ਪਿੰਡ ਖਟਾਣਾ (ਨੂਰਪੁਰ ਬੇਦੀ) ਵਿਖੇ ਕੀਤਾ ਗਿਆ ਉਨਾਂ ਦਾ ਅੰਤਿਮ ਸੰਸਕਾਰ
ਰੂਪਨਗਰ/ਨੂਰਪੁਰ ਬੇਦੀ, 24 ਨਵੰਬਰ 2021
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਮਾਤਾ ਸ਼੍ਰੀਮਤੀ ਰਾਜ ਰਾਣੀ (84) ਦਾ ਅੱਜ ਸਵੇਰੇ ਸੰਖੇਪ ਬੀਮਾਰੀ ਪਿਛੋਂ ਦੇਹਾਂਤ ਹੋ ਗਿਆ।ਉਹ ਆਪਣੇ ਪਿਛੇ ਸਪੁੱਤਰ ਰਾਣਾ ਕੇ.ਪੀ.ਸਿੰਘ ਸਮੇਤ ਤਿੰਨ ਧੀਆਂ ਛੱਡ ਗਏ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਰੂਪਨਗਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ਼ ਸਨ।
ਹੋਰ ਪੜ੍ਹੋ :-ਬਿਊਟੀ ਪਾਰਲਰ ਮੈਨੇਜਮੈਂਟ ਕੋਰਸ ਦੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ
ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਗ੍ਰਹਿ ਪਿੰਡ ਖਟਾਣਾ (ਨੂਰਪੁਰ ਬੇਦੀ) ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮਾਤਾ ਰਾਜ ਰਾਣੀ ਨੂੰ ਅੰਤਿਮ ਸੰਸਕਾਰ ਉਨਾਂ ਦੇ ਗ੍ਰਹਿ ਪਿੰਡ ਖਟਾਣਾ (ਨੂਰਪੁਰ ਬੇਦੀ) ਵਿਖੇ ਕਰ ਦਿੱਤਾ ਗਿਆ। ਸਵ. ਰਾਜ ਰਾਣੀ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦਿਖਾਈ। ਇਸ ਮੌਕੇ ਤੇ ਪਰਿਵਾਰ ਦੇ ਸਕੇ ਸਬੰਧੀ, ਸਨੇਹੀ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਮਾਤਾ ਸਵ. ਸ਼੍ਰੀਮਤੀ ਰਾਜ ਰਾਣੀ ਬਹੁਤ ਹੀ ਨਿਮਰ ਤੇ ਠੰਡੇ ਅਤੇ ਸਾਦਗੀ ਵਾਲੇ ਸੁਭਾਅ ਦੇ ਮਾਲਕ ਸਨ। ਸਵਰਗੀ ਮਾਤਾ ਰਾਜ ਰਾਣੀ ਭਾਰਤ ਦੀ ਅਜ਼ਾਦੀ ਦੀ ਲੜਾਈ ਲਈ ਬਹਾਦਰੀ ਨਾਲ ਲੜਨ ਵਾਲੇ ਸਵਰਗੀ ਸਰਦਾਰ ਹਰਸਾ ਸਿੰਘ ਦੇ ਮਹਿਲਾਂ ਵਾਲੇ ਸਾਂਝੇ ਰਿਆਸਤੀ ਪਰਿਵਾਰ ਦੇ ਸਵ. ਰਾਣਾ ਰਘਵੀਰ ਸਿੰਘ ਦੇ ਨਾਲ ਵਿਆਹੇ ਹੋਏ ਸਨ।
ਮਾਤਾ ਰਾਜ ਰਾਣੀ ਇਸ ਸਮੇਂ ਪਿੰਡ ਖਟਾਣਾ ਦੇ ਸਰਪੰਚ ਵਜੋਂ ਸੇਵਾ ਨਿਭਾ ਰਹੇ ਸਨ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਉਨਾਂ ਦੀ ਦਿੱਤੀ ਸਮਾਜ ਸੇਵਾ ਦੀ ਗੁੜਤੀ ਪ੍ਰੇਰਨਾ ਅਤੇ ਅਸ਼ੀਰਵਾਦ ਸਦਕਾ ਰਾਜਨੀਤਿਕ ਖੇਤਰ ਵਿੱਚ ਉਨ੍ਹਾਂ ਦੇ ਸਪੁੱਤਰ ਰਾਣਾ ਕੇ.ਪੀ.ਸਿੰਘ ਨੇ ਵੱਡਾ ਨਾਮਣਾ ਖੱਟਿਆ ਹੈ ਅਤੇ ਮੌਜੂਦਾ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਦੂਰ ਅੰਦੇਸੀ ਵਾਲੇ ਦਰਵੇਸ਼, ਕੱਦਵਾਰ ਬੇਦਾਗ ਸਿਆਸਤਦਾਨ ਰਾਣਾ ਕੇ.ਪੀ.ਸਿੰਘ ਇਸ ਤੋਂ ਪਹਿਲਾਂ ਸੰਸਦੀ ਸਕੱਤਰ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਚੁਕੇ ਹਨ। ਸਵ. ਸ਼੍ਰੀਮਤੀ ਰਾਜ ਰਾਣੀ ਜੀ ਨਮਿੱਤ ਅੰਤਿਮ ਅਰਦਾਸ ਮਿਤੀ 5 ਦਸੰਬਰ ਦਿਨ ਐਤਵਾਰ ਨੂੰ ਸਮਾਂ 12.00 ਵਜਂੋ ਦੁਪਹਿਰ ਤੋਂ 1.00 ਵਜੇ ਤੱਕ ਉਨ੍ਹਾ ਦੇ ਰੂਪਨਗਰ ਨਿਵਾਸ ਸਥਾਨ ਤੇ ਹੋਵੇਗੀ।
ਪਰਿਵਾਰ ਦੁਆਰਾ ਸਵ. ਸ਼੍ਰੀਮਤੀ ਰਾਜ ਰਾਣੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਪੁੱਤਰ ਰਾਣਾ ਵਿਸ਼ਵਪਾਲ ਸਿੰਘ ਦੇ ਵਿਆਹ ਸਬੰਧੀ ਮਿਤੀ 25 ਨਵੰਬਰ ਨੂੰ ਚੰਡੀਗੜ੍ਹ ਵਿਖੇ ਅਤੇ ਮਿਤੀ 27 ਨਵੰਬਰ ਨੂੰ ਰੂਪਨਗਰ ਵਿਖੇ ਹੋਣ ਵਾਲੇ ਸਾਰੇ ਸਮਾਗਮ ਰੱਦ ਕਰ ਦਿੱਤੇ ਗਏੇ ਹਨ।
ਫੋਟੋ ਕੈਪਸਨ: ਸਵ:ਰਾਜ ਰਾਣੀ ਸਰਪੰਚ ਪਿੰਡ ਖਟਾਣਾ ਦੀ ਚਿਤਾ ਨੂੰ ਅਗਨੀ ਭੇਟ ਕਰਦੇ ਹੋਏ ਉਨ੍ਹਾਂ ਦੇ ਸਪੁੱਤਰ ਰਾਣਾ ਕੇ.ਪੀ.ਸਿੰਘ ਸਪੀਕਰ, ਪੰਜਾਬ ਵਿਧਾਨ ਸਭਾ।
ਫਾਇਲ ਫੋਟੋ: ਸਵ. ਸ਼੍ਰੀਮਤੀ ਰਾਜ ਰਾਣੀ।