ਲੋਕ ਨਿਰਮਾਣ ਮੰਤਰੀ ਨੇ 105.11 ਕਰੋੜ ਦੀ ਲਾਗਤ ਵਾਲੇ ਲੁਧਿਆਣਾ-ਮਲੇਰਕੋਟਲਾ-ਸੰਗਰੂਰ ਸੜਕ ਦੇ ਪੁਨਰ ਨਿਰਮਾਣ ਕਾਰਜ਼ਾਂ ਦਾ ਰੱਖਿਆ ਨੀਂਹ ਪੱਥਰ

Minister Harbhajan Singh ETO
ਲੋਕ ਨਿਰਮਾਣ ਮੰਤਰੀ ਨੇ 105.11 ਕਰੋੜ ਦੀ ਲਾਗਤ ਵਾਲੇ ਲੁਧਿਆਣਾ-ਮਲੇਰਕੋਟਲਾ-ਸੰਗਰੂਰ ਸੜਕ ਦੇ ਪੁਨਰ ਨਿਰਮਾਣ ਕਾਰਜ਼ਾਂ ਦਾ ਰੱਖਿਆ ਨੀਂਹ ਪੱਥਰ

– ਲੁਧਿਆਣੇ ‘ਚ ਪੈਂਦੀ ਸੜਕ ‘ਤੇ 43.85 ਕਰੋੜ ਰੁਪਏ ਕੀਤੇ ਜਾਣਗੇ ਖਰਚ
– ਵਿਸ਼ਵ ਪੱਧਰੀ ਸੜਕੀ ਬੁਨਿਆਦੀ ਢਾਂਚਾ ‘ਆਪ’ ਸਰਕਾਰ ਦੀ ਪ੍ਰਮੁੱਖ ਤਰਜੀਹ – ਹਰਭਜਨ ਸਿੰਘ ਈ.ਟੀ.ਓ

ਲੁਧਿਆਣਾ, 17 ਫਰਵਰੀ 2024

ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਡੇਹਲੋਂ ਵਿਖੇ 43.85 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ-ਮਲੇਰਕੋਟਲਾ-ਸੰਗਰੂਰ ਸੜਕ ਸਮੇਤ ਡੇਹਲੋਂ ਬਾਈਪਾਸ (ਲੁਧਿਆਣਾ ਅਧਿਕਾਰ ਖੇਤਰ ਅਧੀਨ) ਦਾ ਨੀਂਹ ਪੱਥਰ ਰੱਖਿਆ।ਇਸ ਪ੍ਰਾਜੈਕਟ ਦੀ ਕੁੱਲ ਲਾਗਤ 105.11 ਕਰੋੜ ਰੁਪਏ ਹੈ, ਜਿਸ ਵਿੱਚੋਂ 43.85 ਕਰੋੜ ਰੁਪਏ ਲੁਧਿਆਣਾ ਅਤੇ 61.26 ਕਰੋੜ ਰੁਪਏ ਮਲੇਰਕੋਟਲਾ ਵਿੱਚ ਖਰਚੇ ਜਾਣਗੇ ਜਿੱਥੇ ਸੜਕ ਦੀ ਲੰਬਾਈ 48.79 ਕਿਲੋਮੀਟਰ ਹੈ।

ਕੁੱਲ 73 ਕਿਲੋਮੀਟਰ ਦੀ ਲੰਬਾਈ ਵਿੱਚੋਂ, ਇਸ 25 ਕਿਲੋਮੀਟਰ ਲੰਬਾਈ ਦਾ ਕੰਮ ਲੁਧਿਆਣਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਅਗਲੇ 9 ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ। ਸੜਕ ਦੇ ਪੁਨਰ ਨਿਰਮਾਣ ਲਈ ਜਿੰਮੇਵਾਰ ਕੰਪਨੀ ਅਗਲੇ ਪੰਜ ਸਾਲਾਂ ਤੱਕ ਸੜਕ ਦੀ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਏਗੀ।

ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮਾਰਗ ਮਹੱਤਵਪੂਰਨ ਮਾਰਗਾਂ ਵਿੱਚੋਂ ਇੱਕ ਹੈ ਅਤੇ ਮਲੇਰਕੋਟਲਾ, ਸੰਗਰੂਰ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਜਾਣ ਲਈ ਯਾਤਰੀਆਂ ਵੱਲੋਂ ਬਾਈਪਾਸ ਵਜੋਂ ਵਰਤਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਇੱਕ ਅਗਾਂਹਵਧੂ ਸੂਬਾ ਬਣਾਉਣ ਲਈ ਵਚਨਬੱਧ ਹੈ ਕਿਉਂਕਿ ਹਰ ਖੇਤਰ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਸਪੱਸ਼ਟ ਹੁੰਦਾ ਹੈ। ਪੰਜਾਬ ਵਿੱਚ ਮਿਆਰੀ ਸੜਕੀ ਬੁਨਿਆਦੀ ਢਾਂਚੇ ਨੂੰ ਪ੍ਰਮੁੱਖ ਤਰਜੀਹ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸੂਬੇ ਨੂੰ ਵਧੀਆ ਸੜਕੀ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਮੋਹਰੀ ਸੂਬਾ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ ‘ਤੇ ਬਣਿਆ ਟੋਲ ਪਲਾਜ਼ਾ ਸਰਕਾਰ ਵੱਲੋਂ 4 ਸਤੰਬਰ 2022 ਨੂੰ ਬੰਦ ਕਰ ਦਿੱਤਾ ਗਿਆ ਸੀ।

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪਿਛਲੀਆਂ ਸਰਕਾਰਾਂ ਵੱਲੋਂ ਸੜਕ ਦਾ ਪੁਨਰ ਨਿਰਮਾਣ ਨਾ ਕਰਨ ‘ਤੇ ਵਰ੍ਹਦਿਆਂ ਕਿਹਾ ਕਿ ਇਸ ਸੜਕ ਦੀ ਸਾਲ 2016 ਵਿੱਚ ਮੁਰੰਮਤ ਕਰਨੀ ਬਣਦੀ ਸੀ ਪਰ ਲੋਕਾਂ ਦੀ ਚਿਰੋਕਣੀ ਮੰਗ ਨੂੰ ਅੱਖੋਂ ਪਰੋਖੇ ਕੀਤੇ ਗਿਆ ਜਿਸ ਨੂੰ ਹੁਣ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ‘ਤੇ ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆਂ ਵਿੱਚ ਕਈ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੜਕ ਦੇ ਪੁਨਰ ਨਿਰਮਾਣ ਨਾਲ ਯਾਤਰੀਆਂ ਲਈ ਆਵਾਜਾਈ ਸੁਖਾਵੀਂ ਹੋਵੇਗੀ ਅਤੇ ਮੰਦਭਾਗੀਆਂ ਘਟਨਾਵਾਂ ਨੂੰ ਵੀ ਠੱਲ੍ਹ ਪਵੇਗੀ। ਉਨ੍ਹਾਂ ਠੇਕੇਦਾਰੀ ਕੰਪਨੀ ਨੂੰ ਕੰਮ ਦੌਰਾਨ ਮਿਆਰੀ ਸਮੱਗਰੀ ਦੀ ਵਰਤੋਂ ਯਕੀਨੀ ਬਣਾਉਣ ਲਈ ਵੀ ਕਿਹਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਐਸ.ਈ. ਐਚ.ਐਸ. ਢਿੱਲੋਂ, ਕਾਰਜਕਾਰੀ ਇੰਜਨੀਅਰ ਪਰਦੀਪ ਕੁਮਾਰ ਅਤੇ ਹੋਰ ਹਾਜ਼ਰ ਸਨ।

Spread the love