ਪੰਜਾਬ ਨੂੰ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਇੱਕ ਇਮਾਨਦਾਰ ਸਰਕਾਰ ਦੀ ਹੈ, ਭਗਵੰਤ ਮਾਨ ਹੈ ਕੱਟੜ ਇਮਾਨਦਾਰ, ਅੱਠ ਸਾਲਾਂ ਤੋਂ ਸੰਸਦ ਮੈਂਬਰ ਹੋਣ ਦੇ ਬਾਵਜੂਦ ਕਿਰਾਏ ਦੇ ਘਰ ‘ਚ ਰਹਿੰਦਾ: ਅਰਵਿੰਦ ਕੇਜਰੀਵਾਲ
ਪਹਿਲਾਂ ਪੰਜਾਬ ਦੇ ਲੋਕਾਂ ਕੋਲ ਵਿਕਲਪ ਨਹੀਂ ਸੀ, ਇਸ ਵਾਰ ਭਗਵੰਤ ਮਾਨ ਦੇ ਰੂਪ ਵਿੱਚ ਉਨ੍ਹਾਂ ਨੂੰ ਇਮਾਨਦਾਰ ਵਿਕਲਪ ਮਿਲ ਗਿਆ: ਅਰਵਿੰਦ ਕੇਜਰੀਵਾਲ
ਬਾਬਾ ਸਾਹਿਬ ਦਾ ਸੁਫਨਾ ਸੀ ਕਿ ਦੇਸ਼ ਦੇ ਹਰ ਬੱਚੇ ਨੂੰ ਚੰਗੀ ਸਿੱਖਿਆ ਮਿਲੇ, ਅਸੀਂ ਉਨ੍ਹਾਂ ਦੇ ਅਧੂਰੇ ਸੁਫਨਿਆਂ ਨੂੰ ਪੂਰਾ ਕਰਨ ਦੀ ਕਸਮ ਖਾਧੀ: ਅਰਵਿੰਦ ਕੇਜਰੀਵਾਲ
‘ਆਪ’ ਸਰਕਾਰ ਵਿੱਚ ਮੰਡੀਆਂ ‘ਚ ਅਨਾਜ ਪਹੁੰਚਣ ‘ਤੇ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ, 24 ਘੰਟਿਆਂ ਦੇ ਅੰਦਰ ਕਿਸਾਨਾਂ ਨੂੰ ਫ਼ਸਲਾਂ ਦਾ ਹੋਵੇਗਾ ਪੂਰਾ ਭੁਗਤਾਨ: ਭਗਵੰਤ ਮਾਨ
ਫਿਲੌਰ/ਆਦਮਪੁਰ (ਜਲੰਧਰ) , 28 ਜਨਵਰੀ 2022
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ”ਅੱਜ ਪੰਜਾਬ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਇਮਾਨਦਾਰ ਸਰਕਾਰ ਦੀ ਹੈ। ਇਮਾਨਦਾਰ ਸਰਕਾਰ ਹੀ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਖ਼ਤਮ ਕਰ ਸਕਦੀ ਹੈ ਅਤੇ ਸੂਬੇ ਨੂੰ ਅੱਗੇ ਲੈ ਕੇ ਜਾ ਸਕਦੀ ਹੈ। ਇਸ ਲਈ ਅਸੀਂ ਪੰਜਾਬ ਨੂੰ ਇੱਕ ਕੱਟੜ ਇਮਾਨਦਾਰ ਮੁੱਖ ਮੰਤਰੀ ਉਮੀਦਵਾਰ ਦਿੱਤਾ ਹੈ। ਅਸੀਂ ਚੁਣ- ਚੁਣ ਕੇ ਇਮਾਨਦਾਰ ਅਤੇ ਯੋਗ ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ। ਭਗਵੰਤ ਮਾਨ ਇੱਕ ਕੱਟੜ ਇਮਾਨਦਾਰ ਆਗੂ ਹੈ। ਅੱਠ ਸਾਲ ਸੰਸਦ ਮੈਂਬਰ ਰਹਿਣ ਦੇ ਬਾਵਜੂਦ ਕਿਰਾਏ ਦੇ ਘਰ ਵਿੱਚ ਰਹਿੰਦਾ ਹੈ। ਪੰਜਾਬ ਨੂੰ ਭਗਵੰਤ ਮਾਨ ਜਿਹਾ ਹੀ ਇਮਾਨਦਾਰ ਮੁੱਖ ਮੰਤਰੀ ਚਾਹੀਦਾ।”
