ਉਪ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਸੰਯੁਕਤ ਰਾਸ਼ਟਰ ਕੋਲ ਮਾਮਲਾ ਉਠਾਉਣ ਦੀ ਕੀਤੀ ਅਪੀਲ
ਚੰਡੀਗੜ੍ਹ, 6 ਅਕਤੂਬਰ
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਤਾਲਿਬਾਨ ਦੇ ਕੱਟੜਪੰਥੀਆਂ ਵੱਲੋਂ ਕਾਬੁਲ ਦੇ ਇਤਿਹਾਸਕ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿੱਚ ਕੀਤੀ ਭੰਨ-ਤੋੜ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਤਾਲਿਬਾਨ ਨੇ ਆਖ਼ਰਕਾਰ ਆਪਣੇ ਅਸਲੀ ਰੰਗ ਦਿਖਾ ਦਿੱਤੇ ਹਨ।
ਅੱਜ ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸਭ ਤੋਂ ਭੈੜੇ ਡਰ ਸੱਚ ਹੋਣੇ ਸ਼ੁਰੂ ਹੋ ਗਏ ਹਨ ਕਿਉਂਜੋ ਤਾਲਿਬਾਨ ਨੇ ਘੱਟ ਗਿਣਤੀਆਂ ਨੂੰ ਡਰਾਉਣ-ਧਮਕਾਉਣ ਅਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਨੂੰ ਤਬਾਹ ਕਰਕੇ ਉਹਨਾਂ ਪ੍ਰਤੀ ਪੂਰਨ ਅਸਹਿਣਸ਼ੀਲਤਾ ਜ਼ਾਹਿਰ ਕਰਕੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਹੋਰ ਪੜ੍ਹੋ : 138 ਕਰੋੜ ਦੀ ਲਾਗਤ ਵਾਲਾ ਬੱਸੀ ਪਠਾਣਾ ਮੈਗਾ ਡੇਅਰੀ ਪ੍ਰਾਜੈਕਟ ਅਗਸਤ ਵਿੱਚ ਹੋਵੇਗਾ ਸ਼ੁਰੂ: ਸੁਖਜਿੰਦਰ ਸਿੰਘ ਰੰਧਾਵਾ
ਉਪ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਪੱਧਰ ‘ਤੇ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ਕਿਉਂਕਿ ਭਾਰਤ ਦੇ ਅਫਗਾਨਿਸਤਾਨ ਨਾਲ ਕੋਈ ਕੂਟਨੀਤਕ ਸੰਬੰਧ ਨਹੀਂ ਹਨ, ਇਸ ਲਈ ਦੇਸ਼ ਨੂੰ ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਸੰਗਠਨਾਂ ਦੇ ਸਹਿਯੋਗ ਨਾਲ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉੱਥੇ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ।
ਸ. ਰੰਧਾਵਾ ਨੇ ਅਫ਼ਗਾਨਿਸਤਾਨ ਦੇ ਅੱਤਵਾਦੀ ਸੰਗਠਨ ‘ਹਕਾਨੀ ਨੈੱਟਵਰਕ’ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਸਿਰਾਜੁਦੀਨ ਹੱਕਾਨੀ ਦੇ ਛੋਟੇ ਭਰਾ ਅਨਾਸ ਹੱਕਾਨੀ ਵੱਲੋਂ ਭਾਰਤ ਦੇ ਇਤਿਹਾਸਕ ਸੋਮਨਾਥ ਮੰਦਰ ‘ਤੇ ਹਮਲਾ ਕਰਨ ਅਤੇ ਨਸ਼ਟ ਕਰਨ ਲਈ ਮਹਿਮੂਦ ਗਜ਼ਨਵੀ ਦੀ ਪ੍ਰਸ਼ੰਸਾ ਅਤੇ ਵਡਿਆਈ ਕਰਨ ਦੀ ਵੀ ਕਰੜੀ ਨਿੰਦਾ ਕੀਤੀ।
ਉਹਨਾਂ ਕਿਹਾ “ਤਾਲਿਬਾਨ ਦੀ ਅਜਿਹੀ ਘਟੀਆ ਮਾਨਸਿਕਤਾ ਨਾਲ ਘੱਟਗਿਣਤੀਆਂ ਦਾ ਅਫ਼ਗਾਨਿਸਤਾਨ ਵਿੱਚ ਰਹਿਣਾ ਅਸੰਭਵ ਹੋ ਜਾਵੇਗਾ।” ਉਹਨਾਂ ਅੱਗੇ ਕਿਹਾ ਕਿ ਘੱਟ ਗਿਣਤੀਆਂ ਨੂੰ ਅਫ਼ਗਾਨਿਸਤਾਨ ਵਿੱਚੋਂ ਕੱਢਣ ਅਤੇ ਭਾਰਤ ਵਿੱਚ ਉਨ੍ਹਾਂ ਨੂੰ ਪਨਾਹ ਦੇਣ ਲਈ ਕਦਮ ਚੁੱਕਣ ਦੀ ਲੋੜ ਹੈ।