ਡਿਪਟੀ ਕਮਿਸ਼ਨਰ ਵਲੋਂ ਰੈਸਟੋਰੈਂਟ, ਯੋਗਾ ਤੇ ਏਅਰੋਬਿਕਸ ਸੈਂਟਰ, ਖੇਡ ਦੁਕਾਨ, ਫਿਜ਼ਿਓਥਰੈਪੀ ਕੇਂਦਰ ਅਤੇ ਸੈਲਫੀ ਪੁਆਇੰਟ ਜਨਤਾ ਨੂੰ ਸਮਰਪਿਤ
ਥੋਰੀ ਨੇ ਖਿਡਾਰੀਆਂ ਨੂੰ ਦਿੱਤੇ ਮੈੰਬਰਸ਼ਿਪ ਅਤੇ ਡਿਸਕਾਊੰਟ ਕਾਰਡ
ਜਲੰਧਰ, 8 ਮਾਰਚ 2022
ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ (ਆਈ.ਏ.ਐਸ.) ਨੇ ਅੱਜ ਇੱਥੇ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਖੇ ਪੰਜ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। 30 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਜਿਨ੍ਹਾਂ ਦਾ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ‘ਚ ਇਕ ਰੈਸਟੋਰੈਂਟ, ਯੋਗਾ ਤੇ ਏਅਰੋਬਿਕਸ ਕੇਂਦਰ, ਖੇਡਾਂ ਦੀ ਦੁਕਾਨ, ਫਿਜ਼ਿਓਥਰੈਪੀ ਕੇਂਦਰ ਤੇ ਇਕ ਸੈਲਫੀ ਪੁਆਇੰਟ ਸ਼ਾਮਿਲ ਸਨ। ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਜਲੰਧਰ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ, ਜਦ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਨੂੰ ਏਨੀ ਵੱਡੇ ਪੱਧਰ ‘ਤੇ ਅਪਗ੍ਰੇਡ ਕੀਤਾ ਗਿਆ ਹੈ ।
ਹੋਰ ਪੜ੍ਹੇਂ :-ਚੋਣਾਂ ਦੀ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ-ਡਿਪਟੀ ਕਮਿਸ਼ਨਰ
ਆਪਣੇ ਸੰਬੋਧਨ ‘ਚ ਡੀ.ਬੀ.ਏ. ਜਲੰਧਰ ਦੇ ਪ੍ਰਧਾਨ ਸ੍ਰੀ ਘਨਸ਼ਿਆਮ ਥੋਰੀ ਨੇ ਅੰਤਰਿਮ ਕਮੇਟੀ ਦੇ ਸ਼ਲਾਘਾਯੋਗ ਕਾਰਜਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਸ੍ਰੀ ਥੋਰੀ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵੱਡੇ ਪੱਧਰ ‘ਤੇ ਬੈਡਮਿੰਟਨ ਹੱਬ ਵਜੋਂ ਵਿਕਸਿਤ ਹੋ ਚੁੱਕਾ ਹੈ। ਸ੍ਰੀ ਥੋਰੀ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਤਿੰਨ ਸਾਲਾਂ ਦੇ ਥੋੜੇ ਸਮੇਂ ਦੌਰਾਨ ਅੰਤਰਿਮ ਕਮੇਟੀ ਦੀ ਨਿਗਰਾਨੀ ਹੇਠ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਦੇ ਬੁਨਿਆਦੀ ਢਾਂਡੇ ਦੇ ਨਵੀਨੀਕਰਨ ਦੀ ਪਹਿਲ ਕੀਤੀ ਜਾ ਰਹੀ ਹੈ, ਜਿਹੜਾ ਕਿ ਪ੍ਰਦਰਸ਼ਨ ਸੁਧਾਰਨ ਅਤੇ ਖਿਡਾਰੀਆਂ ਦੀ ਕੁਸ਼ਲਤਾ ਨੂੰ ਗਤੀ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਮੌਕੇ ਸ੍ਰੀ ਥੋਰੀ ਨੇ ਡੀ.