ਹੋਰ ਪੜ੍ਹੋ :-ਖੁਫੀਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਖਿਲਾਫ ਕਾਰਵਾਈ ਕਰੇ ਚੋਣ ਕਮਿਸ਼ਨ ਤਾਂ ਜੋ ਪੰਜਾਬ ਵਿਚ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਈਆਂ ਜਾ ਸਕਣ : ਅਕਾਲੀ ਦਲ
ਸ਼ੁੱਕਰਵਾਰ ਨੂੰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਵਿੱਚ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਪਾਰਟੀ ਵੱਲੋਂ ਫਿਲੌਰ ਅਤੇ ਆਦਮਪੁਰ (ਜਲੰਧਰ) ਪ੍ਰੋਗਰਾਮ ‘ਲੋਕਾਂ ਨਾਲ ਵਿਚਾਰ ਵਟਾਂਦਰਾ’ ਵਿੱਚ ਸ਼ਾਮਲ ਹੋਏ। ਉਨ੍ਹਾਂ ਫਿਲੌਰ ਅਤੇ ਆਦਮਪੁਰ ਦੇ ਲੋਕਾਂ ਦੀ ਸਮੱਸਿਆਵਾਂ ਸੁਣੀਆਂ ਅਤੇ ਇਨ੍ਹਾਂ ਦੇ ਹੱਲ ਲਈ ਸੁਝਾਅ ਵੀ ਸਾਂਝੇ ਕੀਤੇ। ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ, ”ਇਸ ਵਾਰ ਜਦ ‘ਆਪ’ ਨੂੰ ਵੋਟ ਪਾਉਣ ਗਏ ਤਾਂ ਪਹਿਲਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਸਾਹਮਣੇ ਬੈਠ ਕੇ ਇੱਕ ਵਾਰ ਜ਼ਰੂਰ ਸੋਚਣਾ ਕਿ ਜੇ ਬਾਬਾ ਸਾਹਿਬ ਅੱਜ ਜਿੰਦਾ ਹੁੰਦੇ ਤਾਂ ਉਹ ਰੇਤ ਮਾਫ਼ੀਆ ਅਤੇ ਨਸ਼ਾ ਮਾਫ਼ੀਆ ਚਲਾਉਣ ਵਾਲਿਆਂ ਨੂੰ ਵੋਟ ਪਾਉਂਦੇ। ਕੀ ਉਹ ਬੇਈਮਾਨ ਅਤੇ ਭ੍ਰਿਸ਼ਟ ਆਗੂਆਂ ਨੂੰ ਵੋਟ ਦਿੰਦੇ? ਇਮਾਨਦਾਰ ਅਤੇ ਯੋਗ ਲੋਕਾਂ ਨੂੰ ਆਪਣਾ ਆਗੂ ਚੁਣਨਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।”
ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਅਧੂਰੇ ਸੁਫਨਿਆਂ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ, ”ਮੈਂ ਬਾਬਾ ਸਾਹਿਬ ਦਾ ਬਹੁਤ ਵੱਡਾ ਭਗਤ ਹਾਂ। ਉਨ੍ਹਾਂ ਦੀ ਰੋਜ਼ ਪੂਜਾ ਕਰਦਾ ਹਾਂ। ਬਾਬਾ ਸਾਹਿਬ ਦੀ ਇੱਛਾ ਸੀ ਕਿ ਦੇਸ਼ ਦਾ ਹਰ ਬੱਚਾ ਭਾਵੇਂ ਉਹ ਗ਼ਰੀਬ ਹੋਵੇ ਜਾਂ ਅਮੀਰ ਸਭ ਨੂੰ ਚੰਗੀ ਸਿੱਖਿਆ ਜ਼ਰੂਰ ਮਿਲੇ। ਪਰ 70 ਸਾਲਾਂ ਬਾਅਦ ਵੀ ਉਨ੍ਹਾਂ ਦਾ ਸੁਫਨਾ ਅੱਜ ਤੱਕ ਪੂਰਾ ਨਹੀਂ ਹੋਇਆ। ਅਸੀਂ ਬਾਬਾ ਸਾਹਿਬ ਦੇ ਸੁਫਨਿਆਂ ਨੂੰ ਪੂਰਾ ਕਰਨ ਦੀ ਕਸਮ ਖਾਧੀ ਹੈ। ਦਿੱਲੀ ਵਿੱਚ ਸਾਡੀ ਸਰਕਾਰ ਸਾਰੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਉਨ੍ਹਾਂ ਦੇ ਸੁਫਨੇ ਨੂੰ ਪੂਰਾ ਕਰ ਰਹੀ ਹੈ।”
ਕੇਜਰੀਵਾਲ ਨੇ ਵਿਸ਼ਵ ਪ੍ਰਸਿੱਧ ਵਿਗਿਆਨੀ ਆਇਨਸਟਾਈਨ ਦੇ ਕਥਨ ਦਾ ਜ਼ਿਕਰ ਕਰਦਿਆਂ ਕਿਹਾ, ”ਇੱਕ ਵਾਰ ਆਇਨਸਟਾਈਨ ਨੇ ਮਹਾਤਮਾ ਗਾਂਧੀ ਬਾਰੇ ਕਿਹਾ ਸੀ ਕਿ ਆਉਣ ਵਾਲੀ ਪੀੜੀ ਯਕੀਨ ਨਹੀਂ ਕਰੇਗੀ ਕਿ ਇਸ ਧਰਤੀ ‘ਤੇ ਮਹਾਤਮਾ ਗਾਂਧੀ ਜਿਹਾ ਵਿਅਕਤੀ ਵੀ ਪੈਦਾ ਹੋਇਆ ਸੀ। ਅਸੀਂ ਆਇਨਸਟਾਈਨ ਦੇ ਇਸ ਕਥਨ ਨੂੰ ਆਉਣ ਵਾਲੀਆਂ ਪੀੜੀਆਂ ਲਈ ਬਾਬਾ ਸਾਹਿਬ ਅੰਬੇਡਕਰ ਲਈ ਕਹਿਣਾ ਚਾਹੁੰਦੇ ਹਾਂ। ਇਸ ਲਈ ਅਸੀਂ 26 ਜਨਵਰੀ ਨੂੰ ਦਿੱਲੀ ਵਿੱਚ ਐਲਾਨ ਕੀਤਾ ਕਿ ਹੁਣ ਦਿੱਲੀ ਦੇ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਮੁੱਖ ਮੰਤਰੀ ਦੀ ਥਾਂ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਤਸਵੀਰ ਲੱਗੇਗੀ। ਅਗਲੇ ਕੁੱਝ ਦਿਨਾਂ ਵਿੱਚ ਅਸੀਂ ਭਗਵੰਤ ਮਾਨ ਨਾਲ ਪ੍ਰੈੱਸ ਕਾਨਫ਼ਰੰਸ ਕਰਕੇ ਪੰਜਾਬ ਲਈ ਵੀ ਅਜਿਹਾ ਐਲਾਨ ਕਰਾਂਗੇ।”
ਪੰਜਾਬ ਦੀ ਹੌਟ ਸੀਟ ਅੰਮ੍ਰਿਤਸਰ ਪੂਰਬੀ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਚੋਣ ਲੜਨ ਬਾਰੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਇਸ ਵਾਰ ਲੋਕਾਂ ਨੂੰ ਰੌਂਦਣ ਵਾਲੇ ਵੱਡੇ ਰਾਜਨੀਤਿਕ ਹਾਥੀ ਨੂੰ ਨਹੀਂ, ਆਮ ਆਦਮੀ ਨੂੰ ਚੁਣੇਗੀ। ਪਤਾ ਹੋਵੇ ਕਿ ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹਨ। ਜੀਵਨਜੋਤ ਕੌਰ ਸਾਧਾਰਨ ਪਰਿਵਾਰ ਵਿੱਚੋਂ ਹਨ।
ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਰੇਤ ਮਾਫ਼ੀਆ ਦੇ ਦੋਸ਼ ਹਨ। ਅਕਾਲੀ ਦਲ ਦੇ ਆਗੂਆਂ ‘ਤੇ ਨਸ਼ਾ ਮਾਫ਼ੀਆ ਦੇ ਦੋਸ਼ ਹਨ। ਦੋਵੇਂ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਵਿੱਚ ਮਾਫ਼ੀਆ ਰਾਜ ਚਲਾਇਆ ਅਤੇ ਮਿਲ ਕੇ ਪੰਜਾਬ ਨੂੰ ਲੁੱਟਿਆ। ਪਹਿਲਾਂ ਪੰਜਾਬ ਦੇ ਲੋਕਾਂ ਕੋਲ ਚੰਗਾ ਵਿਕਲਪ ਨਹੀਂ ਸੀ। ਇਸ ਲਈ ਲੋਕ ਅਕਾਲੀ ਦਲ ਤੋਂ ਧੋਖਾ ਖਾ ਕੇ ਕਾਂਗਰਸ ਨੂੰ ਵੋਟ ਦਿੰਦੇ ਸਨ ਅਤੇ ਕਾਂਗਰਸ ਤੋਂ ਧੋਖਾ ਖਾ ਕੇ ਅਕਾਲੀ ਦਲ ਨੂੰ। ਇਸ ਵਾਰ ਭਗਵੰਤ ਮਾਨ ਦੇ ਰੂਪ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਵਿਕਲਪ ਮਿਲ ਗਿਆ ਹੈ। ਇੱਕ ਵਾਰ ਕੇਜਰੀਵਾਲ- ਭਗਵੰਤ ਮਾਨ ਦੀ ਜੋੜੀ ਨੂੰ ਜ਼ਰੂਰ ਮੌਕਾ ਦੇਵੋ। ਪੰਜਾਬ ਨੂੰ ਫਿਰ ਤੋਂ ਪਹਿਲਾ ਜਿਹਾ ਰੰਗਲਾ ਪੰਜਾਬ ਬਣਾਵਾਂਗੇ ਅਤੇ ਲੋਕਾਂ ਦੇ ਜੀਵਨ ਵਿੱਚ ਖ਼ੁਸ਼ਹਾਲੀ ਲਿਆਵਾਂਗੇ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਦੀ ਖੇਤੀ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਬੋਲਦਿਆਂ ਕਿਹਾ ਕਿ ‘ਆਪ’ ਕੋਲ ਕਿਸਾਨਾਂ ਲਈ ਯੋਜਨਾ ਤਿਆਰ ਹੈ। ‘ਆਪ’ ਸਰਕਾਰ ਪੰਜਾਬ ਦੇ ਸਾਰੇ ਤਰਾਂ ਦੇ ਖੇਤੀ ਮਾਫ਼ੀਆ ਨੂੰ ਖ਼ਤਮ ਕਰੇਗੀ। ਕਿਸਾਨਾਂ ਅਤੇ ਆੜ੍ਹਤੀਆਂ ਦੇ ਰਿਸ਼ਤੇ ਨੂੰ ਮਜ਼ਬੂਤ ਬਣਾ ਕੇ ਦੋਵਾਂ ਦੇ ਸ਼ੰਕੇ ਅਤੇ ਸਮੱਸਿਆਵਾਂ ਨੂੰ ਦੂਰ ਕਰੇਗੀ ਅਤੇ ਕਿਸਾਨਾਂ ਨੂੰ ਖੇਤੀ ਵਿੱਚ ਨੁਕਸਾਨ ਨਹੀਂ ਹੋਣ ਦੇਵੇਗੀ। ਮੰਡੀ ਅੰਦਰ ਟਰਾਲੀ ਪਹੁੰਚਣ ‘ਤੇ ਅਨਾਜ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਮੀਂਹ, ਹਨੇਰੀ ਜਾਂ ਕਿਸੇ ਹੋਰ ਕਾਰਨ ਕਰਕੇ ਜੇ ਅਨਾਜ ਨੂੰ ਮੰਡੀ ਵਿੱਚ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਪੈਸੇ ਸਰਕਾਰ ਦੇਵੇਗੀ ਅਤੇ ਮੰਡੀ ਵਿੱਚ ਅਨਾਜ ਪਹੁੰਚਣ ਦੇ 24 ਘੰਟਿਆਂ ਦੇ ਅੰਦਰ ਕਿਸਾਨਾਂ ਨੂੰ ਫ਼ਸਲ ਦਾ ਪੂਰਾ ਭੁਗਤਾਨ ਹੋਵੇਗਾ।