ਕਿਹਾ! ਮਹਾਂਮਾਰੀ ਦੇ ਖਾਤਮੇ ਲਈ ਆਪਣਾ ਬਣਦਾ ਯੋਗਦਾਨ ਪਾਉਣ
ਨੌਜਵਾਨਾਂ ਦੀ ਊਰਜ਼ਾ ਨਾਲ ਲੱਛਣਾਂ, ਜਲਦ ਜਾਂਚ, ਟੀਕਾਕਰਨ ਤੇ ਝੂਠੀਆਂ ਅਫਵਾਹਾ ਤੋਂ ਸੁਚੇਤ ਕਰਕੇ ਮਹਾਂਮਾਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ
ਯੂਥ, ਰੈਡ ਰਿੱਬਨ ਕਲੱਬਾਂ ਅਤੇ ਐਨ.ਐਸ.ਐਸ. ਯੂਨਿਟਾਂ ਨੂੰ ਮਹਾਂਮਾਰੀ ਦੀ ਰੋਕਥਾਮ ਲਈ ਸਹਿਯੋਗ ਦੀ ਅਪੀਲ
ਲੁਧਿਆਣਾ, 27 ਮਈ 2021 ਪੰਜਾਬ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਵਿਧਾਇਕ ਸ੍ਰੀ ਸੁਰਿੰਦਰ ਡਾਵਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੇਂਡੂ ਖੇਤਰਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਕੇ ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਆਪਣੀ ਬੇਅੰਤ ਊਰਜ਼ਾ ਨਾਲ ਲੋਕ ਜਾਗਰੂਕਤਾ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭੀ ਕੋਰੋਨਾ ਮੁਕਤ ਪੰਜਾਬ ਮੁਹਿੰਮ ਤਹਿਤ ਮਿਸ਼ਨ ਫਤਿਹ-2 ਦੇ ਵਰਚੁਅਲ ਪ੍ਰੋਗਰਾਮ ਵਿੱਚ ਹਿੱਸਾ ਲੈਂਦਿਆਂ, ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਸ੍ਰੀ ਸੁਰਿੰਦਰ ਡਾਵਰ ਅਤੇ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਭਾਰਤ ਵਿੱਚ ਸੰਸਾਰ ਭਰ ਵਿੱਚੋਂ ਸਭ ਤੋਂ ਵੱਧ ਨੌਜਵਾਨਾਂ ਦੀ ਆਬਾਦੀ ਹੈ ਅਤੇ ਪੰਜਾਬੀ ਨੌਜਵਾਨ ਸਾਰੇ ਮੁਲਕਾਂ ਵਿੱਚ ਆਪਣੀ ਮਿਹਨਤ ਅਤੇ ਦ੍ਰਿੜ ਸੰਕਲਪ ਲਈ ਜਾਣੇ ਜਾਂਦੇ ਹਨ।
ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਪੰਜਾਬ ਮਾਧਿਅਮ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਟਿੱਕਾ, ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਕੇ.ਕੇ. ਬਾਵਾ, ਬੈਕਫਿਨਕੋ ਦੇ ਉਪ ਚੇਅਰਮੈਨ ਸ੍ਰੀ ਮੁਹੰਮਦ ਗੁਲਾਬ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਹੁਣ ਪੰਜਾਬੀ ਨੌਜਵਾਨਾਂ ਦੇ ਮੋਢਿਆਂ ‘ਤੇ ਵੱੱਡੀ ਜ਼ਿੰਮੇਵਾਰੀ ਹੈ ਕਿ ਉਹ ਪਿੰਡਾਂ ਵਿੱਚ ਕੋਵਿਡ-19 ਵਰਗੀ ਜਾਨਲੇਵਾ ਬਿਮਾਰੀ ਤੋਂ ਬਚਾਅ ਅਤੇ ਵੈਕਸੀਨ ਸਬੰਧੀ ਝੂੱਠੀਆਂ ਅਫਵਾਹਾਂ ਤੋਂ ਲੋਕਾਂ ਨੂੰ ਸੁਚੇਤ ਕਰਨ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਰਪੂਰ ਊਰਜ਼ਾ ਹਰ ਪਿੰਡ ਵਾਸੀ ਨੂੰ ਬੁਖਾਰ, ਜ਼ੁਕਾਮ, ਖੰਘ, ਸਰੀਰ ਵਿਚ ਦਰਦ ਜਾਂ ਸਾਹ ਲੈਣ ਵਿਚ ਮੁਸ਼ਕਲ ਸਮੇਤ ਕੋਵਿਡ-19 ਦੇ ਲੱਛਣਾਂ ਬਾਰੇ ਸੁਚੇਤ ਕਰਦਿਆਂ ਇਸ ਜਾਗਰੂਕਤਾ ਮੁਹਿੰਮ ਨੂੰ ਲੋਕ ਲਹਿਰ ਵਿਚ ਤਬਦੀਲ ਕਰ ਸਕਦੀ ਹੈ ਅਤੇ ਜਲਦ ਡਾਕਟਰੀ ਸਹਾਇਤਾ ਦੇ ਤੌਰ ‘ਤੇ ਜਾਂਚ ਲਈ ਪ੍ਰੇਰਿਤ ਕਰਕੇ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਵੱਲੋਂ ਦੇਰੀ ਨਾਲ ਇਲਾਜ਼ ਸ਼ੁਰੂ ਕਰਾਉਣਾ, ਮੌਤ ਦਰ ਵਿੱਚ ਵਾਧੇ ਦਾ ਮੁੱਖ ਕਾਰਨ ਹੈ।
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਸਬੰਧੀ ਝੂੱਠੀਆਂ ਅਫਵਾਹਾਂ ਜਾਂ ਗਲਤ ਜਾਣਕਾਰੀ ਨੂੰ ਠੱਲ੍ਹ ਪਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ, ਜੋਕਿ ਇੱਕ ਰਾਸ਼ਟਰੀ ਫਰਜ਼ ਹੈ ਅਤੇ ਦੇਸ਼ ਨੂੰ ਮਾਰੂ ਬਿਮਾਰੀ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਇਸ ਜਿੰਮੇਵਾਰੀ ਨੂੰ ਨਿਭਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨੌਜਵਾਨ ਵਾਇਰਸ ਵਿਰੁੱਧ ਵੈਕਸੀਨ ਦੀ ਪ੍ਰਭਾਵਸ਼ੀਲਤਾ ਬਾਰੇ ਚਾਨਣਾ ਪਾਉਂਦੁ ਹੋਏ, ਟੀਕਾਕਰਨ ਮੁਹਿੰਮ ਦੀ ਗਤੀ ਵਧਾਉਣ ਵਿਚ ਮਦਦ ਕਰ ਸਕਦੇ ਹਨ ਜੋਕਿ ਆਉਣ ਵਾਲੀ ਤੀਜੀ ਲਹਿਰ ਨੂੰ ਰੋਕਣ ਵਿਚ ਸਹਾਈ ਸਿੱਧ ਹੋ ਸਕਦੀ ਹੈ।
ਅੱਗੇ, ਉਨ੍ਹਾਂ ਦੱਸਿਆ ਕਿ ਨੌਜਵਾਨ ਪੇਂਡੂ ਖੇਤਰਾਂ ਵਿੱਚ ਮਾਸਕ ਨੂੰ ਸਹੀ ਢੰਗ ਨਾਲ ਪਹਿਨਣ ਦੀ ਤਕਨੀਕ ਅਤੇ ਸਮਾਜਿਕਰਨ ਤੋਂ ਬੱਚਣ ਦੇ ਨਾਲ-ਨਾਲ ਘਰ ਵਿੱਚ ਇਕਾਂਤਵਾਸ ਮਰੀਜ਼ਾਂ ਨੂੰ ਫਤਹਿ ਕਿੱਟਾਂ ਵੰਡਣ ਲਈ ਬਹੁਤ ਮਦਦਗਾਰ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 13800 ਯੂਥ ਕਲੱਬ, 15000 ਐਨ.ਐਸ.ਐਸ. ਕਲੱਬ ਅਤੇ 600 ਰੈਡ ਰਿਬਨ ਕਲੱਬ ਹਨ ਅਤੇ ਇਨ੍ਹਾਂ ਵਿੱਚ 15 ਲੱਖ ਦੇ ਕਰੀਬ ਮੈਂਬਰ ਵੀ ਹਨ। ਉਨ੍ਹਾਂ ਦੱਸਿਆ ਕਿ ਸਾਰੇ ਨੌਜਵਾਨ ਮੈਂਬਰਾਂ ਦੀ ਸਰਗਰਮ ਭਾਗੀਦਾਰੀ ਜਲਦ ਤੋਂ ਜਲਦ ਇਸ ਪਸਾਰ ਲੜੀ ਨੂੰ ਤੋੜਦਿਆਂ ਇਸ ਮਹਾਂਮਾਰੀ ਵਿਰੁੱਧ ਇਸ ਲੜਾਈ ਵਿਚ ਵੱਡਾ ਫਰਕ ਲਿਆ ਸਕਦੀ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਨੌਜਵਾਨਾਂ ਦੇ ਉਤਸ਼ਾਹਜਨਕ ਹੁੰਗਾਰੇ ਨਾਲ ‘ਠੀਕਰੀ ਪਹਿਰੇ’ ਲਾਉਂਦਿਆਂ ਪਹਿਲਾਂ ਹੀ ਬਾਹਰੀ ਵਿਅਕਤੀ ਦੇ ਦਾਖਲੇ ਨੂੰ ਰੋਕਣ ਵਿੱਚ ਮਦਦ ਕੀਤੀ ਜਾ ਰਹੀ ਹੈ।