ਅਕਾਲੀ ਦਲ ਨੇ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਵਾਸਤੇ ਰਾਵਤ ਨੁੰ ਲਿਆਉਣ ਲਈ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਕਰਨ ’ਤੇ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ

ਨਿੱਜੀ ਫੇਰੀ ਲਈ ਰਾਵਤ ਜਾਂ ਮੁੱਖ ਮੰਤਰੀ ਆਪ ਅਦਾਇਗੀ ਕਰਨ : ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 17 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੁੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਹਾਈ ਕਮਾਂਡ ਵਿਚਾਲੇ ਚਲ ਰਹੀ ਗੱਲਬਾਤ ਦੇ ਹਿੱਸੇ ਵਜੋਂ ਚੰਡੀਗੜ੍ਹ ਲਿਆਉਣ ਲਈ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ।
ਇਸ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਕਾਂਗਰਸ ਸੂਬੇ ਦੇ ਅਸਾਸਿਆਂ ਦੀ ਇਸ ਕਦਰ ਦੁਰਵਰਤੋਂ ਕਰ ਰਹੀ ਹੈ। ਉਹਨਾਂ ਕਿਹਾ ਕਿ ਰਾਵਤ ਨੂੰ ਸਰਕਾਰੀ ਖਰਚੇ ’ਤੇ ਉਦੋਂ ਚੰਡੀਗੜ੍ਹ ਲਿਆਉਣ ਦੀ ਕੋਈ ਤੁੱਕ ਨਹੀਂ ਬਣਦੀ ਜਦੋਂ ਇਹ ਗੱਲ ਜੱਗ ਜ਼ਾਹਰ ਹੋਵੇ ਕਿ ਕਾਂਗਰਸ ਦੇ ਜਨਰਲ ਸਕੱਤਰ ਪੰਜਾਬ ਕਾਂਗਰਸ ਦੇ ਸੰਕਟ ਨੁੰ ਹੱਲ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਸਤੇ ਚੰਡੀਗੜ੍ਹ ਆ ਰਹੇ ਹਨ। ਉਹਨਾਂ ਕਿਹਾ ਕਿ ਜਾਂ ਤਾਂ ਰਾਵਤ ਹੈਲੀਕਾਪਟਰ ਦਾ ਇਹ ਖਰਚਾ ਝੱਲਣ ਜਾਂ ਫਿਰ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਨੂੰ ਇਸਦਾ ਖਰਚਾ ਸਰਕਾਰੀ ਖ਼ਜ਼ਾਨੇ ਦੀ  ਥਾਂ ’ਤੇਆਪਣੀ ਜੇਬ ਵਿਚੋਂ ਭਰਨ ਵਾਸਤੇ ਆਖਿਆ ਜਾਵੇ। ਉਹਨਾਂ ਕਿਹਾ ਕਿ ਸਰਕਾਰੀ ਫੰਡਾਂ ਦੀ ਵਰਤੋਂ ਕਾਂਗਰਸ ਦੀ ਅੰਦਰੂਨੀ ਲੜਾਈ ਹੱਲ ਕਰਨ ਵਾਸਤੇ ਨਹੀਂ ਕੀਤੀ ਜਾ ਸਕਦੀ।
ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਸਰਕਾਰੀ ਹੈਲੀਕਾਪਟਰ ਦੀ ਇਹ ਦੁਰਵਰਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਵਿਚ ਕੀਤੇ ਉਸ ਵਾਅਦੇ ਦੇ ਵੀ ਉਲਟ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਸਿਰਫ ਐਮਰਜੰਸੀ ਦੇ ਕੁਦਰਤੀ ਆਫਤ ਦੇ ਹਾਲਾਤ ਤੋਂ ਇਲਾਵਾ ਮੁੱਖ ਮੰਤਰੀ ਤੇ ਮੰਤਰੀਆਂ ਵੱਲੋਂ ਸਰਕਾਰੀ ਹੈਲੀਕਾਪਟਰ ਵਰਤਣ ’ਤੇ ਮਨਾਹੀ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬੀਆਂ ਨਾਲ ਕੀਤੇ ਹੋਰ ਵਾਅਦਿਆਂ ਵਾਂਗ ਹੀ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬਾਰੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਵੀ ਪਰ੍ਹਾਂ ਵਗਾਹ ਮਾਰੇ ਗਏ ਹਨ।
ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਲ ਹੀ ਵਿਚ ਦੋ ਮਹੀਨੇ ਪਹਿਲਾਂ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਲੀ ਤਲਬ ਕੀਤੇ ਜਾਣ ਦੇ ਮਾਮਲੇ ਵਿਚ ਕਿਹਾ ਸੀ ਕਿ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਵੇਲੇ ਜਾਂ ਫਿਰ ਬਿਜਲੀ ਸੰਕਟ ਨਾਲ ਉਲਝੇ ਕਿਸਾਨਾਂ ਜਾਂ ਫਿਰ ਸੂਬੇ ਭਰ ਵਿਚ ਕਾਂਗਰਸ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕਰ ਰਹੇ ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਸਤੇ ਇਹ ਹੈਲੀਕਾਪਟਰ ਨਹੀਂ ਵਰਤਿਆ ਗਿਆ।
ਡਾ. ਚੀਮਾ ਨੇ ਮੁੱਖ ਮੰਤਰੀ ਨੂੰ  ਕਿਹਾ ਕਿ ਉਹ ਯਕੀਨੀ ਬਣਾਉਣ ਕਿ ਭਵਿੱਖ ਵਿਚ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਪਾਰਟੀ ਦੇ ਨਿੱਜੀ ਕੰਮਾਂ ਵਾਸਤੇ ਨਾ ਕੀਤੀ ਜਾਵੇ।

Spread the love