ਤੀਹਰੀ ਛਾਲ ਵਿੱਚ ਏਸ਼ੀਅਨ ੇਤ ਕਾਮਨਵੈਲਥ ਗੇਮਜ਼ ਦੇ ਚੈਂਪੀਅਨ ਮਹਿੰਦਰ ਸਿੰਘ ਗਿੱਲ ਨੇ ‘ਹਾਲ ਆਫ਼ ਫੇਮ’ ਵਿੱਚ ਆਪਣੀ ਤਸਵੀਰ ਵੇਖੀ
50 ਵਰ੍ਹਿਆਂ ਤੋਂ ਅਮਰੀਕਾ ਰਹਿੰਦੇ ਮਹਿੰਦਰ ਸਿੰਘ ਗਿੱਲ ਦੇ ਜੀਵਨ ਉੱਪਰ ਲਿਖੀ ਜਾ ਰਹੀ ਹੈ ਪੁਸਤਕ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), 22 ਨਵੰਬਰ 2024
ਅਮਰੀਕਾ ਤੋਂ ਪੰਜਾਬ ਫੇਰੀ ਉਤੇ ਆਏ ਭਾਰਤ ਦੇ ਮਹਾਨ ਅਥਲੀਟ ਓਲੰਪੀਅਨ ਮਹਿੰਦਰ ਸਿੰਘ ਗਿੱਲ ਦਾ ਮੁਹਾਲੀ ਪੁੱਜਣ ਉੱਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ‘ਹਾਲ ਆਫ਼ ਫੇਮ’ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ ਐਸ ਸਿੱਧੂ ਨੇ ਓਲੰਪੀਅਨ ਗਿੱਲ ਦਾ ਸਨਮਾਨ ਕੀਤਾ ਅਤੇ ਪੰਜਾਬ ਓਲੰਪਿਕ ਭਵਨ ਵਿੱਚ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ‘ਹਾਲ ਆਫ਼ ਫੇਮ’ ਦਿਖਾਇਆ ਜਿਸ ਵਿੱਚ ਮਹਿੰਦਰ ਸਿੰਘ ਗਿੱਲ ਦੀ ਤਸਵੀਰ ਸੁਸ਼ੋਭਿਤ ਹੈ। ਐਸੋਸੀਏਸ਼ਨ ਵੱਲੋਂ ਗਿੱਲ ਨੂੰ ‘ਹਾਲ ਆਫ਼ ਫੇਮ’ ਦੇ ਸਨਮਾਨ ਅਤੇ ਸੋਵੀਨਾਰ ਨਾਲ ਸਨਮਾਨਿਤ ਕੀਤਾ।ਇਸ ਮੌਕੇ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਨਵਦੀਪ ਸਿੰਘ ਗਿੱਲ ਦਾ ਵੀ ਸਨਮਾਨ ਕੀਤਾ ਗਿਆ ਜੋ ਓਲੰਪੀਅਨ ਗਿੱਲ ਦੀ ਜੀਵਨੀ ਲਿਖ ਰਹੇ ਹਨ।
ਜਲੰਧਰ ਦੇ ਰਹਿਣ ਵਾਲੇ ਮਹਿੰਦਰ ਸਿੰਘ ਗਿੱਲ 50 ਵਰ੍ਹਿਆਂ ਤੋਂ ਅਮਰੀਕਾ ਦੇ ਪੱਕੇ ਵਸਨੀਕ ਹਨ।ਉਹ ਭਾਰਤ ਦੇ ਮਹਾਨ ਅਥਲੀਟਾਂ ਵਿੱਚੋਂ ਇੱਕ ਹਨ ਜਿਨ੍ਹਾਂ ਤੀਹਰੀ ਛਾਲ ਵਿੱਚ 1970 ਵਿੱਚ ਬੈਂਕਾਕ ਏਸ਼ੀਅਨ ਗੇਮਜ਼ ਵਿੱਚ ਸੋਨੇ ਤੇ 1974 ਤਹਿਰਾਨ ਏਸ਼ੀਅਨ ਗੇਮਜ਼ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਤਿੰਨ ਵਾਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। 1974 ਕ੍ਰਾਈਸਟਚਰਚ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਅਤੇ 1970 ਵਿੱਚ ਐਡਿਨਬਰਗ ਕਾਮਨਵੈਲਥ ਗੇਮਜ਼ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।1971 ਪ੍ਰੀ ਓਲੰਪਿਕਸ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। 1972 ਮਿਊਨਿਖ ਓਲੰਪਿਕਸ ਵਿੱਚ ਹਿੱਸਾ ਲਿਆ।
ਮਹਿੰਦਰ ਸਿੰਘ ਗਿੱਲ ਨੇ ਅਮਰੀਕਾ ਰਹਿੰਦਾ ਲਗਾਤਾਰ ਪੰਜ ਵਾਰ ਐਨ.ਸੀ.ਏ.ਏ. ਚੈਂਪੀਅਨਸ਼ਿਪ ਸਮੇਤ 50 ਤੋਂ ਵੱਧ ਕੌਮਾਂਤਰੀ ਮੀਟ ਜਿੱਤੀਆਂ ਹਨ। ਭਾਰਤ ਸਰਕਾਰ ਵੱਲੋਂ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ। ਉਹ ਅਮਰੀਕਾ ਦੀ ਕੈਲੀ ਪੌਲੀ ਯੂਨੀਵਰਸਿਟੀ ਦੀ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਏਸ਼ੀਅਨ ਅਥਲੀਟ ਹਨ।