ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਰਕਾਰੀ ਹਾਈ ਸਕੂਲ ਦੇਸੂਮਾਜਰਾ ਵਿਖੇ ਕਰਵਾਏ ਗਏ ਕੁਇਜ਼ ਮੁਕਾਬਲੇ

ਐਸ.ਏ.ਐਸ ਨਗਰ 18 ਅਕਤੂਬਰ :-  
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਸਰਕਾਰੀ ਹਾਈ ਸਕੂਲ ਦੇਸੂਮਾਜਰਾ ਵਿਖੇ ਮੋਹਾਲੀ ਜ਼ਿਲ੍ਹੇ ਨਾਲ ਸਬੰਧਿਤ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਬਾਲ ਸਾਹਿਤ ਕੁਇਜ਼ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ’ਚ ਬਹੁਤ ਉਤਸ਼ਾਹ ਵੇਖਣ ਵਾਲਾ ਸੀ।
ਇਹਨਾਂ ਕੁਇਜ਼ ਮੁਕਾਬਲਿਆਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਦਵਿੰਦਰ ਸਿੰਘ ਬੋਹਾ ਵੱਲੋਂ ਦੱਸਿਆ ਗਿਆ ਕਿ ਇਹ ਕੁਇਜ਼ ਮੁਕਾਬਲੇ ਵਿਦਿਆਰਥੀਆਂ ਦੇ ਵੱਖ -ਵੱਖ ਤਿੰਨ ਵਰਗਾਂ ਵਿੱਚ ਆਯੋਜਿਤ ਕੀਤੇ ਗਏ ਜਿਸ ਅਨੁਸਾਰ ਪਹਿਲੇ ਵਰਗ ’ਚ ਜਮਾਤ ਅੱਠਵੀਂ ਸ਼੍ਰੇਣੀ ਤੱਕ ਪੜ੍ਹਨ ਵਾਲੇ ਵਿਦਿਆਰਥੀ, ਦੂਸਰੇ ਵਰਗ ‘ਚ ਨੌਵੀਂ ਤੋਂ +2 ਸ਼੍ਰੇਣੀ ਤੱਕ ਅਤੇ ਤੀਸਰੇ ਵਰਗ ਵਿੱਚ ਬੀ.ਏ/ਬੀ.ਕਾਮ/ਬੀ.ਐੱਸ.ਈ, ਗ੍ਰੈਜੂਏਸ਼ਨ ਪੱਧਰ ਤੱਕ ਦੇ ਵਿਦਿਆਰਥੀ ਸ਼ਾਮਲ ਸਨ। ਇਹਨਾਂ ਮੁਕਾਬਲਿਆਂ ਲਈ ਐਂਟਰੀਆਂ ਮੰਗਵਾਉਣ ਦੀ ਮਿਤੀ 24-08-2022 ਰੱਖੀ ਗਈ ਸੀ ਜਿਸ ਅਨੁਸਾਰ 318 ਵਿਦਿਆਰਥੀਆਂ ਦੀਆਂ ਐਂਟਰੀਆਂ ਪ੍ਰਾਪਤ ਹੋਈਆਂ ਸਨ ਅਤੇ ਅੱਜ ਦੇ ਮੁਕਾਬਲਿਆਂ ਵਿਚ ਕੁੱਲ 182 ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।ਕੁਇਜ਼ ਮੁਕਾਬਲਿਆਂ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਲਿਖਤੀ ਕਰਵਾਏ ਗਏ ਅਤੇ ਇਹਨਾਂ ਲਈ ਇੱਕ ਘੰਟਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ,ਧਰਮ,ਸ਼ਖਸੀਅਤਾਂ, ਸੱਭਿਆਚਾਰਕ, ਇਤਿਹਾਸ ਅਤੇ ਭੂਗੋਲ ਨਾਲ ਸਬੰਧਿਤ ਕੁੱਲ 100 ਪ੍ਰਸ਼ਨ ਪੁੱਛੇ ਗਏ ਤੇ ਪ੍ਰਸ਼ਨ ਪੱਤਰ ਦੇ ਕੁੱਲ ਅੰਕ 400 ਸਨ। ਵਿਦਿਆਰਥੀਆਂ ਦੀ ਸਹੂਲਤ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਕੁਇਜ਼ ਮੁਕਾਬਲਿਆਂ ਨਾਲ ਸਬੰਧਿਤ ਕਿਤਾਬਚਾ ਵੀ ਜਾਰੀ ਕੀਤਾ ਗਿਆ ਸੀ। ਕੁਇਜ਼ ਮੁਕਾਬਲਿਆਂ ਲਈ ਪ੍ਰਸ਼ਨ ਪੱਤਰ ਅਤੇ ਉੱਤਰ ਕਾਪੀਆਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਉਪਲਬਧ ਕਰਵਾਈਆਂ ਗਈਆਂ।ਕੁਇਜ਼ ਮੁਕਾਬਲਿਆਂ ਦੇ ਨਤੀਜਿਆਂ ਬਾਬਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਦਵਿੰਦਰ ਸਿੰਘ ਬੋਹਾ ਵੱਲੋਂ ਦੱਸਿਆ ਗਿਆ ਕਿ ‘ੳ’ ਵਰਗ (ਛੇਵੀਂ ਤੋਂ ਅੱਠਵੀਂ) ਵਿੱਚ ਪਹਿਲਾ ਸਥਾਨ ਅੱਠਵੀਂ ਜਮਾਤ ਦੇ ਵਿਦਿਆਰਥੀ ਸਿਮਰਨਜੀਤ ਸਿੰਘ (ਸਰਕਾਰੀ ਹਾਈ ਸਕੂਲ ਰਾਜੋਮਾਜਰਾ), ਦੂਜਾ ਸਥਾਨ ਅੱਠਵੀਂ ਜਮਾਤ ਦੀ ਵਿਦਿਆਰਥਣ ਪ੍ਰਭਲੀਨ ਕੌਰ (ਸ਼ਿਵਾਲਿਕ ਪਬਲਿਕ ਸਕੂਲ, ਮੋਹਾਲੀ) ਅਤੇ ਤੀਜਾ ਸਥਾਨ ਅੱਠਵੀਂ ਜਮਾਤ ਦੇ ਵਿਦਿਆਰਥੀ ਗੁਰਸੇਵਕ ਸਿੰਘ (ਸ. ਮ. ਸ. ਸ. ਸਕੂਲ ਘੜੂੰਆਂ) ਨੇ ਪ੍ਰਾਪਤ ਕੀਤਾ| ਇਸੇ ਪ੍ਰਕਾਰ ‘ਅ’ ਵਰਗ (ਨੌਵੀਂ ਤੋਂ ਬਾਰ੍ਹਵੀਂ) ਵਿੱਚ ਪਹਿਲਾ ਸਥਾਨ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਪਲਕ ਕਪਿਲ (ਸ. ਸ. ਸ. ਸਕੂਲ ਖਿਜ਼ਰਾਬਾਦ), ਦੂਜਾ ਸਥਾਨ ਦਸਵੀਂ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ (ਸ਼ਿਵਾਲਿਕ ਪਬਲਿਕ ਸਕੂਲ, ਮੋਹਾਲੀ) ਅਤੇ ਤੀਜਾ ਸਥਾਨ ਗਿਆਰਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ (ਸ. ਸ. ਸ. ਸਕੂਲ ਸਕਰੂਲਾਂਪੁਰ) ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ‘ੲ’ ਵਰਗ (ਗ੍ਰੈਜੂਏਸ਼ਨ) ਵਿੱਚੋਂ ਪਹਿਲਾ ਸਥਾਨ ਬੀ.ਪੀ.ਐਡ. ਭਾਗ ਤੀਜਾ ਦੇ ਵਿਦਿਆਰਥੀ ਤਰਨਜੀਤ ਸਿੰਘ  (ਐੱਸ.ਕੇ.ਆਰ.ਸੀ.ਪੀ.ਈ.ਕਾਲਜ ਭਾਗੋ ਮਾਜਰਾ) ਅਤੇ ਦੂਜਾ ਸਥਾਨ ਬੀ.ਪੀ.ਐਡ. ਭਾਗ ਤੀਜਾ ਦੇ ਵਿਦਿਆਰਥੀ ਸੌਰਵ (ਐੱਸ.ਕੇ.ਆਰ.ਸੀ.ਪੀ.ਈ.ਕਾਲਜ ਭਾਗੋ ਮਾਜਰਾ)ਨੇ ਪ੍ਰਾਪਤ ਕੀਤਾ| ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਜਲਦ ਹੀ ਕੁਇਜ਼ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਸਨਮਾਨ ਸਮਾਗਮ ਉਲੀਕਿਆ ਜਾਵੇਗਾ ਜਿਸ ਵਿਚ ਵੱਖ -ਵੱਖ ਵਰਗਾਂ ਦੇ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ-ਚਿੰਨ੍ਹ ਵਜੋਂ ਪ੍ਰਮਾਣ ਪੱਤਰ ਅਤੇ ਵਿਭਾਗੀ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ  ਵੱਲੋਂ ਪ੍ਰਸੰਸਾ ਪੱਤਰ ਵੀ ਦਿੱਤਾ ਜਾਵੇਗਾ। ਜ਼ਿਲ੍ਹੇ ਵਿੱਚੋਂ ਵੱਖ ਵੱਖ ਵਰਗਾਂ ਦੇ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਰਾਜ ਪੱਧਰੀ ਕੁਇਜ਼ ਮੁਕਾਬਲਿਆਂ ਵਿੱਚ ਭਾਗ ਲੈਣਗੇ।ਇਸ ਮੌਕੇ ਖੋਜ ਅਫ਼ਸਰ ਦਰਸ਼ਨ ਕੌਰ, ਇੰਸਟ੍ਰਕਟਰ ਜਤਿੰਦਰਪਾਲ ਸਿੰਘ, ਜੂਨੀਅਰ ਸਹਾਇਕ ਮਨਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਵੀ ਮੌਜੂਦ ਸਨ| ਇਹਨਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਸਰਕਾਰੀ ਹਾਈ ਸਕੂਲ ਦੇਸੂਮਾਜਰਾ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ|
Spread the love