ਲਾਭਪਾਤਰੀਆਂ ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ
ਲੁਧਿਆਣਾ, 31 ਦਸੰਬਰ 2021
ਹਲਕਾ ਗਿੱਲ ਵਿਧਾਇਕ ਸ. ਕੁਲਦੀਪ ਸਿੰਘ ਵੈਦ ਵੱਲੋਂ ਅੱਜ ਐਸ.ਸੀ. ਕਾਰਪੋਰੇਸ਼ਨ ਦੇ 64 ਕਰਜ਼ਦਾਰਾਂ ਨੂੰ 28.54 ਲੱਖ ਰੁਪਏ ਦੇ ਕਰਜ਼ਾ ਮੁਆਫੀ ਸਰਟੀਫਿਕੇਟ ਵੰਡੇ ਗਏ।
ਹੋਰ ਪੜ੍ਹੋ :-ਨਵਾਂ ਸਾਲ 2022 ਸਾਰਿਆਂ ਲਈ ਅਮਨ-ਸ਼ਾਂਤੀ, ਖੁਸ਼ਹਾਲੀ ਤੇ ਕਾਮਯਾਬੀ ਲੈ ਕੇ ਆਵੇ-ਉੱਪ ਮੁੱਖ ਮੰਤਰੀ ਪੰਜਾਬ ਰੰਧਾਵਾ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਕਰਜ਼ਦਾਰਾਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਸੀ ਅਤੇ ਉਹ ਕੋਵਿਡ-19 ਮਹਾਂਮਾਰੀ ਦੌਰਾਨ ਕੰਮਕਾਜ਼ ਠੱਪ ਹੋ ਜਾਣ ਦੀ ਸੂਰਤ ਵਿੱਚ ਵਿੱਤੀ ਸੰਕਟ ਨਾਲ ਜੂਝ ਰਹੇ ਸਨ ਅਤੇ ਆਪਣਾ ਇਹ ਕਰਜ਼ਾ ਮੋੜਨ ਵਿੱਚ ਅਸਮਰੱਥ ਸਨ।
ਇਸ ਮੌਕੇ ਕਰਜ਼ਦਾਰਾਂ ਵੱਲੋਂ ਸਾਂਝੇ ਤੌਰ ‘ਤੇ ਕਿਹਾ ਗਿਆ ਕਿ ਕੋਰੋਨਾ ਦੀ ਬਿਮਾਰੀ ਕਾਰਨ ਉਨ੍ਹਾਂ ਦੇ ਕਾਰੋਬਾਰ ਠੱਪ ਹੋ ਗਏ ਸਨ ਅਤੇ ਉਹ ਕਰਜ਼ਾ ਮੋੜਨ ਤੋਂ ਅਸਮਰੱਥ ਸਨ। ਉਨ੍ਹਾਂ ਇਸ ਔਖੀ ਘੜੀ ਵਿੱਚ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਕਮਜ਼ੋਰ ਵਰਗ ਦੇ ਵਿਅਕਤੀਆਂ ਦਾ ਕਰਜ਼ਾ ਮੁਆਫ ਕਰਕੇ ਵੱਡੀ ਰਾਹਤ ਦਿੱਤੀ ਹੈ।
ਵਿਧਾਇਕ ਸ. ਕੁਲਦੀਪ ਸਿੰਘ ਵੈਦ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ 40 ਫੀਸਦ ਤੋਂ ਵੱਧ ਅੰਗਹੀਣ ਵਿਅਕਤੀ ਨੂੰ ਜੋ ਕਿ ਕਿਸੇ ਵੀ ਜਾਤੀ ਨਾਲ ਸਬੰਧਤ ਹਨ, ਨੂੰ ਬਹੁਤ ਹੀ ਘੱਟ ਵਿਆਜ਼ ਤੇ ਸਵੈ-ਰੋਜ਼ਗਾਰ ਲਈ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਪੱਕੇ ਸਫਾਈ ਕਰਮਚਾਰੀਆਂ ਤੇ ਆਸ਼ਰਿਤ ਵਿਅਕਤੀ ਜੋ ਸਵੈ-ਰੋਜ਼ਗਾਰ ਚਲਾਉਣਾ ਚਾਹੁੰਦੇ ਹਨ, ਨੂੰ ਵੀ ਕਾਰਪੋਰੇਸ਼ਨ ਵੱਲੋਂ ਕਰਜ਼ਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਦੀ ਭਲਾਈ ਲਈ ਵਚਨਬੱਧ ਹੈ ਜਿਸਦੇ ਤਹਿਤ ਉਨ੍ਹਾਂ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਆਰਥਿਕ ਬੋਝ ਥੱਲੇ ਦੱਬੇ ਇਨ੍ਹਾਂ ਲੋਕਾਂ ਦਾ ਕਰਜ਼ਾ ਮਾਫ ਕਰਦਿਆਂ ਉਨ੍ਹਾਂ ਦੀ ਬਾਂਹ ਫੜੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿੱਚ ਅਣਥੱਕ ਮਿਹਨਤ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਈ ਲੋਕ ਪੱਖੀ ਪਹਿਲਕਦਮੀਆਂ ਦੀ ਸੂਚੀ ਦਿੰਦਿਆਂ ਉਨ੍ਹਾਂ ਕਿਹਾ ਕਿ 1500 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕੀਤੇ ਗਏ ਹਨ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 3 ਰੁਪਏ ਪ੍ਰਤੀ ਯੂਨਿਟ ਘਟਾਈਆਂ ਗਈਆਂ ਹਨ, ਪੇਂਡੂ ਖੇਤਰਾਂ ਵਿੱਚ 1200 ਕਰੋੜ ਰੁਪਏ ਦੇ ਬਿੱਲ ਮੁਆਫ਼ ਕੀਤੇ ਗਏ, ਪਾਣੀ ਦੇ ਬਿੱਲ ਨੂੰ ਘਟਾ ਕੇ 50 ਰੁਪਏ ਕੀਤਾ ਗਿਆ ਹੈ ਅਤੇ ਰੇਤ ਦੇ ਰੇਟ ਵੀ ਬਹੁਤ ਘਟਾ ਦਿੱਤੇ ਗਏ ਹਨ।
ਇਸ ਮੌਕੇ ਸ੍ਰੀ ਨਰੇਸ਼ ਧੀਗਾਨ ਵਾਈਸ ਚੇਅਰਮੈਨ ਪੰਜਾਬ ਅਨੁਸੂਚਿਤ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ, ਨਿਗਮ ਕੌਂਸਲਰ ਸ. ਹਰਕਰਨਦੀਪ ਸਿੰਘ ਵੈਦ, ਸ੍ਰੀ ਵਿਜੈ ਕੁਮਾਰ ਡੀ.ਐਮ., ਸ੍ਰੀ ਭੁਪਿੰਦਰ ਕੁਮਾਰ(ਜੂ.ਸ), ਸ੍ਰੀ ਸ਼ਿਵ ਕੁਮਾਰ ਪਾਰਚਾ, ਸ੍ਰੀ ਅਰਜਨ ਧੀਗਾਨ (ਐਡਵੋਕੇਟ), ਸ੍ਰੀ ਜਸਵੀਰ ਲਵਣ, ਸ੍ਰੀ ਬਲਵਿੰਦਰ ਰਸੀਲਾ, ਸ੍ਰੀ ਰਾਜ ਕੁਮਾਰ ਪਾਰਚਾ, ਸ੍ਰੀ ਸੰਮੀ ਚੌਧਰੀ ਤੋਂ ਇਲਾਵਾ ਹੋਰ ਹਾਜ਼ਰ ਸਨ।