ਦੋਸਤਾਂ ਦੀ ਜੋੜੀ ਨੇ ਤਿੰਨ ਏਕੜ ’ਚ ਲਾਇਆ ਗੁਲਾਬ
ਬਾਗਬਾਨੀ ਵਿਭਾਗ ਦੀ ਟੀਮ ਵੱਲੋਂ ਖੇਤ ਦਾ ਦੌਰਾ
ਬਰਨਾਲਾ/ਤਪਾ (ਰੂੜੇਕੇ ਕਲਾਂ), 27 ਫਰਵਰੀ 2023
ਜ਼ਿਲ੍ਹਾ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਵਾਸੀ ਦੋਸਤਾਂ ਦੀ ਜੋੜੀ ਨੇ ਫੁੱਲਾਂ ਦੀ ਖੇਤੀ ਵੱਲ ਕਦਮ ਵਧਾਉਂਦੇ ਹੋਏ ਦੇਸੀ ਗੁਲਾਬ ਦੀ ਕਾਸ਼ਤ ਦੀ ਪਹਿਲਕਦਮੀ ਜ਼ਿਲ੍ਹੇ ’ਚ ਕੀਤੀ ਹੈ।ਰੂੜੇਕੇ ਕਲਾਂ ਦੇ ਵਾਸੀ ਚਮਕੌਰ ਸਿੰਘ ਪੁੱਤਰ ਨਾਜਰ ਸਿੰਘ ਅਤੇ ਲਖਵੀਰ ਸਿੰਘ ਪੁੱਤਰ ਹਰਨਾਮ ਸਿੰਘ ਨੇ ਫਸਲੀ ਚੱਕਰ ਤੋਂ ਹਟ ਕੇ ਕੁਝ ਵੱਖਰਾ ਕਰਨੀ ਦੀ ਧਾਰੀ।
ਹੋਰ ਪੜ੍ਹੋ – ਲਾਈਨਜ਼ ਕਲੱਬ ਫਾਜ਼ਿਲਕਾ ਵੱਲੋਂ ਸ਼੍ਰੀ.ਰਾਮ ਸ਼ਰਣਮ ਆਸਰਮ ਵਿਖੇ ਵਿਖੇ ਲਗਾਇਆ ਗਿਆ ਅੱਖਾਂ ਦਾ ਮੁਫ਼ਤ
ਚਮਕੌਰ ਸਿੰੰਘ ਨੇ ਦੱਸਿਆ ਕਿ ਉਹ ਸਾਲ 2017 ਤੋਂ ਇਸ ਕਿੱਤੇ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ। ਇਸ ਵਾਸਤੇ ਉਹ ਅਰੋਮਾ ਮਿਸ਼ਨ ਨਾਲ ਵੀ ਜੁੜੇ ਅਤੇ ਇੰਸਟੀਚਿਊਟ ਆਫ ਹਿਮਾਲੀਅਨ ਬਾਇਓਰਿਸੋਰਸ ਟੈਕਨਾਲੋਜੀ (ਆਈਐੱਚਬੀਟੀ) ਪਾਲਮਪੁਰ, ਹਿਮਾਚਲ ਪ੍ਰਦੇਸ਼ ਜਿਹੇ ਅਦਾਰੇ ਨਾਲ ਵੀ ਤਾਲਮੇਲ ਬਣਾਇਆ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ 2 ਕਨਾਲਾਂ ‘ਚ ਗੁਲਾਬ ਦੇ ਪੌਦੇ ਪਾਲਮਪੁਰ ਤੋਂ ਲਿਆ ਕੇ ਲਗਾਏ। ਇਸ ਮਗਰੋਂ ਰਕਬਾ ਵਧਾਉਂਦੇ ਹੋਏ ਹੁਣ 3 ਏਕੜ ‘ਚ ਗੁਲਾਬ ਦੇ ਪੌਦੇ ਲਾਏ ਹਨ, ਜਿਨ੍ਹਾਂ ‘ਚੋਂਂ ਪਹਿਲਾਂ ਲਾਏ 1 ਏਕੜ ’ਚ ਫੁੱਲ ਲੱਗਣ ਲੱਗੇ ਹਨ।
ਉਨ੍ਹਾਂ ਦੱਸਿਆ ਕਿ ਗੁਲਾਬ ਦੇ ਪੌਦੇ, ਲੇਬਰ ਤੇ ਵਾੜ ਆਦਿ ਦਾ ਖਰਚਾ ਪਾ ਕੇ ਗੁਲਾਬਾਂ ਦੀ ਖੇਤੀ ’ਤੇ ਪ੍ਰਤੀ ਏਕੜ ਕਰੀਬ 5 ਲੱਖ ਤੱਕ ਦਾ ਖਰਚਾ ਆ ਜਾਂਦਾ ਹੈੇ। ਉਨ੍ਹਾਂ ਦੱਸਿਆ ਕਿ ਹਿਮਾਚਲ ਅਤੇ ਪੰਜਾਬ ਦੇ ਵਾਤਾਵਰਣਿਕ ਅੰਤਰ ਕਰਕੇ ਵੀ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੌਸਮੀ ਤਪਸ਼ ਜਾਂ ਕੋਰੇ ਆਦਿ ਨਾਲ ਕਈ ਪੌਦੇ ਮੱਚ ਵੀ ਜਾਂਦੇ ਹਨ, ਜਿਸ ਕਾਰਨ 50 ਫੀਸਦੀ ਪੌਦੇ ਹੀ ਕਾਮਯਾਬ ਹੋ ਪਾਉਂਦੇ ਹਨ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਉਹ ਇਸ ਪਾਸੇ ਜੁਟੇ ਹੋਏ ਹਨ ਤਾਂ ਜੋ ਨਵੇਂ ਤਜਰਬੇ ਕਰ ਸਕਣ।
ਲਖਵੀਰ ਸਿੰਘ, ਜੋ ਕਿ ਸਾਬਕਾ ਫੌਜੀ ਹਨ, ਨੇ ਦੱਸਿਆ ਕਿ ਉਹ ਵਾਤਾਵਰਣਿਕ ਚੁਣੌਤੀਆਂ ਦੇ ਬਾਵਜੂਦ ਗੁਲਾਬ ਦੀ ਖੇਤੀ ਦੇ ਟ੍ਰਾਇਲ ‘ਚ ਜੁਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਤਿੰਨ ਸਾਲ ਪਹਿਲਾਂ ਲਾਏ 1 ਏਕੜ ਰਕਬੇ ’ਚ ਹੁਣ ਝਾੜ ਨਿਕਲਣ ਲੱਗਾ ਹੈ, ਜਿਸ ਵਾਸਤੇ ਉਹ ਗੁਲਾਬ ਜਲ ਦੇ ਕਾਰੋਬਾਰ ਵਾਸਤੇ ਰਾਬਤਾ ਬਣਾਉਣ ‘ਚ ਜੁਟੇ ਹੋਏ ਹਨ।
ਇਸ ਦੌਰਾਨ ਡਿਪਟੀ ਡਾਇਰੈਕਟਰ (ਬਾਗਬਾਨੀ) ਬਰਨਾਲਾ ਸ. ਮਲਕੀਤ ਸਿੰਘ ਅਤੇ ਬਾਗਬਾਨੀ ਅਫਸਰ ਨਰਪਿੰਦਰ ਕੌਰ ਵੱਲੋਂ ਖੇਤ ਦਾ ਦੌਰਾ ਕੀਤਾ ਗਿਆ ਅਤੇ ਗੁਲਾਬ ਦੀ ਖੇਤੀ ਵਾਸਤੇ ਵਿਭਾਗੀ ਸਕੀਮਾਂ ਅਤੇ ਸਬਸਿਡੀ ਆਦਿ ਬਾਰੇ ਜਾਣਕਾਰੀ ਮੁਹੱਈਆ ਕਰਾਈ। ਉਨ੍ਹਾਂ ਕਿਹਾ ਕਿ ਗੁਲਾਬਾਂ ਦੀ ਖੇਤੀ ਜ਼ਿਲ੍ਹਾ ਬਰਨਾਲਾ ’ਚ ਪਹਿਲੀ ਵਾਰ ਕੀਤੀ ਜਾ ਰਹੀ ਹੈ ਤੇ ਵਿਭਾਗ ਵੱਲੋਂ ਕਿਸਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਸ਼ਲਾਘਾ
ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਚਮਕੌਰ ਸਿੰੰਘ ਅਤੇ ਲਖਵੀਰ ਸਿੰਘ ਵਾਸੀ ਰੂੜੇਕੇ ਕਲਾਂ ਦੇ ਉਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸ਼ੁੱਭ ਸ਼ਗਨ ਹੈ ਕਿ ਜ਼ਿਲ੍ਹੇ ਦੇ ਨੌਜਵਾਨ ਫਸਲੀ ਵਿਭਿੰਨਤਾ ’ਚ ਨਵੀਆਂ ਪਿਰਤਾਂ ਪਾ ਰਹੇ ਹਨ ਤੇ ਕਿਰਸਾਨੀ ਦੇ ਨਾਲ ਨਾਲ ਉੱਦਮੀ ਬਣਨ ਵੱਲ ਕਦਮ ਵਧਾ ਰਹੇ ਹਨ।