ਪੰਜਾਬ ਵਿਚ ਅਰਾਜਕਤਾ ਤੇ ਹਫੜਾ ਦਫੜੀ ਦਾ ਮਾਹੌਲ ਖਤਮ ਹੋਇਆ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 8 ਜਨਵਰੀ 2022
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਵਿਚ 14 ਫਰਵਰੀ ਨੁੰ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਦੇ ਐਲਾਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਸੂਬੇ ਦੇ ਲੋਕਾਂ ਨੁੰ ਫੌਰੀ ਤੌਰ ’ਤੇ ਵੱਡੀ ਰਾਹਤ ਮਿਲੀ ਹੈ। ਇਸ ਨਾਲ ਪੰਜਾਬ ਵਿਚ ਅਰਾਜਕਤਾ, ਹਫੜਾ ਦਫੜੀ, ਭੰਬਲਭੂਸੇ ਤੇ ਕੁਸ਼ਾਸਨ ਦਾ ਖਾਤਮਾ ਹੋ ਗਿਆ ਹੈ।
ਹੋਰ ਪੜ੍ਹੋ :-ਕਾਂਗਰਸ ਅਤੇ ਬਾਦਲਾਂ ਨੇ ਸਰਕਾਰੀ ਯੂਨੀਵਰਸਟੀਆਂ, ਕਾਲਜਾਂ ਤੇ ਸਕੂਲਾਂ ਨੂੰ ਗਿਣੀ-ਮਿੱਥੀ ਸਾਜਿਸ਼ ਨਾਲ ਤਬਾਹੀ ਵੱਲ ਧੱਕਿਆ: ਹਰਪਾਲ ਸਿੰਘ ਚੀਮਾ
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਲੋਕ ਤਾਂ ਪਹਿਲਾਂ ਹੀ ਅਕਾਲੀ ਦਲ ਤੇ ਬਸਪਾ ਦੀ ਮਜ਼ਬੂਤ, ਸਥਿਰ ਤੇ ਵਿਕਾਸ ਮੁਖੀ ਸਰਕਾਰ ਵੱਲ ਵੇਖ ਰਹੇ ਹਨ ਜੋ ਸ਼ਾਂਤੀ ਤੇ ਫਿਰਕੂ ਸਦਭਾਵਨਾ ਪ੍ਰਤੀ ਵਚਨਬੱਧ ਹੈ। ਉਹਨਾ ਕਿਹਾ ਕਿ ਮੌਜੂਦਾ ਸ਼ਾਸਕਾਂ ਨੇ ਸਰਕਾਰ ਚਲਾਉਣ ਦਾ ਮਖੌਲ ਬਣਾ ਦਿੱਤਾ ਸੀ। ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਕਿ ਹੁਣ ਇਸਦਾ ਖਾਤਮਾ ਹੋ ਗਿਆ ਹੈ ਤੇ ਸੂਬੇ ਨੂੰ ਮੜ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸੰਜੀਦਾ ਤੇ ਕੰਮ ਪ੍ਰਤੀ ਗੰਭੀਰ ਸਰਕਾਰ ਮਿਲੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਚੋਣ ਪ੍ਰੋਗਰਾਮ ਦੇ ਐਲਾਨ ਨੇ ਸੰਕੇਤ ਦਿੱਤੇ ਹਨ ਕਿ ਪਿਛਲੇ ਪੰਜ ਸਾਲਾਂ ਦੀ ਬਰਬਾਦੀ ਖਤਮ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਹੁਣ ਫਿਰ ਤੋਂ ਉਸ ਸਰਕਾਰ ਵੱਲ ਪਰਤੇਗਾ ਜੋ ਲੋਕਾਂ ਦਾ ਖਿਆਲ ਰੱਖਦੀ ਹੋਵੇ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਨਾਲ ਨਾਲ ਲੋਕਾਂ ਦੀ ਭਲਾਈ ਜਿਸਦੀ ਸਰਵਉਚ ਤਰਜੀਹ ਹੋਵੇਗਾ। ਅਕਾਲੀ ਦਲ ਇਸ ਚੋਣ ਪ੍ਰੋਗਰਾਮ ਦੇ ਐਲਾਨ ਲਈ ਚੋਣ ਕਮਿਸ਼ਨ ਦਾ ਧੰਨਵਾਦ ਕਦਾ ਹੈ। ਉਹਨਾਂ ਕਿਹਾ ਕਿ ਅਸੀਂ ਸਭ ਤੋਂ ਵੱਧ ਖੁਸ਼ ਹਾਂ। ਅਸੀਂ ਐਕਸ਼ਨ ਲਈ ਤਿਆਰ ਹਾਂ ਤੇ ਸਿਰਫ ਚੋਣਾਂ ਦੇ ਐਲਾਨ ਦੀ ਉਡੀਕ ਕਰ ਰਹੇ ਸੀ। ਉਹਨਾਂ ਕਿਹਾ ਕਿ ਜਿਥੇ ਦੂਜੇ ਹਾਲੇ ਤਿਆਰੀਆਂ ਕਰਦੇ ਫਿਰਦੇ ਹਨ, ਅਸੀਂ ਤਿਆਰੀਆਂ ਤੇ ਜ਼ਮੀਨੀ ਹਕੀਕਤਾਂ ਦੇ ਮਾਮਲੇ ਵਿਚ ਦੂਜਿਆਂ ਨਾਲੋਂ ਕਿਤੇ ਅੱਗੇ ਹਾਂ। ਉਹਨਾਂ ਕਿਹਾ ਕਿ ਅਕਾਲੀ ਦਲ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਕੇਡਰ ਚੋਣਾਂ ਲਈ ਪੱਬਾਂ ਭਾਰ ਹੈ ਤੇ ਅਸੀਂ ਪਹਿਲਾਂ ਹੀ ਫੀਲਡ ਵਿਚ ਨਿਤਰੇ ਹੋਏ ਹਾਂ।