ਪੰਜਾਬ ਹੋਮ ਗਾਰਡਜ਼ ਜਵਾਨਾਂ ਸਮੇਤ ਜ਼ਿਲਾ ਵਾਸੀਆਂ ਨੂੰ ਕਰ ਰਹੇ ਹਨ ਜਾਗਰੂਕ
ਬਰਨਾਲਾ, 15 ਜੂਨ 2021
ਕਰੋਨਾ ਮਹਾਮਾਰੀ ਦੀ ਪਹਿਲੀ ਤੇ ਹੁਣ ਦੂਜੀ ਲਹਿਰ ਦੌਰਾਨ ਇਹਤਿਆਤ ਵਰਤਣ ਦਾ ਸੁਨੇਹਾ ਦਿੰਦੇ ਰੈੱਡ ਕ੍ਰਾਸ ਵਲੰਟੀਅਰ ਲਗਾਤਾਰ ਸੇਵਾਵਾਂ ਦੇਣ ਵਿਚ ਜੁਟੇ ਹੋਏ ਹਨ। ਕੋਵਿਡ ਦੀ ਦੂਜੀ ਲਹਿਰ ਦਾ ਕਹਿਰ ਭਾਵੇਂ ਘਟ ਗਿਆ ਹੈ, ਪਰ ਇਨਾਂ ਵਲੰਟੀਅਰਾਂ ਅੰਦਰ ਜਜ਼ਬਾ ਨਹੀਂ ਘਟਿਆ ਹੈ। ਇਨਾਂ ਨੌਜਵਾਨ ਵਲੰਟੀਅਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਪੰਜਾਬ ਹੋਮ ਗਾਰਡਜ਼ ਦੇ ਮੁਲਾਜ਼ਮ।
ਕਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਤੋਂ ਸਬਕ ਲੈਣਾ ਤੇ ਇਹਤਿਆਤ ਵਰਤਣੇ ਬੇਹੱਦ ਜ਼ਰੂਰੀ ਹਨ ਤਾਂ ਜੋ ਤੀਜੀ ਲਹਿਰ ਸਿਰ ਨਾ ਚੁੱਕੇ। ਇਹ ਕਹਿਣਾ ਹੈ ਹਰੀਗੜ ਵਾਸੀ ਰੈੱਡ ਕ੍ਰਾਸ ਤੇ ਐਨਐਸਐਸ ਵਲੰਟੀਅਰ ਲਵਪ੍ਰੀਤ ਸ਼ਰਮਾ (23 ਸਾਲ) ਦਾ, ਜੋ 2008 ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਗੜ ਵਿੱਚ ਪੜਦਿਆਂ ਯੁਵਕ ਸੇਵਾਵਾਂ ਦਾ ਹਿੱਸਾ ਬਣਿਆ। ਉਸ ਨੇ ਦੱਸਿਆ ਕਿ ਉਹ ਘਰ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣ ਦੇ ਨਾਲ ਨਾਲ ਹੋਰ ਸਮਾਜ ਭਲਾਈ ਕੰਮਾਂ ਤੋਂ ਇਲਾਵਾ ਕਰੋਨਾ ਕਾਲ ਦੌਰਾਨ ਜ਼ਿਲਾ ਪ੍ਰਸ਼ਾਸਨ ਨਾਲ ਕਰੋਨਾ ਵਿਰੁੱਧ ਜੰਗ ਵਿਚ ਡਟਿਆ ਹੋਇਆ ਹੈ। ਲਵਪ੍ਰੀਤ ਨੇ ਦੱਸਿਆ ਕਿ ਉਹ ਗ੍ਰੈਜੂਏਸ਼ਨ ਕਰ ਚੁੱਕਿਆ ਹੈ ਤੇ ਉਸ ਦੇ ਸਕੂਲ ਦੇ ਦਿਨਾਂ ਦੌਰਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜੈ ਭਾਸਕਰ ਦੀ ਪੌਦੇ ਲਾਉਣ ਦੀ ਮੁਹਿੰਮ ’ਚ ਜੁੜਨ ਸਦਕਾ ਉਹ ਇਸ ਪਾਸੇ ਆਇਆ। ਉਸ ਨੇ ਦੱਸਿਆ ਕਿ ਉਹ 18 ਵਾਰ ਖੂਨ ਦਾਨ ਕਰ ਚੁੱਕਿਆ ਹੈ ਅਤੇ ਪਿੰਡ ਵਿਚ ਸਾਂਝਾ ਨੌਜਵਾਨ ਸਪੋਰਟਸ ਕਲੱਬ ਚਲਾ ਰਿਹਾ ਹੈ।
ਇਨਾਂ ਵਲੰਟੀਅਰਾਂ ਵਿਚੋਂ ਸਭ ਤੋਂ ਘੱਟ ਉਮਰ ਦੇ ਵਲੰਟੀਅਰ ਅਰਸ਼ਦੀਪ (14 ਸਾਲ) ਵਾਸੀ ਹੰਡਿਆਇਆ ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਚ ਗਿਆਰਵੀਂ ਦਾ ਵਿਦਿਆਰਥੀ ਹੈ ਤੇ ਦੋ ਸਾਲਾਂ ਤੋਂ ਯੁਵਕ ਸੇਵਾਵਾਂ ਵਿਭਾਗ ਨਾਲ ਜੁੜਿਆ ਹੋਇਆ ਹੈ।
ਰੈੱਡ ਕ੍ਰਾਸ ਵਲੰਟੀਅਰਾਂ ਨਾਲ ਸ਼ਹਿਰਾਂ, ਬਾਜ਼ਾਰਾਂ, ਗਲੀ, ਮੁਹੱਲਿਆਂ ਵਿਚ ਮਾਸਕ ਦੀ ਵਰਤੋਂ ਬਾਰੇ ਪੋਸਟਰ ਲਾਉਣ, ਮਾਸਕ ਪਾਉਣ, ਹੱਥਾਂ ਦੀ ਸਫਾਈ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਟੀਕਾਕਰਨ ਬੈਜ ਤੇ ਸਟੀਕਰ ਲਵਾਉਣ ਜਿਹੀਆਂ ਗਤੀਵਿਧੀਆਂ ਨੂੰ ਪੰਜਾਬ ਹੋਮ ਗਾਰਡਜ਼ ਦੇ ਹੌਲਦਾਰ ਸੋਹਣ ਸਿੰਘ ਵਾਸੀ ਤੇ ਜਗਜੀਤ ਸਿੰਘ ਵਾਸੀ ਬਰਨਾਲਾ ਵੀ ਭਖਾ ਰਹੇ ਹਨ।
ਮਾਨ ਪੱਤੀ ਧਨੌਲਾ ਵਾਸੀ ਹੌਲਦਾਰ ਸੋਹਣ ਸਿੰਘ (51 ਸਾਲਾ) ਨੇ ਦੱਸਿਆ ਕਿ ਉਹ ਆਪਣੀ ਨੌਕਰੀ ਦੇ ਨਾਲ ਨਾਲ ਰਚਨਾਵਾਂ ਰਾਹੀਂ ਧੀਆਂ, ਰੁੱਖ, ਪੰਛੀ ਬਚਾਉਣ ਜਿਹੇ ਸਮਾਜਿਕ ਵਿਸ਼ਿਆਂ ’ਤੇ ਲੋਕਾਂ ਨੂੰ ਸੁਨੇਹਾ ਦੇ ਰਹੇ ਹਨ ਅਤੇ ਹੁਣ ਕਰੋਨਾ ਕਾਲ ਦੌਰਾਨ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਣ ਲਈ ਜਾਗਰੂਕ ਕਰ ਰਹੇ ਹਨ।
ਸਹਾਇਕ ਡਾਇਰੈੈਕਟਰ ਯੁਵਕ ਸੇਵਾਵਾਂ ਬਰਨਾਲਾ ਸ੍ਰੀ ਵਿਜੈ ਭਾਸਕਰ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਐਨਐਸਐਸ ਵਲੰਟੀਅਰ ਪੂਰੀ ਸਰਗਰਮੀ ਨਾਲ ਕਰੋਨਾ ਵਿਰੁੱਧ ਜੰਗ ਵਿਚ ਡਟੇ ਹੋਏ ਹਨ। ਉਨਾਂ ਦੱਸਿਆ ਕਿ ਵਲੰਟੀਅਰ ਗੁਰਪ੍ਰੀਤ ਸਿੰਘ ਧਨੌਲਾ, ਦਵਿੰੰਦਰਜੀਤ ਸਿੰਘ ਧਨੌਲਾ, ਬਿਕਰਮ ਸਿੰਘ ਹੰਡਿਆਇਆ, ਸੁਖਵਿੰਦਰ ਸਿੰਘ ਹੰਡਿਆਇਆ, ਗੁਰਪ੍ਰੀਤ ਸਿੰਘ ਬਰਨਾਲਾ, ਮਹਾਂਵੀਰ ਸਿੰਘ, ਹਰੀਸ਼ ਕੁਮਾਰ ਬਰਨਾਲਾ ਸਣੇ 20 ਤੋਂ ਵੱਧ ਵਲੰਟੀਅਰ ਬਰਨਾਲਾ ਵਿਚ ਸਰਗਰਮ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਲੰਟੀਅਰਾਂ ਨੇ ਸਵੈ ਇੱਛਾ ਨਾਲ ਕਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਜ਼ਿਲਾ ਪ੍ਰਸ਼ਾਸਨ ਅਤੇ ਪੁਲੀਸ ਨਾਲ ਜਾਗਰੂਕਤਾ ਤੋਂ ਇਲਾਵਾ ਰਾਸ਼ਨ ਤੇ ਮਾਸਕ ਵੰਡਣ ਦੀਆਂ ਸੇਵਾਵਾਂ ਨਿਭਾਈਆਂ ਹਨ ਤੇ ਦੂਜੀ ਲਹਿਰ ਦੌਰਾਨ ਵੀ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ।
ਹੋਰ ਨੌਜਵਾਨ ਵੀ ਵਲੰਟੀਅਰਾਂ ਤੋਂ ਸੇਧ ਲੈਣ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਰੈੱਡ ਕ੍ਰਾਸ ਵਲੰਟੀਅਰਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਇਨਾਂ ਵਲੰਟੀਅਰਾਂ ਵਿਚ ਲੋਕ ਭਲਾਈ ਕਾਰਜਾਂ ਲਈ ਰੁਚੀ ਹੋਣਾ ਸ਼ੁੱਭ ਸ਼ਗਨ ਹੈ। ਉਨਾਂ ਦੱਸਿਆ ਕਿ ਇਹ ਵਲੰਟੀਅਰ ਸਵੈ-ਇੱਛਾ ਨਾਲ ਕਰੋਨਾ ਵਿਰੁੱਧ ਜੰਗ ਵਿਚ ਸੇਵਾਵਾਂ ਨਿਭਾਅ ਰਹੇ ਹਨ ਤੇ ਨੌਜਵਾਨਾਂ ਦੇ ਇਸ ਮੁਹਿੰਮ ਵਿੱਚ ਡਟਣ ਸਦਕਾ ਕਰੋਨਾ ’ਤੇ ਫਤਹਿ ਜ਼ਰੂਰ ਹੋਵੇਗੀ। ਉਨਾਂ ਕਿਹਾ ਕਿ ਹੋਰ ਨੌਜਵਾਨ ਵੀ ਇਨਾਂ ਵਲੰਟੀਅਰਾਂ ਤੋਂ ਸੇਧ ਲੈਣ।