15 ਦਸੰਬਰ 2022 ਨੂੰ ਗ੍ਰਿਫਤਾਰ ਕੀਤੇ ਗਏ 4 ਦੋਸ਼ੀਆਂ ਤੋਂ ਬਾਅਦ ਜੁੜੀ ਕੜੀ ਤਹਿਤ ਕਾਮਯਾਬੀ
ਦੋਸ਼ੀਆਂ ਖਿਲਾਫ ਐਨ.ਡੀ.ਪੀ.ਐਸ ਐਕਟ ਤੇ ਆਰਮਜ਼ ਐਕਟ ਸਮੇਤ ਹੋਰ ਕਈ ਗੰਭੀਰ ਮਾਮਲੇ ਪਹਿਲਾਂ ਦਰਜ
ਰੂਪਨਗਰ, 2 ਜਨਵਰੀ 2023
ਰੂਪਨਗਰ ਪੁਲਿਸ ਵਲੋਂ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਕਰਨ ਵਾਲੇ ਅਪਰਾਧੀਆਂ ਵਿਰੁੱਧ ਚਲਾਏ ਗਏ ਇਕ ਵਿਸ਼ੇਸ਼ ਆਪ੍ਰੇਸ਼ਨ ਤਹਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 06 ਮੈਂਬਰ 12 ਮਾਰੂ ਹਥਿਆਰਾਂ ਸਮੇਤ ਕਾਬੂ ਕੀਤੇ ਗਏ।
ਹੋਰ ਪੜ੍ਹੋ – ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਨਵੇਂ ਸਾਲ 2023 ਦੀਆਂ ਵਧਾਈਆਂ
ਇਸ ਬਾਰੇ ਪ੍ਰੈੱਸ ਕਾਨਫਰੈਂਸ ਰਾਹੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ, ਆਈ.ਪੀ.ਐਸ., ਸ਼੍ਰੀ ਵਿਵੇਕ ਐੱਸ ਸੋਨੀ ਰੂਪਨਗਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੁਲਿਸ ਵਲੋਂ ਵਿਆਪਕ ਪੱਧਰ ਉੱਤੇ ਪੁਲਿਸ ਟੀਮਾਂ ਬਣਾ ਕੇ ਗੈਰ ਸਮਾਜੀ ਅਨਸਰਾ/ਗੈਗਸਟਰਾਂ ਖਿਲਾਫ ਮੁਹਿੰਮ ਛੇੜੀ ਗਈ ਹੈ। ਜਿਸ ਤਹਿਤ ਪੀ.ਪੀ.ਐਸ, ਕਪਤਾਨ ਪੁਲਿਸ (ਡਿਟੇਕਟਿਵ) ਸ਼੍ਰੀ ਮਨਵਿੰਦਰਬੀਰ ਸਿੰਘ ਅਤੇ ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡਿਟੇਕਟਿਵ) ਰੂਪਨਗਰ ਸ਼੍ਰੀ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਰੋਪੜ ਪੁਲਿਸ ਨੂੰ ਬਹੁਤ ਅਹਿਮ ਕਾਮਯਾਬੀ ਹਾਸਲ ਹੋਈ ਹੈ ਜਦੋਂ ਗੈਗਸਟਰ ਜੱਗੂ ਭਗਵਾਨਪੁਰੀਆ ਦੇ 06 ਮੈਂਬਰਾਂ ਨੂੰ 12 ਮਾਰੂ ਹਥਿਆਰਾਂ ਅਤੇ 50 ਜਿੰਦਾ ਰੌਂਦ ਸਮੇਤ ਕਾਬੂ ਕੀਤਾ ਗਿਆ।
ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਇਨ੍ਹਾਂ ਅਪਰਾਧੀਆਂ ਦੀ ਗ੍ਰਿਫਤਾਰੀ ਨਾਲ ਬਹੁਤ ਗੰਭੀਰ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਖਤਰਨਾਕ ਮਨਸੂਬੇ ਫੇਲ੍ਹ ਹੋਏ ਹਨ ਜੋ ਇਨ੍ਹਾਂ ਗੈਰ-ਕਾਨੂੰਨੀ ਹਥਿਆਰਾਂ ਨਾਲ ਪੰਜਾਬ ਵਿੱਚ ਕੀਤੇ ਜਾਣੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੈਰ ਸਮਾਜੀ ਅਨਸਰਾਂ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਨਜਾਇਜ ਹਥਿਆਰ ਅਤੇ ਨਸ਼ਾ ਸਪਲਾਈ ਕਰਨ ਦਾ ਕੰਮ ਵੀ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਸੀ। ਜਿਸ ਲਈ ਰੂਪਨਗਰ ਪੁਲਿਸ ਦੀ ਟੀਮਾਂ ਵਲੋਂ ਇਨ੍ਹਾਂ ਅਪਰਾਧੀਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ।
