ਡੀ. ਐੱਮ. ਪੰਜਾਬੀ ਫ਼ਿਰੋਜ਼ਪੁਰ, ਸੰਗਰੂਰ ਅਤੇ ਲੁਧਿਆਣਾ ਵੱਲੋਂ ‘ਪੰਜਾਬੀ ਸੱਥ’ ਦਾ ਕੀਤਾ ਦੌਰਾ

D. M. Punjabi Ferozepur
 ਡੀ. ਐੱਮ. ਪੰਜਾਬੀ ਫ਼ਿਰੋਜ਼ਪੁਰ, ਸੰਗਰੂਰ ਅਤੇ ਲੁਧਿਆਣਾ ਵੱਲੋਂ 'ਪੰਜਾਬੀ ਸੱਥ' ਦਾ ਕੀਤਾ ਦੌਰਾ
ਸਮਾਜਿਕ ਸਾਂਝ ਦਾ ਪ੍ਰਤੀਕ ਹੈ ਪੰਜਾਬੀ ਸੱਥ – ਪ੍ਰਿੰ. ਰਾਜਵਿੰਦਰ ਕੌਰ
ਪੰਜਾਬੀ ਸੱਥ ਲਈ ਕੀਤੀ ਮਿਹਨਤ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ – ਡੀ. ਐੱਮਜ਼ ਪੰਜਾਬੀ
ਦੀਨਾਨਗਰ/ਗੁਰਦਾਸਪੁਰ, 14 ਮਈ 2022
ਅੱਜ ਡੀ. ਐੱਮ. ਪੰਜਾਬੀ ਫ਼ਿਰੋਜ਼ਪੁਰ ਮੈਡਮ ਸਰਬਜੀਤ ਕੌਰ, ਡੀ. ਐੱਮ. ਪੰਜਾਬੀ ਸੰਗਰੂਰ ਮੈਡਮ ਸ਼ਸ਼ੀ ਬਾਲਾ ਅਤੇ ਡੀ. ਐੱਮ. ਪੰਜਾਬੀ ਲੁਧਿਆਣਾ ਮੈਡਮ ਸੁਪਰਜੀਤ ਕੌਰ ਵੱਲੋਂ ਉਚੇਚੇ ਤੌਰ ‘ਤੇ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਤਿਆਰ ਕੀਤੀ ਗਈ ਪੰਜਾਬੀ ਸੱਥ ਦਾ ਦੌਰਾ ਕੀਤਾ ਗਿਆI ਇੱਥੇ ਪਹੁੰਚਣ ‘ਤੇ ਸਕੂਲ ਪ੍ਰਿੰਸੀਪਲ ਰਾਜਵਿੰਦਰ ਕੌਰ, ਡੀ. ਐੱਮ. ਪੰਜਾਬੀ ਗੁਰਦਾਸਪੁਰ ਸੁਰਿੰਦਰ ਮੋਹਨ, ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੇ ਮੈਡਮ ਸ਼ੈਲਜਾ ਕੁਮਾਰੀ, ਮੈਡਮ ਕਮਲਾ ਦੇਵੀ, ਜ਼ੈਲ ਸਿੰਘ ਅਤੇ ਮੀਡੀਆ ਕੋਆਰਡੀਨੇਟਰ ਪਠਾਨਕੋਟ ਬਲਕਾਰ ਅੱਤਰੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆI
ਇਸ ਸਮੇਂ ਪੰਜਾਬੀ ਸੱਥ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੈਡਮ ਸਰਬਜੀਤ ਕੌਰ ਨੇ ਕਿਹਾ ਕਿ ਪੰਜਾਬੀ ਸੱਥ ਸਮੂਹ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਹੈ ਅਤੇ ਅਜਿਹੀਆਂ ਸੱਥਾਂ ਦਾ ਸਰਕਾਰੀ ਸਕੂਲਾਂ ਵਿੱਚ ਹੋਣਾ ਪੰਜਾਬੀ ਵਿਰਸੇ ਲਈ ਸ਼ੁੱਭ ਸੰਕੇਤ ਹੈI ਮੈਡਮ ਸ਼ਸ਼ੀ ਬਾਲਾ ਨੇ ਕਿਹਾ ਕਿ ਇਸ ਸੱਥ ਨੂੰ ਬਣਾਉਣ ਅਤੇ ਸਾਂਭਣ ਦਾ ਉਪਰਾਲਾ ਬਹੁਤ ਹੀ ਨੇਕ ਅਤੇ ਸੁਹਿਰਦ ਯਤਨ ਹੈ ਅਤੇ ਅਜਿਹੇ ਸਮੇਂ ਅਜਿਹੀਆਂ ਸੱਥਾਂ ਵਰਦਾਨ ਸਾਬਿਤ ਹੁੰਦੀਆਂ ਹਨ ਜਦੋਂ ਵਿਦਿਆਰਥੀ ਆਪਣੇ ਅਮੀਰ ਪੁਰਾਤਨ ਵਿਰਸੇ ਨਾਲ਼ੋਂ ਟੁੱਟ ਕੇ ਪੁਰਾਣੇ ਸ਼ਬਦਾਂ ਅਤੇ ਪੁਰਾਤਨ ਵਸਤਾਂ ਨੂੰ ਭੁੱਲ ਰਹੇ ਹਨI ਮੈਡਮ ਸੁਪਰਜੀਤ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਰਾਜਵਿੰਦਰ ਕੌਰ, ਡੀ. ਐੱਮ. ਪੰਜਾਬੀ ਸੁਰਿੰਦਰ ਮੋਹਨ ਅਤੇ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਇਸ ਨਿਵੇਕਲੇ ਉਪਰਾਲੇ ਲਈ ਵਧਾਈ ਦੀ ਪਾਤਰ ਹੈI ਇਸ ਸਮੇਂ ਪ੍ਰਿੰਸੀਪਲ ਰਾਜਵਿੰਦਰ ਕੌਰ, ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੇ ਮੈਡਮ ਸ਼ੈਲਜਾ ਕੁਮਾਰੀ, ਮੈਡਮ ਕਮਲਾ ਦੇਵੀ, ਜ਼ੈਲ ਸਿੰਘ ਅਤੇ ਡੀ. ਐੱਮ. ਪੰਜਾਬੀ ਗੁਰਦਾਸਪੁਰ ਸੁਰਿੰਦਰ ਮੋਹਨ ਵੱਲੋਂ ਡੀ. ਐੱਮ. ਪੰਜਾਬੀ ਫ਼ਿਰੋਜ਼ਪੁਰ ਮੈਡਮ ਸਰਬਜੀਤ ਕੌਰ, ਡੀ. ਐੱਮ. ਪੰਜਾਬੀ ਸੰਗਰੂਰ ਮੈਡਮ ਸ਼ਸ਼ੀ ਬਾਲਾ ਅਤੇ ਡੀ. ਐੱਮ. ਪੰਜਾਬੀ ਲੁਧਿਆਣਾ ਮੈਡਮ ਸੁਪਰਜੀਤ ਕੌਰ ਅਤੇ ਡੀਐੱਮ ਪੰਜਾਬੀ ਪਠਾਨਕੋਟ ਵਿਨੋਦ ਕੁਮਾਰ ਨੂੰ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਅਤੇ ਪੰਜਾਬੀ ਸੱਥ ਦੀਨਾਨਗਰ ਵੱਲੋਂ ਯਾਦਗਾਰੀ-ਚਿੰਨ੍ਹ ਭੇਟ ਕੀਤੇ ਗਏI ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਵੱਲੋਂ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੇ ਮੈਂਬਰ ਜ਼ੈਲ ਸਿੰਘ ਵੱਲੋਂ ਪੰਜਾਬੀ ਸੱਥ ਲਈ ਭੇਟ ਕੀਤੀਆਂ ਲਾਲਟੈਨਾਂ ਲਈ ਧੰਨਵਾਦ ਕਰਦਿਆਂ ਯਾਦਗਾਰੀ-ਚਿੰਨ੍ਹ ਭੇਟ ਕੀਤਾI ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਡੀ. ਐੱਮਜ਼ ਸਾਹਿਬਾਨਾਂ ਵੱਲੋਂ ਪੰਜਾਬੀ ਸੱਥ ਨੂੰ ਭੇਟ ਕੀਤੇ ਸਮਾਨ ਲਈ ਵੀ ਤਹਿ ਦਿਲੋਂ ਧੰਨਵਾਦ ਕੀਤਾI ਇਸ ਸਮੇਂ ਪ੍ਰਿੰਸੀਪਲ ਰਾਜਵਿੰਦਰ ਕੌਰ ਅਤੇ ਡੀ. ਐੱਮ. ਪੰਜਾਬੀ ਗੁਰਦਾਸਪੁਰ ਸੁਰਿੰਦਰ ਮੋਹਨ ਨੇ ਡੀ. ਐੱਮ. ਪੰਜਾਬੀ ਸਾਹਿਬਾਨਾਂ ਦਾ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੀਮਤੀ ਸਮਾਂ ਕੱਢ ਕੇ ਪੰਜਾਬੀ ਸੱਥ ਦੀਨਾਨਗਰ ਆਉਣ ਲਈ ਅਤੇ ਆਪਣੇ ਕੀਮਤੀ ਸੁਝਾਅ ਦੇਣ ਲਈ ਧੰਨਵਾਦ ਕੀਤਾI
ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵਿਖੇ ਪੰਜਾਬੀ ਸੱਥ ਦਾ ਦੌਰਾ ਕਰਦੇ ਹੋਏ ਮਹਿਮਾਨ।
Spread the love