ਸ਼੍ਰੋਮਣੀ ਅਕਾਲੀ ਦਲ ਨੂੰ ਖੰਨਾ ਵਿਚ ਵੱਡਾ ਹੁਲਾਰਾ, 2017 ਵਿਚ ਆਪ ਦੇ ਉਮੀਦਵਾਰ ਰਹੇ ਅਨਿਲ ਦੱਤ ਫਾਲੀ ਪਾਰਟੀ ਵਿਚ ਹੋਏ ਸ਼ਾਮਲ

ਖੰਨਾ, 2 ਨਵੰਬਰ : ਸ਼੍ਰੋਮਣੀ ਅਕਾਲੀ ਦਲ ਨੁੰ ਅੱਜ ਇਸ ਹਲਕੇ ਵਿਚ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ 2017 ਵਿਚ ਆਪ ਦੇ ਉਮੀਦਵਾਰ ਰਹੇ ਅਨਿਲ ਦੱਤ ਫਾਲੀ ਜਿਹਨਾਂ ਨੂੰ 35000 ਵੋਟਾਂ ਮਿਲੀਆਂ ਸਨ, ਨੇ ਆਪਣੀ ਸਮੁੱਚੀ ਟੀਮ ਦੇ ਨਾਲ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

ਸ੍ਰੀ ਫਾਲੀ ਨੇ ਐਲਾਨ ਕੀਤਾ ਕਿ ਉਹ ਆਪ ਦੀ ਸਿਖ਼ਰਲੀ ਲੀਡਰਸ਼ਿਪ ਦੇ ਤਾਨਾਸ਼ਾਹੀ ਰਵੱਈਏ ਤੇ ਇਸਦੇ ਮੁਖੀ ਅਰਵਿੰਦਰ ਕੇਜਰੀਵਾਲ ਵੱਲੋਂ ਧਰਮ ਦੇ ਨਾਂ ’ਤੇ ਸਮਾਜ ਵਿਚ ਪਾਈਆਂ ਜਾ ਰਹੀਆਂ ਵੰਡੀਆਂ ਤੋਂ ਔਖੇ ਹੋ ਕੇ ਆਪ ਤੋਂ ਅਸਤੀਫਾ ਦੇ ਰਹੇ ਹਨ। ਉਹਨਾਂ ਨੇ ਆਪ ਲੀਡਰਸ਼ਿਪ ’ਤੇ ਪਾਰਟੀ ਦੀਆਂ ਟਿਕਟਾਂ ਦੇ ਨਾਂ ’ਤੇ ਪੈਸੇ ਇਕੱਠੇ ਕਰਨ ਦਾ ਵੀ ਦੋਸ਼ ਲਗਾਇਆ। ਸ੍ਰੀ ਫਾਲੀ ਨੇ ਐਲਾਨ ਕੀਤਾ ਕਿ ਉਹ ਖੰਨਾ ਸੀਟ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਰ ਜਸਦੀਪ ਕੌਰ ਯਾਦੂ ਦੀ ਡਟਵੀਂ ਹਮਾਇਤ ਕਰਨਗੇ।

ਸ੍ਰੀ ਅਨਿਲ ਦੱਤ ਫਾਲੀ ਨੁੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੁੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਦੇਣ ਦਾ ਭਰੋਸਾ ਦੁਆਇਆ। ਉਹਨਾਂ ਕਿਹਾ ਕਿ ਹੋਰ ਪਾਰਟੀਆਂ ਦੇ ਸੀਨੀਅਰ ਆਗੂ ਵੀ ਜਲਦੀ ਹੀ ਅਕਾਲੀ ਦਲ ਵਿਚ ਸ਼ਾਮਲ ਹੋਣਗੇ।

