ਪੰਜਾਬੀ ਭਾਸ਼ਾ ‘ਚ ਨਾਮ ਬੋਰਡ ਲਗਾਉਣ ਸਬੰਧੀ ਨਿੱਜੀ ਅਦਾਰਿਆਂ ਅਤੇ ਦੁਕਾਨਦਾਰਾਂ ਨਾਲ ਮੀਟਿੰਗ

S. Sukhpal Singh Assistant Commissioner
ਪੰਜਾਬੀ ਭਾਸ਼ਾ 'ਚ ਨਾਮ ਬੋਰਡ ਲਗਾਉਣ ਸਬੰਧੀ ਨਿੱਜੀ ਅਦਾਰਿਆਂ ਅਤੇ ਦੁਕਾਨਦਾਰਾਂ ਨਾਲ ਮੀਟਿੰਗ
ਬਰਨਾਲਾ,17 ਫਰਵਰੀ 2023 
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਨਾਲ ਨਾਲ ਨਿੱਜੀ ਅਦਾਰਿਆਂ ਅਤੇ ਦੁਕਾਨਾਂ ਦੇ ਨਾਮ ਬੋਰਡ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਲਿਖਣ ਸਬੰਧੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਰਹਿਨੁਮਾਈ ਹੇਠ ਸ. ਸੁਖਪਾਲ ਸਿੰਘ ਸਹਾਇਕ ਕਮਿਸ਼ਨਰ (ਜ) ਵੱਲੋਂ ਸਥਾਨਕ ਨਿੱਜੀ ਅਦਾਰਿਆਂ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਦੁਕਾਨਦਾਰਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਆਈਲੈਟਸ ਕੇਂਦਰਾਂ ਦੇ ਨੁਮਾਇੰਦਿਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਸੁਖਪਾਲ ਸਿੰਘ ਸਹਾਇਕ ਕਮਿਸ਼ਨਰ (ਜ) ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਜ ਦੇ ਸਮੂਹ ਸਰਕਾਰੀ, ਅਰਧ ਸਰਕਾਰੀ ਅਤੇ ਨਿੱਜੀ ਅਦਾਰਿਆਂ ਅਤੇ ਸੰਸਥਾਵਾਂ ਦੇ ਨਾਮ ਬੋਰਡ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਸਭ ਤੋਂ ਉੱਪਰ ਲਿਖਣ ਦਾ ਕਾਰਜ 21 ਫਰਵਰੀ ਤੱਕ ਕੀਤਾ ਜਾਣਾ ਜ਼ਰੂਰੀ ਹੈ।ਉਹਨਾਂ ਕਿਹਾ ਕਿ ਅਦਾਰੇ ਜਾਂ ਦੁਕਾਨ ਦਾ ਮਾਲਕ ਆਪਣੀ ਇੱਛਾ ਅਨੁਸਾਰ ਬੋਰਡ ‘ਤੇ ਨਾਮ ਪੰਜਾਬੀ ਭਾਸ਼ਾ ਤੋਂ ਇਲਾਵਾ ਕਿਸੇ ਵੀ ਹੋਰ ਭਾਸ਼ਾ ਵਿੱਚ ਲਿਖ ਸਕਦਾ ਹੈ ਪਰ ਉਹ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਤੋਂ ਹੇਠਾਂ ਕਰਕੇ ਉਸ ਦੇ ਬਰਬਾਰ ਦੇ ਆਕਾਰ ਜਾਂ ਛੋਟੇ ਆਕਾਰ ਵਿੱਚ ਲਿਖ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰੀ ਹਦਾਇਤਾਂ ਦੀ ਪਾਲਣਾ ਦੇ ਨਾਲ ਨਾਲ ਮਾਤ ਭਾਸ਼ਾ ਹੋਣ ਦੇ ਨਾਤੇ ਵੀ ਪੰਜਾਬੀ ਭਾਸ਼ਾ ਨੂੰ ਉੱਪਰ ਲਿਖ ਕੇ ਸਤਿਕਾਰ ਦੇਣਾ ਸਾਡਾ ਫਰਜ਼ ਹੈ।
ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫਸਰ ਨੇ ਕਿਹਾ ਕਿ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਨਾਮ ਬੋਰਡ ਲਗਾਉਣ ਸਮੇਂ ਭਾਸ਼ਾ ਦੀ ਸ਼ੁੱਧਤਾ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ ਬਾਰੇ ਕੋਈ ਵੀ ਦੁਕਾਨਦਾਰ ਜਾਂ ਅਦਾਰਾ ਮਾਲਕ ਬਿਨਾ ਝਿਜਕ ਜ਼ਿਲ੍ਹਾ ਭਾਸ਼ਾ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ। ਦੁਕਾਨਦਾਰਾਂ ਅਤੇ ਨਿੱਜੀ ਅਦਾਰਿਆਂ ਦੇ ਨੁਮਾਇੰਦਿਆਂ ਨੇ ਸਰਕਾਰ ਵੱਲੋਂ ਨਿਰਧਾਰਤ ਸਮਾ ਸੀਮਾ ਅੰਦਰ ਸਰਕਾਰੀ ਹਦਾਇਤਾਂ ਅਨੁਸਾਰ ਨਾਮ ਬੋਰਡ ਲਗਾਉਣ ਦਾ ਵਿਸ਼ਵਾਸ ਦਿਵਾਇਆ। ਉਹਨਾਂ ਕਿਹਾ ਕਿ ਉਹ ਆਪੋ ਆਪਣੇ ਅਦਾਰਿਆਂ ਦੇ ਨਾਮ ਬੋਰਡ ਸਰਕਾਰੀ ਹਦਾਇਤਾਂ ਅਨੁਸਾਰ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਲਿਖਣ ਦੇ ਨਾਲ ਨਾਲ ਬਾਕੀ ਦੁਕਾਨਦਾਰਾਂ ਅਤੇ ਅਦਾਰਾ ਮਾਲਕਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਗੇ।
ਮੀਟਿੰਗ ਵਿੱਚ ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ਤੋਂ ਇਲਾਵਾ ਅਦਾਰਿਆਂ ਅਤੇ ਦੁਕਾਨਦਾਰਾਂ ਦੇ ਨੁਮਾਇੰਦਿਆਂ ਵਜੋਂ ਨੀਰਜ ਜਿੰਦਲ, ਰਮਨ ਅਰੋੜਾ, ਕੁਲਵਿੰਦਰ ਸਿੰਘ, ਹਨੀਸ਼ ਸਿੰਗਲਾ, ਅੰਕੁਰ ਗੋਇਲ, ਗੌਰਵ ਗੋਇਲ, ਪਰਦੀਪ ਸਿੰਘ ਅਤੇ ਹਰਪਿੰਦਰ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ: ਸ. ਸੁਖਪਾਲ ਸਿੰਘ ਸਹਾਇਕ ਕਮਿਸ਼ਨਰ (ਜ) ਬਰਨਾਲਾ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ।