ਲਾਹੌਰ 20 ਮਾਰਚ 2022
ਵਿਸ਼ਵ ਪੰਜਾਬੀ ਅਮਨ ਕਾਨਫਰੰਸ ਵਿੱਚ ਸ਼ਾਮਿਲ ਡੈਲੀਗੇਟਸ ਗੁਰਭੇਜ ਸਿੰਘ ਗੋਰਾਇਆ, ਸਹਿਜਪ੍ਰੀਤ ਸਿੰਘ ਮਾਂਗਟ,ਸੁਸ਼ੀਲ ਦੋਸਾਂਝ, ਹਰਵਿੰਦਰ ਚੰਡੀਗੜ੍ਹ, ਆਸਿਫ਼ ਰਜ਼ਾ ਤੇ ਗੁਰਭਜਨ ਗਿੱਲ ਦੀ ਹਾਜ਼ਰੀ ਵਿੱਚ ਪਾਕਿਸਤਾਨ ਦੇ ਦੋ ਪ੍ਰਮੁੱਖ ਸ਼ਾਇਰਾਂ ਬਾਬਾ ਨਜਮੀ ਤੇ ਅਫ਼ਜਸ਼ ਸਾਹਿਰ ਨੇ ਪੰਜਾਬੀ ਦੀ ਪ੍ਰਮੁੱਖ ਕਵਿੱਤਰੀ ਮਨਜੀਤ ਇੰਦਰਾ ਦੀ ਕਾਵਿ ਪੁਸਤਕ ਸਲੀਬਾਂ ਲੋਕ ਅਰਪਨ ਕੀਤੀ।
ਹੋਰ ਪੜ੍ਹੋ :-ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਵੱਲੋਂ ਉੱਘੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ
ਇਸ ਮੌਕੇ ਬੋਲਦਿਆਂ ਬਾਬਾ ਨਜਮੀ ਨੇ ਕਿਹਾ ਹੈ ਮਨਜੀਤ ਇੰਦਰਾ ਮੇਰੀ ਨਿੱਕੀ ਭੈਣ ਹੈ ਜਿਸ ਦੇ ਕਲਾਮ ਵਿੱਚੋਂ ਸਾਂਝੇ ਪੰਜਾਬ ਦਾ ਖ਼ਮੀਰ ਬੋਲਦਾ ਹੈ। ਉਹ ਸ਼ਬਦ ਨੂੰ ਸੁਰ ਗਿਆਨ ਸਹਾਰੇ ਹੋਰ ਚੰਗਾ ਅਸਰਦਾਰ ਬਣਾਉਣ ਦੀ ਤਾਕਤ ਰੱਖਦੀ ਹੈ। ਇਹੋ ਜਹੀਆਂ ਕਿਤਾਬਾਂ ਲਿਪੀਅੰਤਰ ਹੋ ਕੇ ਪਾਕਿਸਤਾਨ ਚ ਵੀ ਛਪਣੀਆਂ ਚਾਹੀਦੀਆਂ ਹਨ।
ਪਾਕਿਸਤਾਨੀ ਸ਼ਾਇਰ ਤੇ ਚਿਤਰਕਾਰ ਆਸਿਫ਼ ਰਜ਼ਾ ਨੇ ਕਿਹਾ ਕਿ ਮਨਜੀਤ ਇੰਦਰਾ ਦੀ ਪ੍ਰੋਃ ਮੋਹਨ ਸਿੰਘ ਬਾਰੇ ਕਿਤਾਬ ਤਾਰਿਆਂ ਦਾ ਛੱਜ ਸ਼ਾਹਮੁਖੀ ਵਿੱਚ ਉਨ੍ਹਾਂ ਲਿਪੀਅੰਤਰ ਕਰਕੇ ਪ੍ਰਕਾਸ਼ਿਤ ਕੀਤੀ ਹੈ ਅਤੇ ਗੁਰੂ ਬਾਬਾ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਦੇ ਵਾਈਸ ਚਾਂਸਲਰ ਤੋਂ ਇਲਾਵਾ ਮੁਦੱਸਰ ਇਕਬਾਲ ਬੱਟ, ਇਲਿਆਸ ਘੁੰਮਣ, ਗੁਰਭਜਨ ਗਿੱਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਵੱਲੋਂ ਰਿਲੀਜ਼ ਕੀਤੀ ਗਈ ਹੈ
ਪਾਕਿਸਤਾਨ ਦੇ ਨੈਜਵਾਨ ਸ਼ਾਇਰ ਅਫ਼ਜ਼ਲ ਸਾਹਿਰ ਨੇ ਕਿਹਾ ਕਿ ਮਨਜੀਤ ਇੰਦਰਾ ਮੈਨੂੰ ਪੁੱਤਰ ਮੰਨਦੀ ਹੈ, ਏਸ ਸਾਕੋਂ ਇਹ ਮੇਰੀ ਮਾਂ ਦੀ ਕਿਤਾਬ ਹੈ ਜਿਸ ਨੂੰ ਉਸਦੀ ਗ਼ੈਰਹਾਜ਼ਰੀ ਚ ਲੋਕ ਹਵਾਲੇ ਕਰਨ ਦਾ ਅਧਿਕਾਰ ਰੱਖਦਾ ਹਾਂ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਨੇ ਕਿਹਾ ਕਿ ਮੈਂ 1974 ਤੋਂ ਮਨਜੀਤ ਇੰਦਰਾ ਦਾ ਨਿਰੰਤਰ ਪਾਠਕ ਹਾਂ। ਅੰਤਹਕਰਣ ਤੋਂ ਲੈ ਕੇ ਸਲੀਬਾਂ ਤੀਕ ਉਸ ਦਾ ਕਾਵਿ ਸਫ਼ਰ ਪੰਜਾਹ ਸਾਲਾਂ ਚ ਫ਼ੈਲਿਆ ਹੋਇਆ ਹੈ।
ਸਭ ਲੇਖਕ ਦੋਸਤਾਂ ਨੇ ਸਲੀਬਾਂ ਦੇ ਲੋਕ ਅਰਪਨ ਦੀਆਂ ਮਨਜੀਤ ਇੰਦਰਾ ਨੂੰ ਮੁਬਾਰਕਾਂ ਦਿੱਤੀਆਂ।