ਆਪ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਪਾਰਟੀ ਦਿੱਲੀ ਵਿਚ ਲਾਮਿਸਾਲ ਕਾਰਗੁਜ਼ਾਰੀ ਦੇ ਦਾਅਵੇ ਕਰ ਕੇ ਝੂਠ ਵੇਚਣ ਦਾ ਯਤਨ ਕਰ ਰਹੀ ਹੈ। ਇਹ ਕੋਰਾ ਝੂਠ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਆਪ ਦਾ ਰਿਕਾਰਡ ਸਾਰਿਆਂ ਦੇ ਵੇਖਣ ਵਾਲਾ ਹੈ। ਉਹਨਾਂ ਕਿਹਾ ਕਿ ਇਸਨੇ ਕੋਰੋਨਾ ਕਾਲ ਦੌਰਾਨ ਹਜ਼ਾਰਾਂ ਲੋਕਾਂ ਦੀ ਮੌਤ ਦੀ ਪ੍ਰਧਾਨਗੀ ਕੀਤੀ। ਉਹਨਾ ਕਿਹਾ ਕਿ ਆਪ ਸਰਕਾਰ ਤਾਂ ਕੌਮੀ ਰਾਜਧਾਨੀ ਵਿਚ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਪ੍ਰਦਾਨ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਆਪ ਬਹੁ ਕਰੋੜੀ ਪ੍ਰਚਾਰ ਦੀ ਮੁਹਿੰਮ ਦੇ ਸਿਰ ’ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ ਪਰ ਪੰਜਾਬੀ ਇਸ ਵਾਰ ਉਸ ਨੂੰ ਠੁਕਰਾ ਦੇਣਗੇ।

ਸਰਦਾਰ ਬਾਦਲ ਨੇ ਵੋਟਰਾਂ ਨੁੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਉਮੀਦਵਾਰ ਜਸਦੀਪ ਕੌਰ ਯਾਦਵ ਨੁੰ ਜੇਤੂ ਬਣਾਉਣ ਅਤੇ ਉਹਨਾਂ ਵਾਅਦਾ ਕੀਤਾ ਕਿ ਉਹ ਹਲਕੇ ਦੇ ਸਾਰੇ ਮਸਲੇ ਹੱਲ ਕਰ ਦੇਣਗੇ। ਉਹਨਾਂ ਨੇ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹ ਅਜਿਹੇ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨੁੰ ਮੁਰਖ ਬਣਾਉਣ ਦਾ ਯਤਨ ਕਰ ਰਹੇ ਹਨ ਜੋ ਉਹਨਾਂ ਨੇ ਪੂਰੇ ਹੀ ਨਹੀਂ ਕਰਨ।

ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਉਹ ਅਕਾਲੀ ਦਲ ਵਿਚ ਇਸ ਕਰ ਕੇ ਸ਼ਾਮਲ ਹੋਏ ਹਨ ਕਿਉਂਕਿ ਇਹੀ ਇਕਲੌਤੀ ਪਾਰਟੀ ਹੈ ਜੋ ਸੂਬੇ ਵਿਚ ਸ਼ਾਂਤੀ, ਫਿਰਕੂ ਸਦਭਾਵਨਾ ਤੇ ਸਰਵਪੱਖੀ ਵਿਕਾਸ ਕਰ ਸਕਦੀ ਹੈ। ਉਹਨਾਂ ਭਰੋਸਾ ਦੁਆਇਆ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਅਜਿਹਾ ਮਾਹੌਲ ਬਣਾਏਗੀ ਜਿਸ ਵਿਚ ਹਰ ਕੋਈ ਸੁਰੱਖਿਅਤ ਮਹਿਸੂਸ ਕਰੇਗਾ ਤੇ ਸਭ ਨੂੰ ਵਿਕਾਸ ਦੇ ਸਮਾਨ ਮੌਕੇ ਮਿਲਣਗੇ।

ਇਸ ਮੌਕੇ ਪਾਰਟੀ ਪ੍ਰਧਾਨ ਜਸਦੀਪ ਕੌਰ ਯਾਦੂ ਤੇ ਯਾਦਵਿੰਦਰ ਸਿੰਘ ਯਾਦੂ ਵੀ ਹਾਜ਼ਰ ਸਨ।