ਰੂਪਨਗਰ, 27 ਜਨਵਰੀ 2022
ਸ਼੍ਰੀ ਵਿਵੇਕਸ਼ੀਲ ਸੋਨੀ, ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਰੂਪਨਗਰ ਦੀ ਟੀਮ ਜਦੋਂ ਰੋਪੜ ਤੋਂ ਕੀਰਤਪੁਰ ਸਾਹਿਬ ਨੂੰ ਜਾ ਰਹੀ ਸੀ ਤਾਂ ਪਿੰਡ ਮਲਕਪੁਰ ਦੇ ਨਜਦੀਕ ਸ਼ੱਕ ਦੇ ਅਧਾਰ ‘ਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਸ ਤੋਂ ਮੌਕੇ ‘ਤੇ ਇਕ ਦੇਸੀ ਪਿਸਤੌਲ ਬਰਾਮਦ ਕੀਤਾ।
ਹੋਰ ਪੜ੍ਹੋ :-ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਦੇ ਵਿਦਿਆਰਥੀਆਂ ਦੀ ਕੋਵਿਡ ਵੈਕਸੀਨ ਲਗਵਾਉਣ ਹਿਤ 7ਵੇਂ ਕੈਂਪ ਦਾ ਆਯੋਜਨ
ਉਨ੍ਹਾਂ ਦੱਸਿਆ ਕਿ ਪਿਸਤੌਲ ਦੀ ਬਾਡੀ ‘ਤੇ ਮੇਡ ਇੰਨ ਇਟਲੀ ਲਿਖਿਆ ਹੋਇਆ ਜਿਸ ਦੇ ਮੈਗਜੀਨ ਵਿੱਚੋਂ 05 ਜਿੰਦਾ ਕਾਰਤੂਸ ਬਰਾਮਦ ਹੋਏ ਜਿਸ ਉਪਰੰਤ ਦੋਸ਼ੀ ਕੈਫ ਸ਼ਿਆਮਾ ਪੁੱਤਰ ਮੁਹੰਮਦ ਰਮਜਾਨ ਵਾਸੀ ਸਰਹੰਦੀ ਗੇਟ ਮਲੇਰਕੋਟਲਾ ਵਿਰੁੱਧ ਮੁਕੱਦਮਾ ਨੰਬਰ 10 ਮਿਤੀ 26 ਜਨਵਰੀ 2022 ਅ/ਧ 25/54/59 ਅਸਲਾ ਐਕਟ ਥਾਣਾ ਸਦਰ ਰੂਪਨਗਰ ਰਜਿਸਟਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਦੇ ਬਿਆਨ ਦੇ ਅਧਾਰ ‘ਤੇ 02 ਦੇਸੀ ਪਿਸਤੌਲ 12 ਬੋਰ ਸਮੇਤ 05 ਕਾਰਤੂਸ ਜਿੰਦਾ 12 ਬੋਰ ਅਤੇ 02 ਦੇਸੀ ਪਿਸਤੌਲ 315 ਬੋਰ ਸਮੇਤ 05 ਕਾਰਤੂਸ ਜਿੰਦਾ ਹੋਰ ਬਰਾਮਦ ਕੀਤੇ ਗਏ।
ਐਸ ਐਸ ਪੀ ਨੇ ਦੱਸਿਆ ਕਿ ਦੋਸ਼ੀ ਪਾਸੋਂ ਪਿਸਤੌਲਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹਥਿਆਰਾਂ ਦੀ ਖੇਪ ਕਿਸ ਦੋਸ਼ੀ ਪਾਸੋਂ ਅਤੇ ਕਿੱਥੋਂ ਆਈ ਹੈ ਅਤੇ ਇਹ ਹਥਿਆਰ ਕਿਸ ਮਕਸਦ ਲਈ ਲਿਆਦੇ ਗਏ ਹਨ। ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦੋਸ਼ੀ ਕੋਲੋਂ ਪੁਲਿਸ ਰਿਮਾਂਡ ਵਿਚ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਤਹਿਤ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਹੈ।