ਐਸ. ਡੀ. ਕਾਲਜ ’ਚ ਸੈਮੀਨਾਰ
ਬਰਨਾਲਾ, 1 ਨਵੰਬਰ 2021
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਧੀਨ “ਪੰਜਾਬ ਰਾਜ ਤੰਬਾਕੂ ਰਹਿਤ ਦਿਵਸ’’ ਮੌਕੇ ਐਸ.ਡੀ. ਕਾਲਜ ਬਰਨਾਲਾ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਇਕ ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।
ਹੋਰ ਪੜ੍ਹੋ :-ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਤ
ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਅਧੀਨ ਜਾਰੀ ਨੋਟੀਫਿਕੇਸ਼ਨ ਅਨੁਸਾਰ ਰਾਜ ਵਿੱਚ ਗੁਟਖਾ, ਪਾਨ ਮਸਾਲਾ ਆਦਿ ਅਤੇ ਕੋਈ ਵੀ ਖਾਣ ਵਾਲਾ ਪਦਾਰਥ ਜਿਸ ਵਿੱਚ ਤੰਬਾਕੂ ਅਤੇ ਨਿਕੋਟੀਨ ਹੋਵੇ ਨੂੰ ਬਣਾਉਣ, ਜਮਾਂ ਕਰਨ, ਵੇਚਣ ਤੇ ਵੰਡਣ ’ਤੇ ਪੂਰਨ ਪਾਬੰਦੀ ਹੈ। ਉਨਾਂ ਦੱਸਿਆ ਕਿ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਦਾ ਲਾਇਸੈਂਸ-ਸ਼ੁਦਾ ਦੁਕਾਨਦਾਰ/ਕਮਰਸ਼ੀਅਲ ਅਦਾਰਾ ਜੇਕਰ ਤੰਬਾਕੂ ਜਾਂ ਤੰਬਾਕੂ ਯੁਕਤ ਪਦਾਰਥ ਵੇਚਦਾ ਪਾਇਆ ਗਿਆ ਤਾਂ ਉਸ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ।
ਜ਼ਿਲਾ ਬੀ.ਸੀ.ਸੀ ਕੋਆਰਡੀਨੇਟਰ ਹਰਜੀਤ ਸਿੰਘ ਬਾਗੀ ਨੇ ਦੱਸਿਆ ਕਿ ਜਨਤਕ ਸਥਾਨਾਂ ’ਤੇ ਤੰਬਾਕੂਨੋਸ਼ੀ ਕਰਨ, ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਸਿੱਧੇ ਅਤੇ ਅਸਿੱਧੇ ਤੌਰ ’ਤੇ ਇਸਤਿਹਾਰਬਾਜ਼ੀ ਕਰਨ, 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸਿਗਰਟ ਜਾਂ ਤੰਬਾਕੂ ਉਤਪਾਦ ਵੇਚਣ/ਖਰੀਦਣ, ਕਿਸੇ ਵੀ ਸਿੱਖਿਅਕ ਅਦਾਰੇ ਦੀ ਬਾਹਰਲੀ ਦੀਵਾਰ ਤੋਂ ਸੋ ਗਜ ਦੇ ਘੇਰੇ ਵਿੱਚ ਸਿਗਰਟ ਜਾਂ ਹੋਰ ਤੰਬਾਕੂ ਉਤਪਾਦਾਂ ਦੇ ਸੇਵਨ ਅਤੇ ਵਿਕਰੀ ਕਰਨ ਜਾਂ ਬਿਨਾਂ ਸਿਹਤ ਚਿਤਾਵਨੀਆਂ ਤੋਂ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਉੱਪਰ ਮੁਕੰਮਲ ਤੌਰ ’ਤੇ ਪਾਬੰਦੀ ਹੈ।
ਹੈਲਥ ਸੁਪਰਵਾਈਜ਼ਰ ਗੁਰਮੇਲ ਸਿੰਘ ਢਿੱਲੋਂ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਖੁੱਲੀ ਸਿਗਰਟ/ਤੰਬਾਕੂ ਵੇਚਣ ਤੇ ਤੰਬਾਕੂ ਕੰਟਰੋਲ ਐਕਟ ਦੀ ਧਾਰਾ -7 ਅਧੀਨ ਪਾਬੰਦੀ ਅਤੇ ਸੂਬੇ ਵਿੱਚ ਡਰੱਗ ਅਤੇ ਕੋਸਮੈਟਿਕ ਐਕਟ ਅਧੀਨ ਈ-ਸਿਗਰਟ ਨੂੰ ਗ਼ੈਰ ਮਨਜ਼ੂਰਸ਼ੁਦਾ ਡਰੱਗ ਐਲਾਨਿਆ ਗਿਆ ਹੈ।
ਇਸ ਮੌਕੇ ਐਸ.ਡੀ. ਕਾਲਜ ਬਰਨਾਲਾ ਦੇ ਪਿ੍ਰੰਸੀਪਲ ਡਾ. ਰਮਾ ਸ਼ਰਮਾ ਦੇ ਸਹਿਯੋਗ ਸਦਕਾ ਕਰਵਾਏ ਸੈਮੀਨਾਰ ਮੌਕੇ ਕਾਲਜ ਦੇ ਪ੍ਰੋਫੈਸਰ, ਵਿਦਿਆਰਥੀ ਤੇ ਸਿਹਤ ਕਰਮੀ ਸੁਰਿੰਦਰ ਸਿੰਘ, ਜਗਜੀਤ ਸਿੰਘ ਤੇ ਮਨਪ੍ਰੀਤ ਸਿੰਘ ਹਾਜ਼ਰ ਸਨ।