ਮੁੱਖ ਮੰਤਰੀ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਜ਼ਿੰਮੇਵਾਰੀ ਲੈ ਕੇ ਤੁਰੰਤ ਅਸਤੀਫਾ ਦੇਣ : ਅਕਾਲੀ ਦਲ
—–ਸੂਬੇ ’ਚ ਵੱਡੀ ਗਿਣਤੀ ’ਚ ਹਥਿਆਰਾਂ ਦੀ ਆਮਦ, ਰੋਜ਼ਾਨਾਂ ਕਤਲ ਤੇ ਫਿਰੌਤੀਆਂ ਨਾਲ ਕੌਮੀ ਸੁਰੱਖਿਆ ਨਾਲ ਸਮਝੌਤਾ ਹੋਇਆ : ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ, 11 ਨਵੰਬਰ :
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੋ ਗ੍ਰਹਿ ਮੰਤਰੀ ਹਨ, ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਜ਼ਿੰਮੇਵਾਰੀ ਲੈਣ ਅਤੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ।
ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਕਦੇ ਵੀ ਅਮਨ ਕਾਨੂੰਨ ਵਿਵਸਥਾ ਦੀ ਇੰਨੀ ਮਾੜੀ ਹਾਲਤ ਨਹੀਂ ਹੋਈ ਜਿੰਨੀ ਇਸ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ਵਿਚ ਹੋਈ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਵਿਚ ਜੰਗਲ ਰਾਜ ਹੈ ਤੇ ਰੋਜ਼ਾਨਾ ਮਿੱਥ ਕੇ ਕਤਲ ਕੀਤੇ ਜਾ ਰਹੇ ਹਨ ਤੇ ਫਿਰੌਤੀਆਂ ਵਸੂਲੀਆਂ ਜਾ ਰਹੀਆਂ ਹਨ ਤੇ ਗੈਂਗਸਟਰਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਉਹਨਾਂ ਕਿਹਾ ਕਿ ਕਿਉਂਕਿ ਮੁੱਖ ਮੰਤਰੀ ਇਹਨਾਂ ਹਾਲਾਤਾਂ ਲਈ ਆਪ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ, ਇਸ ਲਈ ਉਹਨਾਂ ਨੂੰ ਤੁਰੰਤ ਇਸਦੀ ਜ਼ਿੰਮੇਵਾਰੀ ਲੈ ਕੇ ਅਸਤੀਫਾ ਦੇਣਾ ਚਾਹੀਦਾ ਹੈ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੈ ਕਿਹਾ ਕਿ ਅਮਨ ਕਾਨੂੰਨ ਵਿਵਸਥਾ ਢਹਿ ਢੇਰੀਹੋਣ ਦੇ ਖਤਰਨਾਕ ਨਤੀਜੇ ਨਿਕਲ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਹਥਿਆਰਾਂ ਦੀ ਸਮਗਲਿੰਗ ਵਿਚ ਤੇਜ਼ ਰਫਤਾਰ ਵਾਧਾ ਹੋਇਆ ਹੈ ਜਿਸ ਨਾਲ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਰੋਜ਼ਾਨਾ ਕਤਲ ਹੋ ਰਹੇ ਹਨ ਤੇ ਫਿਰੌਤੀਆਂ ਦਾ ਨਵਾਂ ਸਭਿਆਚਾਰ ਸ਼ੁਰੂ ਹੋਇਆ ਹੈ ਜਿਸ ਵਿਚ ਕੋਈ ਵੀ ਵਪਾਰੀ ਸੁਰੱਖਿਅਤ ਨਹੀਂ ਹੈ ਤੇ ਇਸਦੇ ਨਤੀਜੇ ਵਜੋਂ ਉਹ ਪੰਜਾਬ ਤੋਂ ਬਾਹਰ ਹੋਰ ਰਾਜਾਂ ਵਿਚ ਭੱਜ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਕੋਈ ਨਵਾਂ ਨਿਵੇਸ਼ ਨਹੀਂ ਹੋ ਰਿਹਾ ਤੇ ਘਰੇਲੂ ਨਿਵੇਸ਼ਕ ਵੀ ਬਾਹਰ ਜਾ ਰਹੇ ਹਨ ਜਿਸ ਨਾਲ ਆਰਥਿਕ ਢਾਂਚਾ ਢਹਿ ਢੇਰੀ ਹੋ ਰਿਹਾ ਹੈ ਤੇ ਬੇਰੋਜ਼ਗਾਰੀ ਦਾ ਵੱਡਾ ਸੰਕਟ ਖੜ੍ਹਾ ਹੋਵੇਗਾ।
ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਇਹਨਾਂ ਹਾਲਾਤਾਂ ਤੋਂ ਅਣਜਾਣ ਬਣੇ ਹੋਏ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਇਕ ਸਮਾਗਮ ਵਿਚ ਮੁੱਖ ਮੰਤਰੀ ਨੇ ਚੰਡੀਗੜ੍ਹ ਪੁਲਿਸ ਦੀ ਸ਼ਲਾਘਾ ਤਾਂ ਕੀਤੀ ਤੇ ਆਪ ਜ਼ੋਰ ਦੇ ਕੇ ਕਿਹਾ ਕਿ ਇਹ ਪੁਲਿਸ ਭ੍ਰਿਸ਼ਟਾਚਾਰ ਤੋਂ ਮੁਕਤ ਹੈ ਜਿਸਦਾ ਮਤਲਬ ਹੈ ਕਿ ਉਹ ਪੰਜਾਬ ਪੁਲਿਸ ਤੇ ਇਸਦੇ ਕੰਮ ਨੂੰ ਦੋਸ਼ੀ ਠਹਿਰਾ ਰਹੇ ਹਨ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਵੈ ਪੜਚੋਲ ਕਰਨੀ ਚਾਹੀਦੀ ਹੈ ਕਿ ਹਾਲਾਤ ਇਸ ਕਦਰ ਕਿਉਂ ਬਣੇ ਹਨ ਤੇ ਉਹਨਾਂ ਨੂੰ ਗੁਜਰਾਤ ਵਿਚ ਡਾਂਸ ਕਰਨਾ ਬੰਦ ਕਰਨਾ ਚਾਹੀਦਾ ਹੈ ਤੇ ਪੰਜਾਬ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਤਾਂ ਜੋ ਹਾਲਾਤ ਦਰੁੱਸਤ ਕੀਤੇ ਜਾ ਸਕਣ।ਉਹਨਾਂ ਕਿਹਾ ਕਿ ਸਿਰਫ ਸ਼ਾਂਤੀ ਤੇ ਫਿਰਕੂ ਸਦਭਾਵਨਾ ਨਾਲ ਹੀ ਵਿਕਾਸ ਤੇ ਤਰੱਕੀ ਸੰਭਵ ਹੈ ਤੇ ਦੋਵੇਂ ਕਿਉਂਕਿ ਅੱਜ ਪੰਜਾਬ ਵਿਚ ਨਹੀਂ ਹਨ, ਇਸ ਲਈ ਖ਼ਤਰਾ ਬਣਿਆ ਹੋਇਆ ਹੈ ਕਿ ਸੂਬਾ ਫਿਰ ਤੋਂ ਕਾਲੇ ਦੌਰ ਵੱਲ ਨਾ ਧੱਕਿਆ ਜਾਵੇ।
ਇਸ ਦੌਰਾਨ ਸਰਦਾਰ ਮਜੀਠੀਆ ਨੇ ਸੁਪਰੀਮ ਕੋਰਟ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹੱਤਿਆਰਿਆਂ ਨੂੰ ਰਿਹਾਅ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਦੋਗਲਾਪਣ ਨਹੀਂ ਹੋਣਾ ਚਾਹੀਦਾ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਹਨਾਂਕਿਹਾ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਜੋ ਪਹਿਲਾਂ 2019 ਵਿਚ ਸ੍ਰੀ ਗੁਰੂ ਨਾਨਕ ਦੇਵਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਉਮਰ ਕੈਦ ਵਿਚ ਬਦਲੀ ਗਈ ਸੀ, ਉਹ ਲਾਗੂ ਕੀਤੀ ਜਾਣੀ ਚਾਹੀਦੀਹੈ ਤੇ ਉਹਨਾਂ ਨੂੰ ਵੀ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਸਾਰਿਆਂ ਲਈ ਕਾਨੂੰਨ ਇਕੋ ਜਿਹਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਤਾਮਿਲਨਾਡੂ ਜਿਥੇ ਰਾਜੀਵ ਗਾਂਧੀ ਦੀ ਹੱਤਿਆ ਕੀਤੀ ਗਈ ਲਈ ਕਾਨੂੰਨ ਵੱਖਰਾ ਹੈ ਤੇ ਗੁਜਰਾਤ ਜਿਥੇ ਬਿਲਕਿਸ ਬਾਨੋ ਨਾਲ ਜਬਰ ਜਨਾਹ ਕੀਤਾ ਗਿਆ ਤੇ ਉਸਦਾ ਕਤਲ ਕੀਤਾ ਗਿਆ, ਦੇ ਮੁਲਜ਼ਮਾਂ ਨੂੰ 14 ਸਾਲ ਕੈਦ ਮਗਰੋਂ ਰਿਹਾਅ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਰੁਝਾਨ ਨਾਲ ਖੇਤਰੀ ਵੱਖਰੇਵੇਂ ਬਹੁਤ ਤੇਜ਼ੀ ਨਾਲ ਵਧਣਗੇ ਜੋ ਦੇਸ਼ ਲਈ ਚੰਗੇ ਨਹੀਂ ਹਨ।
ਅਕਾਲੀ ਆਗੂ ਨੇ ਦੱਸਿਆ ਕਿ ਭਾਈ ਰਾਜੋਆਣਾ ਦੇ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਕੀਤੀ ਗਈ ਹੈਕਿਉਂਕਿ ਉਹਨਾਂ ਨੂੰ ਪਿਛਲੇ 27 ਸਾਲਾਂ ਤੋਂ ਪੈਰੋਲ ਨਹੀਂ ਦਿੱਤੀ ਗਈ ਹਾਲਾਂਕਿ ਉਹਨਾਂ ਦਾ ਵਿਹਾਰ ਬਹੁਤ ਚੰਗਾ ਹੈ ਤੇ ਉਹਨਾਂ ਦੀ ਰਹਿਮ ਦੀ ਅਪੀਲ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਭਾਈ ਰਾਜੋਆਣਾ ਦੀ ਰਿਹਾਈ ਦੇ ਰਾਹ ਵਿਚ ਅੜਿਕੇ ਨਹੀਂ ਲਗਾਉਣੇ ਚਾਹੀਦੇ ਤੇ ਉਹਨਾਂ ਮੰਗ ਕੀਤੀ ਕਿ ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।