ਉਨ੍ਹਾਂ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ ਇਨ੍ਹਾਂ ਅਪਰਾਧੀਆਂ ਉਤੇ ਕਾਬੂ ਪਾਉਣ ਲਈ 15 ਦਸੰਬਰ, 2022 ਨੂੰ ਇੰਸਪੈਕਟਰ ਇੰਚਾਰਜ ਸੀ.ਆਈ.ਏ. ਰੂਪਨਗਰ ਸਤਨਾਮ ਸਿੰਘ ਦੀ ਟੀਮ ਨੇ ਮੁਕੱਦਮਾ ਨੰਬਰ 124 ਅ/ਧ 25/54/59 ਅਰਮਸ ਅਚਟ ਥਾਣਾ ਸਿਟੀ ਮੋਰਿੰਡਾ ਦਰਜ ਕਰਵਾ ਕੇ 04 ਦੋਸ਼ੀਆਨ ਨੂੰ ਸਮੇਤ 04 ਪਿਸਟਲ ਸਮੇਤ 20 ਰੌਂਦ ਜਿੰਦਾ ਦੇ ਕਾਬੂ ਕੀਤਾ ਸੀ। ਇਸੇ ਕੜੀ ਤਹਿਤ ਅਪਰਾਧਿਕ ਪਿਛੋਕੜ ਵਾਲੇ ਸੰਪਰਕਾਂ ਨੂੰ ਟ੍ਰੇਸ ਕਰਦੇ ਹੋਏ ਦੋਸ਼ੀ ਅਰਸ਼ਦੀਪ ਸਿੰਘ ਫੌਜੀ ਨੂੰ ਅਮ੍ਰਿਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛ-ਪੜਤਾਲ ਕੀਤੀ ਗਈ। ਜਿਸ ਉਪਰੰਤ ਅਗਲਾ ਦੋਸ਼ੀ, ਜਿਸ ਨੇ ਗੈਗਸਟਰਾਂ ਦੀ ਦੁਨੀਆ ਵਿੱਚ (ਕੋਡ ਵਰਡ ਵਿੱਚ) ਆਪਣਾ ਨਾਮ 777 ਰੱਖਿਆ ਹੋਇਆ ਸੀ, ਦਾ ਪੂਰਾ ਨਾਮ ਤੇ ਪਤਾ ਟ੍ਰੇਸ ਕਰਕੇ, ਦੋਸ਼ੀ ਵਰਿੰਦਰਪਾਲ ਸਿੰਘ ਵਿੱਕੀ 777 ਨੂੰ ਵੀ ਅਮ੍ਰਿਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉਤੇ ਲਿਆ ਕੇ ਦੋਸ਼ੀਆਨ ਪਾਸੋਂ ਮਿਤੀ 01.01.2023 ਨੂੰ 08 ਹੋਰ ਪਿਸਤੌਲ ਸਮੇਤ 30 ਰੋਂਦ ਜਿੰਦਾ ਬ੍ਰਾਂਮਦ ਕੀਤੇ ਗਏ ਹਨ।
ਸ਼੍ਰੀ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਦੋਸ਼ੀ ਰਿਸ਼ਵ ਪੁੱਤਰ ਸੁਖਚੈਨ, ਪ੍ਰਦੀਪ ਸਿੰਘ ਕਾਕਾ, ਜਸਪਾਲ ਸਿੰਘ ਸ਼ਾਹ, ਪਰਗਟ ਸਿੰਘ, ਅਰਸ਼ਦੀਪ ਸਿੰਘ ਅਤੇ ਵਰਿੰਦਰਪਾਲ ਵਿੱਕੀ ਪਾਸੋਂ ਹੁਣ ਤੱਕ ਕੁੱਲ 12 ਪਿਸਤੌਲ ਸਮੇਤ 50 ਰੌਂਦ ਜਿੰਦਾ ਬ੍ਰਾਂਮਦ ਕੀਤੇ ਜਾ ਚੁੱਕੇ ਹਨ। ਜਦਕਿ ਅੱਗੇ ਤਫਤੀਸ਼ ਜਾਰੀ ਹੈ। ਇਹਨਾਂ ਦੇ ਇੱਕ ਹੋਰ ਗੈਂਗ ਮੈਂਬਰ ਬਾਰੇ ਸਨਾਖਤ ਹੋਈ ਹੈ, ਜਿਸਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਨਾਂ ਦੋਸ਼ੀਆਂ ਖਿਲਾਫ ਐਨ.ਡੀ.ਪੀ.ਐਸ ਐਕਟ ਅਤੇ ਆਰਮਜ਼ ਐਕਟ ਸਮੇਤ ਹੋਰ ਕਈ ਗੰਭੀਰ ਮਾਮਲੇ ਦਰਜ ਹਨ।