ਜ਼ਿਲ੍ਹਾ ਸੂਚਨਾ ਤੇ ਲੋਕ ਸੰਪਰਕ ਦਫ਼ਤਰ, ਐਸ.ਏ.ਐਸ.ਨਗਰ
ਕੋਵਿਡ-19 ਦੇਖਭਾਲ ਲਈ ਸਹਾਇਤਾ ਕਰਨ ਵਾਸਤੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਅਪੀਲ
ਐਸ.ਏ.ਐਸ.ਨਗਰ, 22 ਅਪ੍ਰੈਲ , 2021 ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਵਾਧੇ ਦੀ ਰੋਕਥਾਮ ਅਤੇ ਇਲਾਜ ਲਈ ਟੁਕਵੇਂ ਉਪਾਅ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਇਥੇ ਕੋਵਿਡ ਪ੍ਰਬੰਧਨ ਸਬੰਧੀ ਸਮੀਖਿਆ ਮੀਟਿੰਗ ਉਪਰੰਤ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਨਿਰੰਤਰ ਕੋਵਿਡ ਕੇਅਰ ਬਲਾਕਾਂ / ਬੈੱਡਾਂ ਵਾਲੇ ਹਰੇਕ ਹਸਪਤਾਲ ਵਿੱਚ ਆਕਸੀਜਨ ਦੀ ਉਪਲਬਧਤਾ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਾਂ। ਫਿਲਹਾਲ, ਕੋਵਿਡ ਅਤੇ ਹੋਰ ਮਰੀਜ਼ਾਂ ਲਈ ਹਰੇਕ ਹਸਪਤਾਲ ਵਿੱਚ ਲੋੜੀਂਦੀ ਆਕਸੀਜਨ ਉਪਲਬਧ ਹੈ। ਹਾਲਾਂਕਿ ਕੁਝ ਹਸਪਤਾਲਾਂ ਨੇ ਮਰੀਜ਼ਾਂ ਲਈ ਸਕੈਨਿੰਗ / ਟੈਸਟ ਕਰਵਾਉਣ ਲਈ ਜਾਣ ਸਮੇਂ ਪੋਰਟੇਬਲ ਸਿਲੰਡਰਾਂ ਦੀ ਲੋੜ ਸਬੰਧੀ ਮੰਗ ਕੀਤੀ ਸੀ ਜਿਸ ਦਾ ਸਫਲਤਾਪੂਰਵਕ ਹੱਲ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਜ਼ਿਲ੍ਹੇ ਵਿਚ ਮੈਡੀਕਲ ਆਕਸੀਜਨ ਦੀ ਉਪਲਬਧਤਾ ਅਤੇ ਵਰਤੋਂ ਦੀ ਕੜੀ ਨਿਗਰਾਨੀ ਕੀਤੀ ਜਾ ਰਹੀ ਹੈ।
ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਲਈ ਆਕਸੀਜਨ ਸਿਲੰਡਰ ਦੀ ਜ਼ਰੂਰਤ ਨੂੰ ਨਕਾਰਦਿਆਂ, ਸ੍ਰੀ ਦਿਆਲਨ ਨੇ ਕਿਹਾ ਕਿ ਸਵੈ- ਇਲਾਜ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ, ਜੇ ਮਰੀਜ਼ ਦੇ ਆਕਸੀਜਨ ਦੇ ਪੱਧਰ ਵਿੱਚ ਗਿਰਾਵਟ ਵੇਖੀ ਜਾਂਦੀ ਹੈ, ਤਾਂ ਮਰੀਜ਼ ਨੂੰ ਬਿਨਾਂ ਦੇਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਆਕਸੀਜਨ ਸਿਲੰਡਰਾਂ ਦੀ ਘਰਾਂ ਵਿੱਚ ਸਪਲਾਈ ਸਿਲੰਡਰਾਂ ਦੀ ਜਮ੍ਹਾਂਖੋਰੀ ਦਾ ਕਾਰਨ ਬਣ ਸਕਦੀ ਹੈ। ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਇਕ ਸੰਦੇਸ਼ ਦੀ ਗੱਲ ਕਰਦਿਆਂ, ਜਿਸ ਵਿਚ ਹਾਈਟੈਕ ਇੰਡਸਟਰੀਜ਼ ਲਿਮਟਿਡ, ਮੁਹਾਲੀ ਘਰੇਲੂ ਇਕਾਂਤਵਾਸ ਅਧੀਨ ਲੋੜਵੰਦਾਂ ਨੂੰ ਮੈਡੀਕਲ ਆਕਸੀਜਨ ਗੈਸ ਮੁਫ਼ਤ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ, ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਇੱਕ ਪੁਰਾਣਾ ਸੰਦੇਸ਼ ਹੈ ਅਤੇ ਹੁਣ ਕੰਪਨੀ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਨਹੀਂ ਕਰ ਰਹੀ।
ਕੇਸਾਂ ਦੀ ਵੱਧ ਰਹੀ ਗਿਣਤੀ ਅਤੇ ਐਲ 2 / ਐਲ 3 ਸਬੰਧੀ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਡਿਪਟੀ ਕਮਿਸ਼ਨਰ ਨੇ ਨਰਸਿੰਗ ਕਾਲਜਾਂ ਨੂੰ ਅਪੀਲ ਕੀਤੀ ਕਿ ਕੋਵਿਡ -19 ਦੇਖਭਾਲ / ਟੈਸਟਿੰਗ ਅਤੇ ਟੀਕਾਕਰਨ ਵਿਚ ਨਰਸਿੰਗ ਵਿਦਿਆਰਥੀ ਸਹਾਇਤਾ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਨਿੱਜੀ ਹਸਪਤਾਲਾਂ ਨੇ ਆਪਣੇ ਸਿਹਤ ਬੁਨਿਆਦੀ ਢਾਂਚੇ ਦਾ 50 ਤੋਂ 75 ਫ਼ੀਸਦੀ ਕੋਵਿਡ ਦੇਖਭਾਲ ਲਈ ਸਮਰਪਿਤ ਕੀਤਾ ਹੈ ਜਿਸ ਤਹਿਤ ਉਨ੍ਹਾਂ ਨੂੰ ਕੋਵਿਡ ਮਰੀਜ਼ਾਂ ਲਈ ਰੱਖੇ ਗਏ ਬੈੱਡਾਂ ਦੀ ਵੱਧ ਰਹੀ ਗਿਣਤੀ ਕਾਰਨ ਵਾਧੂ ਸਟਾਫ਼- ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਲੋੜ ਹੈ।ਇਹ ਔਖੀ ਘੜੀ ਨਰਸਿੰਗ ਵਿਦਿਆਰਥੀਆਂ ਤੋਂ ਸਮਰਥਨ ਦੀ ਮੰਗ ਕਰਦੀ ਹੈ । ਇਹਨਾਂ ਨਰਸਿੰਗ ਵਿਦਿਆਰਥੀ ਹਸਪਤਾਲਾਂ ਵਿੱਚ ਸੇਵਾਵਾਂ ਦਿੰਦਿਆਂ ਕੰਮ ਕਰਨ ਦੇ ਨਾਲ-ਨਾਲ ਸਿਖਲਾਈ ਅਤੇ ਕਮਾਈ ਕਰ ਸਕਦੇ ਹਨ। ਇਸ ਲਈ, ਕੋਵਿਡ ਦੇਖਭਾਲ ਵਿੱਚ ਸਹਾਇਤਾ ਕਰਨ ਦੇ ਚਾਹਵਾਨ ਸਾਰੇ ਨਰਸਿੰਗ ਵਿਦਿਆਰਥੀ ਆਪਣੀ ਸੰਸਥਾ ਦੇ ਮੁਖੀ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੀ ਸਹਿਮਤੀ ਦੇ ਸਕਦੇ ਹਨ।