ਮਿਸ਼ਨ ਫ਼ਤਿਹ—2
01,49,891 ਘਰਾਂ ਦਾ ਸਰਵੇਖਣ
06,86,881 ਵਿਅਕਤੀਆਂ ਦੀ ਸਕਰੀਨਿੰਗ
ਐਸ ਏ ਐਸ ਨਗਰ, 04 ਜੂਨ 2021
ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਮਿਸ਼ਨ ਫ਼ਤਿਹ-2 ਮੁਹਿੰਮ ਤਹਿਤ ਜਿ਼ਲ੍ਹਾ ਐਸ.ਏ.ਐਸ. ਨਗਰ ਵਿਚ 21 ਮਈ ਤੋਂ ਸ਼ੁਰੂ ਹੋਏ ਕੋਵਿਡ ਸੈਂਪਲਿੰਗ ਅਤੇ ਘਰ ਘਰ ਸਕਰੀਨਿੰਗ/ਸਰਵੇ ਦਾ ਕੰਮ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਮੁਹਿੰਮ ਜਿ਼ਲ੍ਹੇ ਦੇ ਤਿੰਨੇ ਸਿਹਤ ਬਲਾਕਾਂ—ਘੜੂੰਆਂ, ਡੇਰਾਬੱਸੀ ਅਤੇ ਬੂਥਗੜ੍ਹ ਦੇ ਪਿੰਡਾਂ ਵਿਚ ਚਲਾਈ ਗਈ।
ਇਸ ਤਹਿਤ ਆਸ਼ਾ ਵਰਕਰਾਂ ਸਮੇਤ ਸਿਹਤ ਟੀਮਾਂ ਨੇ ਜਿ਼ਲ੍ਹੇ ਦੇ ਕੁਲ 1,49,891 ਘਰਾਂ ਵਿਚ ਫੇਰੀ ਪਾਈ ਹੈ ਅਤੇ 6,86,881 ਵਿਅਕਤੀਆਂ ਦੀ ਸਕਰੀਨਿੰਗ ਕੀਤੀ।
ਇਸ ਦੌਰਾਨ ਕੁਲ 7180 ਰੈਪਿਡ ਐਂਟੀਜ਼ਨ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 328 ਵਿਅਕਤੀ ਪਾਜ਼ੇਟਿਵ ਨਿਕਲੇ। ਪਹਿਲਾਂ ਜਿ਼ਲ੍ਹੇ ਵਿਚਲੇ ਪਿੰਡਾਂ ਦੇ 1,24,954 ਘਰਾਂ ਵਿਚ ਫੇਰੀ ਪਾਉਣ ਅਤੇ 6,25,540 ਆਬਾਦੀ ਨੂੰ ਕਵਰ ਕਰਨ ਦਾ ਟੀਚਾ ਸੀ। ਪਰ ਬਾਅਦ ਵਿੱਚ ਕੋਵਿਡ ਮਹਾਂਮਾਰੀ ਕਾਰਨ ਇਹਤਿਆਤ ਵਜੋਂ ਸ਼ਹਿਰਾਂ ਦੀ ਹਦੂਦ ਵਿਚ ਆਏ ਹੋਏ ਪਿੰਡਾਂ ਨੂੰ ਵੀ ਕਵਰ ਕੀਤਾ ਗਿਆ ਹੈ।
ਇਸ ਵੱਡਮੁੱਲੇ ਕਾਰਜ ਲਈ ਡਾਕਟਰਾਂ, ਸੀ.ਐਚ.ਓ.ਜ਼, ਸਿਹਤ ਵਰਕਰਾਂ ਅਤੇ ਆਸ਼ਾ ਵਰਕਰਾਂ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਇਸ ਸਰਵੇ ਨੂੰ ਪੂਰਾ ਕੀਤਾ ਹੈ। ਇਸ ਮੁਹਿੰਮ ਵਿੱਚ ਪਿੰਡਾਂ ਦੇ ਲੋਕਾਂ ਖ਼ਾਸਕਰ ਸਰਪੰਚਾਂ ਦਾ ਸਹਿਯੋਗ ਅਹਿਮ ਰਿਹਾ।
ਇਹ ਸਰਵੇ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ ਅਤੇ ਪਿੰਡਾਂ ਨੂੰ ਪੂਰੀ ਤਰ੍ਹਾਂ ਕੋਵਿਡ ਮੁਕਤ ਬਣਾਉਣ ਵਿਚ ਲਾਹੇਵੰਦ ਸਿੱਧ ਹੋਵੇਗਾ।
ਭਾਵੇਂ ਸ਼ਹਿਰਾਂ ਅਤੇ ਪਿੰਡਾਂ ਵਿਚ ਕੋਵਿਡ ਦੇ ਮਾਮਲੇ ਕਾਫ਼ੀ ਘੱਟ ਗਏ ਹਨ ਪਰ ਕੋਵਿਡ ਦੇ ਮਾਮਲੇ ਘਟਣ ਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਇਹ ਬੀਮਾਰੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।
ਇਹ ਯਕੀਨੀ ਬਨਾਉਣ ਲਈ ਕਿ ਇਹ ਬੀਮਾਰੀ ਮੁੜ ਭਿਆਨਕ ਰੂਪ ਵਿਚ ਸਾਹਮਣੇ ਨਾ ਆਵੇ, ਸਾਨੂੰ ਸਾਰਿਆਂ ਨੂੰ ਮਾਸਕ ਪਾਉਣ, ਇਕ ਦੂਜੇ ਤੋਂ ਦੋ ਗਜ਼ ਦੀ ਦੂਰੀ ਰੱਖਣ ਅਤੇ ਵਾਰ—ਵਾਰ ਹੱਥ ਧੋਣ ਜਿਹੀਆਂ ਬੁਨਿਆਦੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਮਾੜੀ ਮੋਟੀ ਤਕਲੀਫ਼ ਹੋਣ ’ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾਵੇ।