ਸੂਬੇ ਦੇ ਵਿਕਾਸ ਲਈ ਯਤਨਸ਼ੀਲ ਵਿਅਕਤੀਆਂ ਨੂੰ ਪੰਜ ਸ਼੍ਰੇਣੀਆਂ ਵਿੱਚ ਦਿੱਤੇ ਜਾਣਗੇ ਪੁਰਸਕਾਰ
ਪੁਰਸਕਾਰਾਂ ਲਈ ਸੂਬੇ ਦੇ ਆਮ ਲੋਕਾਂ, ਯੂਨੀਵਰਸਿਟੀਆਂ, ਸਨਅਤਾਂ ਅਤੇ ਸਾਰੇ ਵਿਭਾਗਾਂ ਤੋਂ ਨਾਮਜ਼ਦਗੀਆਂ ਮੰਗੀਆਂ; ਜੇਤੂਆਂ ਦਾ 25 ਸਤੰਬਰ ਨੂੰ ਕੀਤਾ ਜਾਵੇਗਾ ਐਲਾਨ
ਚੰਡੀਗੜ, 14 ਸਤੰਬਰ
ਪੰਜਾਬ ਯੋਜਨਾਬੰਦੀ ਵਿਭਾਗ ਵੱਲੋਂ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਦੇ ਸਸਟੇਨਏਬਲ ਡਿਵੈੱਲਪਮੈਂਟ ਗੋਲਜ਼ ਕੋਆਰਡੀਨੇਸ਼ਨ ਸੈਂਟਰ (ਐਸ.ਡੀ.ਜੀ.ਸੀ.ਸੀ.) ਦੇ ਸਹਿਯੋਗ ਨਾਲ ਪੰਜ ਸ਼੍ਰੇਣੀਆਂ ਵਿੱਚ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਵਾਰਡ ਆਰਥਿਕ ਸਥਿਰਤਾ, ਸਮਾਜਿਕ ਉੱਨਤੀ ਅਤੇ ਭਲਾਈ, ਵਾਤਾਵਰਨ ਸਥਿਰਤਾ, ‘ਸਾਰਿਆਂ ਨੂੰ ਨਾਲ ਲੈ ਕੇ ਚੱਲਣ’ ਦੀ ਭਾਵਨਾ ਤੋਂ ਇਲਾਵਾ ਏਕੀਕਰਣ, ਆਪਸੀ ਮਿਲਾਪ, ਸਾਂਝੇ ਕਾਰਜ ਅਤੇ ਸੰਪੂਰਨ ਹੱਲ ਦੀ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਜਾਣਗੇ। ਇਨਾਂ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ 25 ਸਤੰਬਰ, 2020 ਨੂੰ ਟਿਕਾਊ ਵਿਕਾਸ ਟੀਚੇ (ਐਸ.ਡੀ.ਜੀ.) ਦਿਵਸ ਮੌਕੇ ਕੀਤਾ ਜਾਵੇਗਾ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨਾਂ ਐਵਾਰਡਾਂ ਲਈ ਸੂਬੇ ਦੇ ਆਮ ਲੋਕਾਂ, ਯੂਨੀਵਰਸਿਟੀਆਂ, ਸਨਅਤਾਂ ਅਤੇ ਸਾਰੇ ਵਿਭਾਗਾਂ ਤੋਂ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਨਾਮਜ਼ਦਗੀ ਫਾਰਮ ਸਮੇਤ ਸਮੁੱਚੀ ਪ੍ਰਕਿਰਿਆ ਦੇ ਵੇਰਵੇ ਅਤੇ ਐਵਾਰਡਾਂ ਦੇ ਵਰਗਾਂ ਬਾਰੇ ਜਾਣਕਾਰੀ -. ਤੋਂ ਹਾਸਲ ਕੀਤੀ ਜਾ ਸਕਦੀ ਹੈ।
ਉਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਤੋਂ ਸਹਾਇਤਾ ਪ੍ਰਾਪਤ ਸਸਟੇਨਏਬਲ ਡਿਵੈੱਲਪਮੈਂਟ ਗੋਲਜ਼ ਕੋਆਰਡੀਨੇਸ਼ਨ ਸੈਂਟਰ (ਐਸ.ਡੀ.ਜੀ.ਸੀ.ਸੀ.) ਇਕ ਅਜਿਹਾ ਮੰਚ ਹੈ, ਜੋ ਸਾਰੇ ਭਾਈਵਾਲਾਂ ਨੂੰ ਇਕਜੁੱਟ ਕਰਕੇ ਅਤੇ ਸਹੂਲਤਾਂ ਮੁਹੱਈਆ ਕਰਵਾ ਕੇ ‘ਐਸ.ਡੀ.ਜੀ.2030’ ਦੇ ਟੀਚਿਆਂ ਨੂੰ ਹਾਸਲ ਅਤੇ ਲਾਗੂ ਕਰੇਗਾ। ਇਹ ਪੰਜਾਬ ਨੂੰ ਤਕਨੀਕੀ ਗਿਆਨ, ਸਮਰਥਾ ਅਤੇ ਸਰੋਤਾਂ ਨਾਲ ਲੈਸ ਕਰਕੇ ਟੀਚਿਆਂ ਦੀ ਪ੍ਰਾਪਤੀ ਦੇ ਸਮਰਥ ਬਣਾਏਗਾ। ਐਸ.ਡੀ.ਜੀ.ਸੀ. ਨਿਰੰਤਰ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਲਈ ਸੂਬਾਈ ਸਰਕਾਰ ਦੀ ਪਹਿਲਕਦਮੀ ਨੂੰ ਹੁਲਾਰਾ ਦੇਣ ਤੋਂ ਇਲਾਵਾ ਸਬੰਧਤ ਸਰਕਾਰੀ ਵਿਭਾਗਾਂ ਨਾਲ ਮਿਲ ਕੇ ਕੰਮ ਕਰੇਗਾ।
