ਸੀਜ਼ਨ ਤੋਂ ਪਹਿਲਾਂ 12,296 ਛੱਪੜਾਂ ਦੀ ਸਫਾਈ ਦਾ ਕੰਮ ਸੁਰੂ ਕੀਤਾ ਗਿਆ ਸੀ ਜਿਸ ਤਹਿਤ 12,184 ਛੱਪੜਾਂ ਵਿਚੋਂ ਪਾਣੀ ਕੱਢਿਆ ਗਿਆ ਅਤੇ 6,332 ਛੱਪੜਾਂ ਵਿੱਚੋਂ ਗਾਰ ਕੱਢਣ ਦਾ ਕੰਮ ਮੁਕੰਮਲ ਕੀਤਾ ਗਿਆ। ਸ੍ਰੀ ਬਾਜਵਾ ਨੇ ਕਿਹਾ ਕਿ ਸਾਲ ਇਹ ਕਾਰਜ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਸੁਰੂ ਕੀਤਾ ਗਿਆ ਹੈ ਅਤੇ ਇਸ ਮੁਹਿੰਮ ਲਈ 90 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਉਨਾਂ ਅੱਗੇ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਦੇ ਅਨੁਸਾਰ 5724 ਛੱਪੜਾਂ ਵਿੱਚੋਂ ਪਾਣੀ ਕੱਢਣ ਦੀ ਜ਼ਰੂਰਤ ਹੈ ਜਿਸ ਵਿਚੋਂ 1646 ਛੱਪੜਾਂ ਵਿੱਚ ਕੰਮ ਸੁਰੂ ਹੋ ਗਿਆ ਹੈ ਜਦਕਿ 746 ਛੱਪੜਾਂ ਵਿਚ ਇਹ ਕੰਮ ਪੂਰਾ ਹੋ ਚੁੱਕਾ ਹੈ। ਇਸ ਤੋਂ ਇਲਾਵਾ 3847 ਛੱਪੜਾਂ ਵਿੱਚੋਂ ਗਾਰ ਕੱਢਣ ਦੀ ਵੀ ਜ਼ਰੂਰਤ ਹੈ ਜਿਨਾਂ ਵਿਚੋਂ 839 ਛੱਪੜਾਂ ਵਿਚ ਕੰਮ ਸੁਰੂ ਹੋ ਗਿਆ ਹੈ ਅਤੇ 172 ਛੱਪੜਾਂ ਵਿੱਚ ਇਹ ਕੰਮ ਮੁਕੰਮਲ ਹੋ ਗਿਆ ਹੈ।
ਇਹ ਜ਼ਿਕਰ ਕਰਦਿਆਂ ਕਿ ਕੋਵਿਡ-19 ਮਹਾਂਮਾਰੀ ਕਰਕੇ ਬਣੇ ਹਾਲਾਤਾਂ ਦੌਰਾਨ ਇਹ ਮੁਹਿੰਮ ਪਿੰਡਾਂ ਦੇ ਗਰੀਬ ਲੋਕਾਂ ਲਈ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਆਮਦਨ ਦਾ ਮੁੱਖ ਸਰੋਤ ਰਹੀ ਹੈ, ਸ੍ਰੀ ਬਾਜਵਾ ਨੇ ਅੱਗੇ ਕਿਹਾ ਕਿ ਇਸ ਮੁਹਿੰਮ ਤਹਿਤ ਰੁਜ਼ਗਾਰ ਦੇਣ ਲਈ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਹੁਣ ਤੱਕ 3,38,123 ਮਾਨਵੀ ਦਿਹਾੜੀਆਂ ਦਿੱਤੀਆਂ ਗਈਆਂ ਹਨ ਅਤੇ ਲਾਭਪਾਤਰੀਆਂ ਦੇ ਖਾਤਿਆ ਵਿੱਚ 8.58 ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਗਈ ਹੈ।