ਰੂਪਨਗਰ 14 ਫਰਵਰੀ 2022
19 ਅਗਸਤ 2018 ਨੂੰ ਦਵਿੰਦਰ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਦੇ ਵਾਰਸਾਂ ਵਿੱਚ ਉਸ ਦੀ ਬਜੁਰਗ ਮਾਤਾ, ਉਸ ਦੀ ਪਤਨੀ ਅਤੇ ਦੋ ਨਾਬਾਲਗ ਬੱਚੇ ਹਨ। ਜਿਸ ਵਾਹਨ ਨੇ ਇਹ ਐਕਸੀਡੈਂਟ ਕੀਤਾ, ਉਸ ਦੀ ਜਾਂ ਉਸ ਦੇ ਚਾਲਕ ਦੀ ਕਦੀ ਪਛਾਣ ਨਹੀਂ ਹੋ ਸਕੀ, ਜਿਸ ਕਾਰਨ ਕੋਈ ਐਕਸੀਡੈਂਟ ਕਲੇਮ ਵਾਰਸਾਂ ਨੂੰ ਨਹੀਂ ਮਿਲ ਸਕਿਆ। ਸ੍ਰੀ ਮਾਨਵ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਦੱਸਿਆ ਕਿ ਪੰਜਾਬ ਪੀੜਤ ਮੁਆਵਜਾ ਸਕੀਮ, 2017 ਤਹਿਤ ਮ੍ਰਿਤਕ ਦੇ ਵਾਰਸਾਂ ਨੂੰ ਦੋ ਲੱਖ ਰੁਪਏ ਦੀ ਮੁਆਵਜੇ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ।
ਹੋਰ ਪੜ੍ਹੋ :- ਝਾੜੂ ਦਾ ਬਟਨ ਦਬਾਓ, ਹੋਵੇਗਾ ਅਕਾਲੀ-ਕਾਂਗਰਸ-ਭਾਜਪਾ ਦੀ ਗੰਦੀ ਰਾਜਨੀਤੀ ਦਾ ਸਫਾਇਆ-ਭਗਵੰਤ ਮਾਨ
ਇਸ ਰਾਸ਼ੀ ਦਾ 35 ਫੀਸਦੀ ਹਿੱਸਾ ਮ੍ਰਿਤਕ ਦੀ ਪਤਨੀ, 15 ਫੀਸਦੀ ਹਿੱਸਾ ਮ੍ਰਿਤਕ ਦੀ ਮਾਤਾ ਦੇ ਬੈਂਕ ਖਾਤੇ ’ਚ ਅਦਾ ਕੀਤਾ ਗਿਆ ਅਤੇ ਇਸ ਰਾਸ਼ੀ ਦਾ ਬਕਾਇਆ 50 ਫੀਸਦੀ ਹਿੱਸਾ ਮ੍ਰਿਤਕ ਦੇ ਬੱਚਿਆਂ ਦੇ ਬੈਂਕ ਖਾਤਿਆਂ ’ਚ ਫਿਕਸ ਡਿਪਾਜ਼ਿਟ ਦੇ ਰੂਪ ਵਿੱਚ ਅਦਾ ਕੀਤਾ ਗਿਆ। ਇਸ ਮੌਕੇ ’ਤੇ ਸਕੱਤਰ ਸਾਹਿਬ ਨੇ ਦੱਸਿਆ ਕਿ ਕਤਲ, ਤੇਜ਼ਾਬੀ ਹਮਲਾ, ਜਬਰ-ਜਨਾਹ, ਸਰੀਰਕ ਸ਼ੋਸ਼ਣ, ਭਰੂਣ ਨੁਕਸਾਨ, ਅਣਪਛਾਤੇ ਵਾਹਨ ਨਾਲ ਵਿਅਕਤੀ ਦੀ ਮੌਤ ਆਦਿ ਤੇ ਮੁਆਵਜ਼ੇ ਦਾ ਪ੍ਰਾਵਧਾਨ ਹੈ। ਇਸੇ ਤਰ੍ਹਾਂ ਔਰਤਾਂ ਤੇ ਬੱਚੀਆਂ ਲਈ ਕਿਸੇ ਤਰ੍ਹਾਂ ਦੇ ਸਰੀਰਕ ਸ਼ੋਸ਼ਣ ਜਾਂ ਅਪਰਾਧ ਨੂੰ ਲੈ ਕੇ ਨਾਲਸਾ ਪੀੜਤ ਮੁਆਵਜਾ ਸਕੀਮ 2018 ਤਹਿਤ ਵੀ ਮੁਆਵਜੇ ਦਾ ਪ੍ਰਾਵਧਾਨ ਹੈ।
ਸ੍ਰੀ ਮਾਨਵ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਸਮੇਂ-ਸਮੇਂ ਤੇ ਆਮ ਲੋਕਾਂ ਨੂੰ ਇਸ ਮੁਆਵਜੇ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਪ੍ਰੋਗਰਾਮ ਕਰਦੀ ਰਹਿੰਦੀ ਹੈ। ਆਮ ਲੋਕਾਂ ਨੂੰ ਇਸ ਸਕੀਮ ਤਹਿਤ ਵੱਧ ਤੋਂ ਵੱਧ ਮੁਆਵਜ਼ਾ ਲੈਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰਨਾ ਚਾਹੀਦਾ ਹੈ।