ਬੁਲਾਰੇ ਨੇ ਦੱਸਿਆ ਕਿ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਪੂਰੇ ਵਿਸ਼ਵ ਨੂੰ ਨਵੀਆਂ ਚੁਣੌਤੀਆਂ ਮੁਤਾਬਕ ਆਪਣੇ ਆਪ ਢਾਲਣ ਦੀ ਲੋੜ ਹੈ ਅਤੇ ਐਸਡੀਜੀ ਨੇ ਇੱਕ ਟਿਕਾਊ ਸੰਸਾਰ ਦੀ ਸਿਰਜਣਾ ਲਈ ਇੱਕ ਵਧੀਆ ਢਾਂਚਾ ਪ੍ਰਦਾਨ ਕੀਤਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸੂਬੇ ਵਿੱਚ ਟਿਕਾਊ ਵਿਕਾਸ ਟੀਚਿਆਂ (ਐਸ.ਡੀ.ਜੀ.) ਬਾਰੇ ਜਾਗਰੂਕਤਾ ਪੈਦਾ ਕਰਨ ਦੇ ਅਹਿਮ ਕਾਰਜ ਨੂੰ ਜਾਰੀ ਰੱਖਣ ਲਈ ਐਸ.ਡੀ.ਜੀ.ਸੀ.ਸੀ. ਵੱਲੋਂ ਇਹ ਐਵਾਰਡ ਦੇਣ ਦਾ ਕਦਮ ਚੁੱਕਿਆ ਹੈ ਤਾਂ ਜੋ ਲੋਕਾਂ ਨੂੰ ਐਸ.ਡੀ.ਜੀ. ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਉਨਾਂ ਨੂੰ ਅਤੇ ਉਨਾਂ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਅੱਗੇ ਆਉਣ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਉਨਾਂ ਦਾ ਸਨਮਾਨ ਕੀਤਾ ਜਾ ਸਕੇ। ਐਸ.ਡੀ.ਜੀਜ਼ ਨੂੰ ਲਾਗੂ ਕਰਨ ਲਈ ਜ਼ਰੂਰੀ ਹੈ ਕਿ ਸਮੁੱਚੀ ਸਰਕਾਰ ਅਤੇ ਸਮੁੱਚੇ ਸਮਾਜ ਵਾਲੀ ਪਹੁੰਚ ਅਪਣਾਈ ਜਾਵੇ। ਉਨਾਂ ਕਿਹਾ ਕਿ ਕੋਵਿਡ-19 ਤੋਂ ਬਾਅਦ ਇਕ ਆਮ ਹਾਲਾਤ ਵਾਲੇ ਸਮਾਜ ਦੀ ਸਿਰਜਣਾ ਵਿੱਚ ਐਸਡੀਜੀ ਅਹਿਮ ਭੂਮਿਕਾ ਨਿਭਾਵੇਗਾ।
ਉਨਾਂ ਕਿਹਾ ਕਿ ਐਸ.ਡੀ.ਜੀਜ਼ 25 ਸਤੰਬਰ ਨੂੰ ਸਹੀਬੱਧ ਹੋਇਆ ਸੀ ਅਤੇ ਇਹ ਸੰਯੁਕਤ ਰਾਸ਼ਟਰ ਐਸ.ਡੀ.ਜੀ. ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਲਈ ਇਨਾਂ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਵੀ ਇਸੇ ਦਿਨ ਇਕ ਵਰਚੂਅਲ ਐਵਾਰਡ ਸਮਾਰੋਹ ਰਾਹੀਂ ਕੀਤਾ ਜਾਵੇਗਾ। ਐੱਸ.ਡੀ.ਜੀ. ਐਕਸ਼ਨ ਐਵਾਰਡ ਇਕ ਨਿਵੇਕਲੀ ਪਹਿਲ ਹੈ, ਜੋ ਵਿਸ਼ਵ ਨੂੰ ਹੋਰ ਬਿਹਤਰ ਬਣਾਉਣ ਲਈ ਯਤਨਸ਼ੀਲ ਵਿਅਕਤੀਆਂ ਦੇ ਯਤਨਾਂ ਨੂੰ ਹੋਰ ਉਤਸ਼ਾਹਿਤ ਕਰੇਗਾ ।