ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ(ਐਨਐਸਯੂਆਈ) ਪੰਜਾਬ
ਸਾਬਕਾ ਪ੍ਰਧਾਨ ਮੰਤਰੀ ਦੇ 77ਵੇਂ ਜਨਮਦਿਨ ਮੌਕੇ ਖੂਨਦਾਨ ਕੈਂਪ ਲਗਾਕੇ ਦਿੱਤੀ ਸ਼ਰਧਾਂਜਲੀ
ਲੁਧਿਆਣਾ, 20 ਅਗਸਤ 2021
ਰਾਜੀਵ ਗਾਂਧੀ ਨੇ ਭਾਰਤ ਦੇ ਮਹਾਂਸ਼ਕਤੀ ਬਣਨ ਦੇ ਸੁਪਨੇ ਵਿੱਚ ਜੋਸ਼ ਅਤੇ ਊਰਜਾ ਭਰਨ ਦਾ ਮਹਾਨ ਕਾਰਜ ਕੀਤਾ। ਇਹ ਪ੍ਰਗਟਾਵਾ ਐਨਐਸਯੂਆਈ, ਲੁਧਿਆਣਾ ਦੇ ਪ੍ਰਧਾਨ ਅਵਤੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਕੀਤਾ । ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ ਸੋਚ ਨੇ ਟੈਲੀਕਾਮ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਕੇ ਦੇਸ਼ ਦੀ ਪ੍ਰਗਤੀ ਦੇ ਰਾਹ ’ਤੇ ਅਮਿੱਟ ਛਾਪ ਛੱਡੀ ।
ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਦਾ ਫਖ਼ਰ ਹਾਸਲ ਕਰਨ ਵਾਲੇ ਸ੍ਰੀ ਗਾਂਧੀ ਨੇ ਭਾਰਤ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੰਚਾਇਤੀ ਰਾਜ ਸੁਧਾਰਾਂ ਨੂੰ ਲਾਗੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ । ਅਵਤੀਸ਼ ਕੁਮਾਰ ਨੇ ਕਿਹਾ ਕਿ ਉਨਾਂ ਦਾ ਵਿਹਾਰਕ ਅਤੇ ਵਿਗਿਆਨਕ ਦਿ੍ਰਸ਼ਟੀਕੋਣ ਸਾਡੇ ਦੇਸ਼ ਨੂੰ ਵਧੇਰੇ ਖੁਦਮੁਖ਼ਤਿਆਰ ਅਤੇ ਸਮਰੱਥ ਬਣਾਉਣ ਦੀ ਨੀਂਹ ਹੈ।
ਕਾਂਗਰਸੀ ਨੇਤਾ ਦੇ 77ਵੇਂ ਜਨਮਦਿਨ ਮੌਕੇ ਉਹਨਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ੍ਰੀ ਅਵਤੀਸ਼ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਕੰਪਿਊਟਰੀਕਰਨ ਅਤੇ ਡਿਜੀਟਲਾਈਜੇਸ਼ਨ ਦੀ ਸ਼ੁਰੂਆਤ ਕਰਕੇ ਸਮਾਜਕ, ਆਰਥਿਕ ਅਤੇ ਵਿਦਿਅਕ ਖੇਤਰਾਂ ਨੂੰ ਆਤਮ-ਨਿਰਭਰ ਬਣਾਉਣ ਦੀ ਪਿਰਤ ਪਾਈ। ਇਸ ਮੌਕੇ ਐਨ.ਐਸ.ਯੂ.ਆਈ. ਲੁਧਿਆਣਾ ਵੱਲੋਂ ਸ਼ਹਿਰ ਭਰ ਵਿੱਚ ਖੂਨਦਾਨ ਕੈਂਪ ਲਗਾਏ ਗਏ ਜਿਸ ਦੌਰਾਨ 105 ਯੂਨਿਟ ਖੂਨ ਦਾਨ ਕੀਤਾ ਗਿਆ।
ਉਨਾਂ ਕਿਹਾ ਕਿ ਸਾਡੇ ਦੇਸ਼ ਦੇ ਨੌਜਵਾਨਾਂ ਲਈ ਇੱਕ ਸੁਨਹਿਰਾ ਭਵਿੱਖ ਇੰਤਜ਼ਾਰ ਕਰ ਰਿਹਾ ਹੈ ਅਤੇ ਇਸ ਲਈ ਅੱਜ ਉਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਾਉਣਾ ਸਮੇਂ ਦੀ ਮੰਗ ਹੈ। ਉਨਾਂ ਕਿਹਾ ਕਿ ਐਨਐਸਯੂਆਈ ਪੰਜਾਬ ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਦੀ ਅਗਵਾਈ ਹੇਠ ਇਸ ਮੁੱਦੇ ਨੂੰ ਹੱਲ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਜੇ ਅਸੀਂ ਭਾਰਤ ਨੂੰ ਅਸਲ ਅਰਥਾਂ ਵਿੱਚ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਭਾਰਤ ਨੂੰ ਇੱਕ ਆਧੁਨਿਕ ਸਮਾਵੇਸ਼ੀ ਸਮਾਜ ਬਣਾਉਣ ਦੇ ਰਾਜੀਵ ਗਾਂਧੀ ਦੇ ਮਿਸ਼ਨ ਦੀ ਪੈਰਵਾਈ ਕਰਨ ਦੀ ਲੋੜ ਹੈ ਜਿੱਥੇ ਹਰੇਕ ਭਾਈਚਾਰੇ ਦੇ ਅਧਿਕਾਰ ਬਰਾਬਰ ਅਤੇ ਸੰਪੂਰਨ ਹੋਣ। ਅਵਤੀਸ਼ ਨੇ ਜੋਰ ਦਿੰਦਿਆਂ ਕਿਹਾ ਕਿ ਭਾਰਤ ਨੂੰ ਹੋਰ ਪ੍ਰਗਤੀਸ਼ੀਲ ਅਤੇ ਸਮਰੱਥ ਬਣਾਉਣ ਲਈ ਸ੍ਰੀ ਗਾਂਧੀ ਦਾ ਸਰਵਪੱਖੀ ਤੇ ਸਮੁੱਚੇ ਵਿਕਾਸ ਦਾ ਫਲਸਫਾ ਇਕੋ-ਇਕ ਰਸਤਾ ਹੈ ਜੋ ਅੱਜ ਵੀ ਢੁਕਵਾਂ ਹੈ।