ਪੰਜਾਬੀ ਸਾਹਿੱਤਕ ਤੇ ਸੱਭਿਆਚਾਰਕ ਸੰਸਥਾਵਾਂ ਰਾਹੀਂ  ਪੰਜਾਬੀਆਂ ਦੇ ਮਨਾਂ ਚੋਂ ਬੇਗਾਨਗੀ ਦੀ ਭਾਵਨਾ ਕੱਢੀਏ- ਗੁਰਮੀਤ ਸਿੰਘ ਖੁੱਡੀਆਂ

_Mr. Gurmeet Singh Khudia
ਪੰਜਾਬੀ ਸਾਹਿੱਤਕ ਤੇ ਸੱਭਿਆਚਾਰਕ ਸੰਸਥਾਵਾਂ ਰਾਹੀਂ  ਪੰਜਾਬੀਆਂ ਦੇ ਮਨਾਂ ਚੋਂ ਬੇਗਾਨਗੀ ਦੀ ਭਾਵਨਾ ਕੱਢੀਏ- ਗੁਰਮੀਤ ਸਿੰਘ ਖੁੱਡੀਆਂ

ਲੁਧਿਆਣਾ 7 ਮਈ 2022

ਲੰਬੀ (ਮੁਕਤਸਰ) ਵਿਧਾਨ ਸਭਾ ਹਲਕੇ ਤੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਉਮੀਦਵਾਰ ਸਃ ਪਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ ਸਃ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਚੋਣਵੇਂ ਪੰਜਾਬੀ ਲੇਖਕਾਂ ਕਲਾਕਾਰਾਂ ਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਸਿਆਸਤਦਾਨਾਂ ਨੇ ਆਪਣੇ ਲੁੱਟ ਤੰਤਰ ਨਾਲ ਪੂਰੇ ਪੰਜਾਬੀਆਂ ਦੇ ਮਨਾਂ ਅੰਦਰ ਬੇਗਾਨਗੀ ਦਾ ਡੂੰਘਾ ਅਹਿਸਾਸ ਭਰ ਦਿੱਤਾ ਹੈ। ਇਹ ਬੇਗਾਨਗੀ ਮਨਾਂ ਵਿੱਚੋਂ ਕੱਢਣ ਲਈ ਜਿੱਥੇ ਸਃ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਪ੍ਰਸ਼ਾਸਨਿਕ ਤੇ ਪ੍ਰਬੰਧਕੀ ਯਤਨ ਕਰੇਗੀ ਓਥੇ ਪੰਜਾਬ ਦੀਆਂ ਸਾਹਿੱਤਕ ਤੇ ਸਭਿਆਚਾਰਕ ਸੰਸਥਾਵਾਂ ਵੀ ਵੱਡਾ ਯੋਗਦਾਨ ਪਾ ਸਕਦੀਆਂ ਹਨ ਤਾਂ ਜੋ ਮਾਨਸਿਕ ਪੱਧਰ ਤੇ ਇਸ ਧਰਤੀ ਨਾਲ ਨੌਜਵਾਨ ਪੀੜ੍ਹੀ ਦਾ ਲਗਾਉ ਵਧੇ।

ਹੋਰ ਪੜ੍ਹੋ :-ਸਾਂਪਲਾ ਵੱਲੋਂ ਤੇਲੰਗਾਨਾ ਸਰਕਾਰ ਨੂੰ ਦਲਿਤ ਪੀੜਤ ਪਰਿਵਾਰ ਨੂੰ ਸਵਾ ਚਾਰ ਲੱਖ, ਮਕਾਨ, ਤਿੰਨ ਏਕੜ ਖੇਤੀ ਵਾਲੀ ਜਮੀਨ ਅਤੇ ਪੈਂਸ਼ਨ ਦਿੱਤੇ ਜਾਣ ਦੇ ਆਦੇਸ਼

ਸਃ ਖੁਡੀਆਂ ਨੇ ਆਖਿਆ ਕਿ ਪੰਜਾਬੀ ਭਵਨ ਅਤੇ ਇਥੇ ਹੁੰਦੀਆਂ ਨਾਟਕ ਪੇਸ਼ਕਾਰੀਆ,ਸਾਹਿੱਤਕ ਤੇ ਪ੍ਰੋਃ ਮੋਹਨ ਸਿੰਘ ਮੇਲੇ ਵਰਗੀਆਂ ਸੱਭਿਆਚਾਰਕ ਸਰਗਰਮੀਆਂ ਦਾ ਮੈਂ ਸਃ ਜਗਦੇਵ ਸਿੰਘ ਜੱਸੋਵਾਲ ਅਤੇ ਪ੍ਰੋਃ.ਗੁਰਭਜਨ ਸਿੰਘ ਗਿੱਲ ਕਾਰਨ ਹਿੱਸਾ ਰਿਹਾ ਹਾਂ। ਅੱਜ ਵੀ ਮੈ ਪ੍ਰੋਃ ਗਿੱਲ ਤੋਂ ਆਸ਼ੀਰਵਾਦ ਲੈਣ ਹੀ ਆਇਆ ਹਾਂ। ਸਃ ਗੁਰਮੀਤ ਸਿੰਘ ਖੁੱਡੀਆਂ ਨੂੰ ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਦੀ ਅਗਵਾਈ ਵਿੱਚ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ , ਤ੍ਰੈਲੋਚਨ ਲੋਚੀ, ਸਕੱਤਰ ਗੁਰਚਰਨ ਕੌਰ ਕੋਚਰ, ਕੇ ਸਾਧੂ ਸਿੰਘ ਤੇ ਕਾਰਜਕਾਰਨੀ ਮੈਂਬਰ ਪਰਮਜੀਤ ਕੌਰ ਮਹਿਕ ਤੇ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਗਿੱਲ ਨੇ ਅਕਾਡਮੀ ਪ੍ਰਕਾਸ਼ਨਾਵਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸਃ ਦਰਸ਼ਨ ਸਿੰਘ ਬੁੱਟਰ, ਪਵਨ ਹਰਚੰਦਪੁਰੀ,ਉਸਤਾਦ ਗ਼ਜ਼ਲਗੋ ਸਃ ਸੁਲੱਖਣ ਸਿੰਘ ਸਰਹੱਦੀ ਤੇ ਗੁਰਦਿਆਲ ਰੌਸ਼ਨ ਨੇ ਵੀ ਸਃ ਖੁੱਡੀਆਂ ਨੂੰ ਪੁਸਤਕਾਂ ਭੇਂਟ ਕੀਤੀਆਂ।

ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਲੋਕ ਵਿਸ਼ਵਾਸ ਮੱਤ ਦੀ ਲਾਜ ਪਾਲਣਾ ਨਵੀਂ ਸਿਆਸਤ ਦੇ  ਆਗੂਆਂ ਦੀ ਜ਼ੁੰਮੇਵਾਰੀ ਹੈ। ਮੈਨੂੰ ਭਗਵੰਤ ਮਾਨ ਤੇ ਉਸ ਦੇ ਗੁਰਮੀਤ ਸਿੰਘ ਖੁੱਡੀਆਂ ਵਰਗੇ ਸਾਥੀਆਂ ਤੇ ਮਾਣ  ਹੈ ਕਿ  ਇਹ ਲੋਕ ਹਿਤੈਸ਼ੀ ਪੈਂਤੜਾ ਕਦੇ ਨਹੀਂ ਤਿਆਗਣਗੇ। ਮੈਨੂੰ ਇਨ੍ਹਾਂ ਦੇ ਬਹੁਤੇ ਸਾਥੀਆਂ ਨਾਲ ਤੀਹ ਸਾਲ ਤੋਂ ਵਧੇਰੇ ਸਮੇਂ ਤੋਂ ਵਿਚਰਨ ਦਾ ਮਾਣ ਹਾਸਲ ਹੈ। ਉਨ੍ਹਾਂ ਕਿਹਾ ਕਿ ਸਾਹਿੱਤਕ ਤੇ ਸੱਭਿਆਚਾਰਕ ਸੰਸਥਾਵਾਂ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਆਤਮ ਵਿਸ਼ਵਾਸ ਵਿਕਾਸ ਲਈ ਯਤਨ ਕਰ ਰਹੀਆਂ ਹਨ ਪਰ ਸਰਕਾਰੀ ਤੰਤਰ ਦੇ ਹਾਂ ਪੱਖੀ ਹੁੰਗਾਰੇ ਬਿਨ ਬਹੁਤ ਕੁਝ ਰੁੜ੍ਹਦਾ ਜਾ ਰਿਹਾ  ਹੈ।

ਇਸ ਮੌਕੇ ਉੱਘੇ ਕਵੀ ਤੇ ਚਿਤਰਕਾਰ ਸਵਰਨਜੀਤ ਸਵੀ, ਪ੍ਰੋਃ ਸੰਧੂ ਵਰਿਆਣਵੀ, ਨਵਜੋਤ ਸਿੰਘ, ਰਵਿੰਦਰ ਰਵੀ. ਮੀਤ ਅਨਮੋਲ,ਡਾਃ ਮੁਹੰਮਦ ਰਂਫ਼ੀ, ਡਾਃ ਰਾਕੇਸ਼ ਸ਼ਰਮਾ, ਸਃ ਨਾਹਰ ਸਿੰਘ ਪ੍ਰਧਾਨ ਪੰਜਾਬੀ ਸਾਹਿੱਤ ਸਭਾ ਮਲੇਰਕੋਟਲਾ,ਤਰਸੇਮ ਨੂਰ, ਪ੍ਰਭਜੋਤ ਸੋਹੀ, ਅਮਰਜੀਤ ਸ਼ੇਰਪੁਰੀ,ਸੁਖਦੇਵ ਸਿੰਘ ਗੰਢਵਾਂ,ਵਿਕਰਮਜੀਤ, ਹਰਦੀਪ ਬਿਰਦੀ, ਅਮਰਜੀਤ ਕੌਰ ਅਮਰ,ਸੱਜਣ ਸਿੰਘ ਹੰਸਰਾ,ਕਮਲਪ੍ਰੀਤ ਕੌਰ ਸੰਘੇੜਾ, ਮਲਕੀਤ ਸੈਣੀ,ਕਮਲਦੀਪ ਜਲੂਰ, ਗੁਰਜੀਤ ਕੌਰ, ਅਜਨਾਲਾ, ਗੁਲਜ਼ਾਰ ਸਿੰਘ ਸ਼ੌਂਕੀ, ਸੁਰਿੰਦਰਜੀਤ ਚੌਹਾਨ ਨਾਭਾ, ਸਵਰਨ ਕਵਿਤਾ, ਪਰਮਿੰਦਰ ਅਲਬੇਲਾ, ਨਵਜੋਤ ਕੌਰ ਭੁੱਲਰ, ਸੁਰਿੰਦਰ ਕੌਰ ਬਾੜਾ, ਕੁਲਵਿੰਦਰ ਕੌਰ ਕਿਰਨ ਤੇ ਸੁਖਰਾਜ ਮੰਡੀ ਕਲਾਂ ਹਾਜ਼ਰ ਸਨ।

Spread the love