ਬੀ.ਏ. ਜਲੰਧਰ ਦੇ ਲਾਈਫ ਮੈਂਬਰਾਂ ਨੂੰ ਮੈਂਬਰਸ਼ਿਪ ਕਾਰਡ ਵੀ ਵੰਡੇ, ਜਿਸ ਨਾਲ ਲਾਈਫ਼ ਮੈਂਬਰਾਂ ਨੂੰ ਇੱਥੇ ਬਣੇ ਰੈਸਟੋਰੈਂਟ, ਯੋਗਾ ਤੇ ਏਅਰੋਬਿਕ ਕੇਂਦਰ, ਖੇਡ ਦੁਕਾਨ,ਉਲੰਪੀਅਨ ਦਿਪਾਂਕਰ ਅਕੈਡਮੀ ਅਤੇ ਫਿਜ਼ਿਓਥਰੈਪੀ ਕੇਂਦਰ ‘ਤੇ ਘੱਟ ਕੀਮਤ ‘ਤੇ ਸਹੂਲਤਾਂ ਦਾ ਲਾਭ ਮਿਲ ਸਕਦਾ ਹੈ।
ਇਸ ਮੌਕੇ ਬੋਲਦੇ ਹੋਏ ਡੀ.ਬੀ.ਏ. ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਸ੍ਰੀ ਰਿਤਿਨ ਖੰਨਾ ਨੇ ਉਨ੍ਹਾਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਹਿਯੋਗ ਤੋਂ ਇਹ ਪ੍ਰਾਜੈਕਟ ਪੂਰੇ ਹੋਏ । ਪ੍ਰਾਜੈਕਟ ਦੇ ਵੇਰਵੇ ‘ਤੇ ਚਾਨਣਾ ਪਾਉਂਦਿਆਂ ਸ੍ਰੀ ਖੰਨਾ ਨੇ ਕਿਹਾ ਕਿ ਰੈਸਟੋਰੈਂਟ 20 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਹੈ, ਜਿਸ ‘ਚੋਂ 10 ਲੱਖ ਰੁਪਏ ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਦੁਆਰਾ ਅਤੇ 4.81 ਲੱਖ ਰੁਪਏ ਡਿਪਟੀ ਕਮਿਸ਼ਨਰ ਸ੍ਰੀ ਥੋਰੀ ਦੁਆਰਾ ਜ਼ਿਲ੍ਹਾ ਰਾਹਤ ਸੁਸਾਇਟੀ ਰਾਹੀਂ ਮਨਜ਼ੂਰ ਕੀਤੇ ਗਏ ਹਨ। ਸ੍ਰੀ ਖੰਨਾ ਨੇ ਕਿਹਾ ਕਿ ਖਾਣੇ ਨਾਲ ਸਬੰਧਿਤ ਸਾਰੇ ਮੁੱਦੇ ਰੈਸਟੋਰੈਂਟ ਦੇ ਆਉਣ ਨਾਲ ਹੱਲ ਹੋ ਜਾਣਗੇ ਅਤੇ ਇਸ ਨਾਲ ਖਿਡਾਰੀਆਂ ਨੂੰ ਵੱਡੀ ਰਾਹਤ ਮਿਲੇਗੀ। ਯੋਗਾ ਅਤੇ ਏਅਰੋਬਿਕ ਕੇਂਦਰ ਬਾਰੇ ਬੋਲਦਿਆਂ ਖੰਨਾ ਨੇ ਕਿਹਾ ਕਿ ਇਸ ਕੇਂਦਰ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ.ਪੀ. ਸਿੰਘ ਨੇ 5 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਸੀ, ਜਿਸ ਦਾ ਲਾਭ ਸਟੇਡੀਅਮ ‘ਚ ਆਉਣ ਵਾਲੇ ਖਿਡਾਰੀਆਂ ਦੇ ਨਾਲ-ਨਾਲ ਆਉਣ ਵਾਲੇ ਲੋਕਾਂ ਨੂੰ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਦ ਸਟੇਡੀਅਮ ‘ਚ ਕੋਈ ਖਿਡਾਰੀ ਅਭਿਆਸ ਦੌਰਾਨ ਜ਼ਖ਼ਮੀ ਹੋ ਜਾਂਦਾ ਸੀ ਤਾਂ ਇੱਥੇ ਕੋਈ ਫਿਜ਼ਿਓਥਰੈਪਿਸਟ ਮੌਜੂਦ ਨਹੀਂ ਸੀ। ਹੁਣ ਇੱਥੇ ਸਥਾਪਿਤ ਫਿਜ਼ਿਓਫਰੈਪੀ ਕੇਂਦਰ ਖਿਡਾਰੀਆਂ ਲਈ ਸਹਾਇਕ ਹੋਵੇਗਾ। ਸ੍ਰੀ ਖੰਨਾ ਨੇ ਸਟੇਡੀਅਮ ‘ਚ ਅੱਜ ਕੀਤੇ ਗਏ ਚੌਥੇ ਪ੍ਰਾਜੈਕਟ ਖੇਡ ਦੁਕਾਨ ਦੇ ਉਦਘਾਟਨ ਬਾਰੇ ਬੋਲਦਿਆਂ ਕਿਹਾ ਕਿ ਖਿਡਾਰੀ ਸਟੇਡੀਅਮ ‘ਚ ਸ਼ਟਲ ਕਾਕਸ, ਬੂਟ, ਰੈਕੇਟ, ਕੱਪੜੇ ਆਦਿ ਖੇਡਾਂ ਨਾਲ ਸਬੰਧਿਤ ਉਪਕਰਨ ਖਰੀਦ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਖਿਡਾਰੀ ਇਸ ਸਾਮਾਨ ਲਈ ਸਪੋਰਟਸ ਮਾਰਕਿਟ ਜਾਂਦੇ ਸਨ, ਜੋ ਕਿ ਸਟੇਡੀਅਮ ਤੋਂ ਕਾਫੀ ਦੂਰ ਸੀ। ਇਸ ਤੋਂ ਇਲਾਵਾ ਇੱਥੇ ਇਕ ਸੈਲਫੀ ਪੁਆਇੰਟ ਵੀ ਸਥਾਪਿਤ ਕੀਤਾ ਗਿਆ ਹੈ, ਜੋ ਕਿ ਖ਼ਿਡਾਰੀਆਂ ਲਈ ਖਿੱਚ ਦਾ ਕੇਂਦਰ ਹੋਵੇਗਾ।
ਸ੍ਰੀ ਖੰਨਾ ਨੇ ਕਿਹਾ ਕਿ ਅੰਤਰਿਮ ਕਮੇਟੀ ਸਟੇਡੀਅਮ ‘ਚ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਮਿਹਨਤ ਜਾਰੀ ਰੱਖੇਗੀ। ਇਸ ‘ਚ ਡਿਪਟੀ ਕਮਿਸ਼ਨਰ ਜਲੰਧਰ ਦੁਆਰਾ ਦਿੱਤੇ ਸਹਿਯੋਗ ਲਈ ਉਨ੍ਹਾਂ ਦੀ ਤੇ ਅੰਤਰਿਮ ਕਮੇਟੀ ਮੈਂਬਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿ ਕਿਹਾ ਕਿ ਸਟੇਡੀਅਮ ‘ਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੇ ਅਗਲੇ ਕੰਮ ਨੂੰ ਵੀ ਜਿਉਂ ਦੀ ਤਿਉਂ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਅੰਤਰਿਮ ਕਮੇਟੀ ਮੈਂਬਰਾਂ ‘ਚ ਸ੍ਰੀ ਅਨਿਲ ਭੱਟੀ (ਆਈ.ਆਰ.ਐਸ. ਸੇਵਾ ਮੁਕਤ), ਸ. ਹਰਪ੍ਰੀਤ ਸਿੰਘ, ਸ੍ਰੀ ਨਰੇਸ਼ ਬੁਧਿਆ, ਸ੍ਰੀ ਕੁਸਮ ਕੇਪੀ ਅਤੇ ਸ੍ਰੀ ਮੁਕੁਲ ਵਰਮਾ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਹੰਸਰਾਜ ਸਟੇਡੀਅਮ ਵਿਚ ਨਵੇਂ ਬਣੇ ਯੋਗਾ ਅਤੇ ਐਰੋਬਿਕਸ ਸੈਂਟਰ ਦਾ ਉਦਘਾਟਨ ਕਰਦੇ ਹੋਏ। ਨਾਲ ਖੜੇ ਡੀ.ਬੀ.ਏ. ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਸ੍ਰੀ ਰਿਤਿਨ ਖੰਨਾ ਅਤੇ ਹੋਰ ਮੈੰਬਰ ।