ਮਾਮਲਾ : ਦਾਖਾ ਦੀ ਔਰਤ ਦੀ ਕੀਤੀ ਕੁੱਟਮਾਰ ਦਾ
ਪੁਲਿਸ ‘ਤੇ ਇੱਕ ਪਾਸੜ ਕਾਰਵਾਈ ਦਾ ਕੇਸ ਪੁੱਜਾ ਕਮਿਸ਼ਨ ਕੋਲ
ਲੁਧਿਆਣਾ, 05 ਅਕਤੂਬਰ 2021
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਅਨੁਸੂਚਿਤ ਜਾਤੀ ਸ਼੍ਰੇਣੀ ਨਾਲ ਸਬੰਧਤ ਦਾਖਾ ਦੀ ਪੀੜ੍ਹਤ ਬੀਬੀ ਹਰਿੰਦਰ ਕੌਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਐਸ.ਐਸ.ਪੀ. ਜਗਰਾਂਓ ਨੂੰ ਨੋਟਿਸ ਜਾਰੀ ਕਰਕੇ ਸਬੰਧਤ ਮਾਮਲੇ ‘ਚ 16 ਅਕਤੂਬਰ 2021 ਨੂੰ ਐਸ.ਐਸ.ਪੀ. ਜਗਰਾਂਓ ਤੋਂ ਰਿਪੋਰਟ ਤਲਬ ਕਰ ਲਈ ਹੈ।
ਹੋਰ ਪੜ੍ਹੋ :-ਜ਼ਿਲ੍ਹੇ ਦੀਆਂ ਮੰਡੀਆਂ ‘ਚ 55,263 ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ-ਸੰਦੀਪ ਹੰਸ
ਅੱਜ ਸਥਾਨਕ ਸਰਕਟ ਹਾਊਸ ਵਿਖੇ ਸੱਦੇ ਪੱਤਰਕਾਰ ਸੰਮੇਲਨ ‘ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਹਰਿੰਦਰ ਕੌਰ ਪਤਨੀ ਮਲਕੀਤ ਸਿੰਘ ਵਾਸੀ ਦਾਖਾ ਨੇ ਇੱਕ ਸ਼ਿਕਾਇਤ ਕਮਿਸ਼ਨ ਨੂੰ ਸੌਂਪਦੇ ਹੋਏ ਉੱਚ ਜਾਤੀ ਦੇ ਵਿਅਕਤੀ ਵੱਲੋਂ ਔਰਤ ਦੀ ਕੁੱਟਮਾਰ ਕਰਨ ਅਤੇ ਜਾਤੀ ਤੌਰ ਤੇ ਗਾਲੀ ਗਲੋਚ ਕਰਨ ਦੇ ਦੋਸ਼ ਲਗਾਏ ਹਨ। ਸ਼ਿਕਾਇਤਕਰਤਾ ਨੇ ਸਥਾਨਕ ਪੁਲਿਸ ਵੱਲੋਂ ਪੱਖਪਾਤ ਕਰਨ ਦਾ ਮਾਮਲਾ ਵੀ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾ ਦੱਸਿਆ ਕਿ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਪੁਲਿਸ ਨੇ ਪੀੜਤ ਧਿਰ ਦੀ ਸੁਣਵਾਈ ਕਰਨ ਦੀ ਬਜਾਏ, ਪੀੜਤ ਧਿਰ ‘ਤੇ ਹੀ ਮੁਕੱਦਮਾ ਦਰਜ ਕਰ ਦਿੱਤਾ ਹੈ। ਕਮਿਸ਼ਨ ਦੇ ਮੈਂਬਰ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਪੀੜਤ ਪਰਿਵਾਰ ਦੀ ਸੁਣਵਾਈ ਕਰਨ ਲਈ ਨੋਟਿਸ ਜਾਰੀ ਕਰਦਿਆਂ 16 ਅਕਤੂਬਰ, 2021 ਨੂੰ ਐਸ.ਐਸ.ਪੀ. ਜਗਰਾਂਓ ਤੋਂ ਸਟੇਟਸ ਰਿਪੋਰਟ ਤਲਬ ਕਰ ਲਈ ਗਈ ਹੈ।