ਮੰਗਾਂ ਦਾ ਨਿਪਟਾਰਾ ਨਾ ਹੋਣ ਤੇ 16 ਅਕਤੂਬਰ ਤੋਂ 30 ਅਕਤੂਬਰ ਤੱਕ ਮੁੱਖ ਮੰਤਰੀ ਦੀ ਕੋਠੀ ਦੇ ਸਾਹਮਣੇ ਮੋਰਿੰਡਾ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ:-ਮੁਲਾਜ਼ਮ ਆਗੂ
ਫਿਰੋਜ਼ਪੁਰ 8 ਅਕਤੂਬਰ 2021
ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਸੱਦੇ ਤੇ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਅਤੇ ਡੀਸੀ ਦਫ਼ਤਰ ਦੇ ਬਾਹਰ ਸੈਕੜੇ ਕਰਮਚਾਰੀਆਂ ਵੱਲੋਂ ਇਕੱਤਰ ਹੋ ਕੇ ਜ਼ਬਰਦਸਤ ਅਰਥੀ ਫੂਕ ਮੁਜ਼ਾਹਰਾ ਕਰਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ।
ਹੋਰ ਪੜ੍ਹੋ :-ਲਖੀਮਪੁਰ ਖੀਰੀ ਹੱਤਿਆਕਾਂਡ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਵੇ : ਅਕਾਲੀ ਦਲ
ਇਸ ਰੋਸ ਮੁਜ਼ਾਹਰੇ ਦੀ ਅਗਵਾਈ ਸਾਂਝੇ ਫਰੰਟ ਦੇ ਕਨਵੀਨਰਜ਼, ਰਾਮ ਪ੍ਰਸ਼ਾਦ, ਕ੍ਰਿਸ਼ਨ ਚੰਦ ਜਾਗੋਵਾਲੀਆ, ਜਗਸੀਰ ਸਿੰਘ ਭਾਂਗਰ, ਕੇਵਲ ਸਿੰਘ, ਰਾਕੇਸ਼ ਸੈਣੀ ਅਤੇ ਅਜੀਤ ਸਿੰਘ ਸੋਢੀ ਵੱਲੋ ਕੀਤੀ ਗਈ । ਪੰਜਾਬ-ਯੂ.ਟੀ.ਮੁਲਾਜ਼ਮ ਤੇ ਪੈਨਸਨਰਜ਼ ਸਾਂਝਾ ਫਰੰਟ ਨੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸੋਧ ਕੇ ਲਾਗੂ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਬਕਾਇਆ ਡੀਏ ਦੀਆਂ ਕਿਸਤਾਂ ਜਾਰੀ ਕਰਨ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਹਿੱਤ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮਾਂ ਨਾਲ ਧੋਖਾ ਕਰਨ ਦੀ ਨੀਤੀ ਖਿਲਾਫ ਤਹਿਤ ਸਥਾਨਕ ਡੀਸੀ ਕੰਪਲੈਕਸ ਸਾਹਮਣੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਹਰਭਗਵਾਨ ਕੰਬੋਜ, ਪਰਮਵੀਰ ਮੋਂਗਾ, ਵੀਰਪਾਲ ਕੋਰ, ਭੁਪਿੰਦਰ ਕੋਰ , ਵਿਲਸਨ, ਰਾਜ ਕੁਮਾਰ, ਪ੍ਰੇਮ ਕੁਮਾਰ, ਰਾਜ ਕੁਮਾਰ ਵਾਟਰ ਸਪਲਾਈ ਵਿਭਾਗ , ਲਖਵਿੰਦਰ ਸਿੰਘ, ਰੌਬਿਨ, ਨਰਿੰਦਰ ਸ਼ਰਮਾ, ਪਰਵੀਨ ਕੁਮਾਰ ਜਨਰਲ ਸਕੱਤਰ, ਰਮਨ ਦੀਪ ਸਿੰਘ, ਕੁਲਵੰਤ ਸਿੰਘ, ਰਵੀ, ਗੁਰਦੀਪ ਸਿੰਘ, ਗੁਰਦਿੱਤ ਸਿੰਘ, ਪਰਦੀਪ ਵਿਨਾਇਕ, ਡਮਰ ਬਹਾਦਰ, ਅਸ਼ਵਨੀ ਕੁਮਾਰ ਸਮੇਤ ਵੱਖ-ਵੱਖ ਸਾਂਝਾ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਲਗਾਤਾਰ ਜੋਰਦਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਅੱਜ ਜਿਲ੍ਹਾ ਫਿਰੋਜ਼ਪੁਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਡੀਸੀ ਦਫ਼ਤਰ ਦੇ ਸਾਹਮਣੇ ਰੋਸ ਭਰਪੂਰ ਰੈਲੀ ਕੀਤੀ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ।
ਉਨ੍ਹਾਂ ਦੋਸ਼ ਲਾਏ ਕਿ ਮੌਜੂਦਾ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜਮਾਂ ਨਾਲ ਵਾਅਦੇ ਕੀਤੇ ਸਨ ਕਿ ਹਰ ਤਰ੍ਹਾਂ ਦੇ ਕੱਚੇ ਅਤੇ ਠੇਕੇ ‘ਤੇ ਭਰਤੀ ਮੁਲਾਜ਼ਮਾਂ ਨੂੰ ਰੈਗੂਲਰ ਸਕੇਲ ਦੇ ਕੇ ਪੱਕਾ ਕੀਤਾ ਜਾਵੇਗਾ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ, ਖਾਲੀ ਪੋਸਟਾਂ ਭਰੀਆਂ ਜਾਣਗੀਆਂ, ਡੀ.ਏ.ਦੀਆਂ ਕਿਸ਼ਤਾਂ ਦਾ ਬਕਾਇਆ ਅਦਾ ਕੀਤਾ ਜਾਵੇਗਾ, ਪੇ ਕਮਿਸ਼ਨ ਦੀ ਰੀਪੋਰਟ ਲਾਗੂ ਕੀਤੀ ਜਾਵੇਗੀ, ਪਰ ਸਰਕਾਰ ਨੇ ਅੱਜ ਤੱਕ ਕੋਈ ਵੀ ਮੰਗ ਲਾਗੂ ਨਾ ਕਰਕੇ ਮੁਲਾਜ਼ਮਾਂ ਨਾਲ ਵੱਡੀ ਵਾਅਦਾ ਖਿਲਾਫ਼ੀ ਕੀਤੀ ਹੈl ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ 16 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਸਾਹਮਣੇ ਮੋਰਿੰਡਾ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ ।