ਵਿਦਿਆਰਥੀਆਂ ਵੱਲੋਂ ‘ਵੋਟ ਬਣਾਓ ਅਤੇ ਵੋਟ ਪਾਓ’ ਦੀਆਂ ਤਖ਼ਤੀਆਂ ਨਾਲ ਦੌੜ ‘ਚ ਕੀਤੀ ਸ਼ਮੂਲੀਅਤ
ਲੁਧਿਆਣਾ, 14 ਨਵੰਬਰ 2021
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ – 2022 ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ, ਅੱਜ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਹਲਕਿਆਂ ਵਿੱਚ ਰਿਲੇਅ ਦੌੜ ਦਾ ਆਯੋਜਨ ਕੀਤਾ ਗਿਆ।
ਹੋਰ ਪੜ੍ਹੋ :-ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ਵਿਚ ਵੋਟ ਬਣਾਓ ਤੇ ਵੋਟ ਪਾਓ ਦੇ ਨਾਅਰੇ ਨੂੰ ਲੈ ਕੇ ਕੱਢੀ ਗਈ ਰੈਲੀ
ਆਤਮ ਨਗਰ ਵਿੱਚ ਇਹ ਦੌੜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਸਿੰਘ ਸਭਾ ਸਕੂਲ ਮਾਡਲ ਟਾਊਨ ਤੋਂ ਸੈਂਟਰਲ ਮਾਡਲ ਹਾਈ ਸਕੂਲ ਹੁੰਦੀ ਹੋਈ ਵਾਪਸ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ ਵਿਖੇ ਸਮਾਪਤ ਹੋਈ। ਇਸ ਦੌੜ ਵਿੱਚ 70 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਉਨ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਤੰਤਰ ਦੇ ਤਿਉਹਾਰ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੁਨੇਹਾ ਦੇਣ ਲਈ ‘ਵੋਟ ਬਣਾਓ ਅਤੇ ਵੋਟ ਪਾਓ’ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਰਿਲੇਅ ਦੌੜ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਪੂਨਮਪ੍ਰੀਤ ਕੌਰ ਦੀ ਦੇਖ-ਰੇਖ ਹੇਠ ਕਰਵਾਈ ਗਈ ਅਤੇ ਇਸ ਦੀ ਅਗਵਾਈ ਸਹਾਇਕ ਸਵੀਪ ਨੋਡਲ ਅਫ਼ਸਰ ਸ. ਬਲਵੰਤ ਸਿੰਘ, ਸ੍ਰੀ ਯੋਗੇਸ਼ ਚੰਦਰ ਸਮੇਤ ਪ੍ਰਿੰਸੀਪਲ ਹਰਵਿੰਦਰ ਕੌਰ, ਬੀ.ਐਲ.ਓ ਸ੍ਰੀ ਅਸੀਮ ਪ੍ਰਭਾਕਰ, ਸ੍ਰੀ ਰਾਜੀਵ ਸ਼ਰਮਾ, ਸ.ਸਰਬਜੀਤ ਸਿੰਘ, ਕਮਲਪ੍ਰੀਤ ਕੌਰ, ਦੀਪਕ ਕੁਮਾਰ ਨੇ ਕੀਤੀ।
ਲੁਧਿਆਣਾ ਦੱਖਣੀ ਹਲਕੇ ਵਿੱਚ ਵੀ ਇਸੇ ਤਰ੍ਹਾਂ ਦੀ ਰਿਲੇਅ ਦੌੜ ਏ.ਆਰ.ਓ ਸ੍ਰੀ ਮਹੇਸ਼ ਗੁਪਤਾ ਦੀ ਦੇਖ-ਰੇਖ ਹੇਠ ਕਰਵਾਈ ਗਈ। ਵਿਕਾਸ ਪਬਲਿਕ ਸਕੂਲ ਤੋਂ ਸਨਸ਼ਾਈਨ ਪਬਲਿਕ ਸਕੂਲ ਤੋਂ ਜੀਕੇ ਪਬਲਿਕ ਹਾਈ ਸਕੂਲ ਅਤੇ ਵਾਪਸ ਵਿਕਾਸ ਪਬਲਿਕ ਸਕੂਲ ਤੱਕ ਚੱਲੀ ਰਿਲੇਅ ਦੌੜ ਵਿੱਚ 300 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।