ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ 10 ਰੁਪਏ ਦੀ ਪਰਚੀ ਕਟਾ ਕੇ ਹਾਸਲ ਕੀਤੀ ਪਹਿਲੀ ਮੈਂਬਰਸ਼ਿਪ
ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਮੁੱਖ ਦਫਤਰ ਵਿਚ ਸ਼ੁਰੂ ਕਰਵਾਈ ਮੁਹਿੰਮ
ਚੰਡੀਗੜ੍ਹ, 20 ਜਨਵਰੀ 2025
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ’ਕਰਮਭੂਮੀ’ ਪਿੰਡ ਬਾਦਲ ਵਿਖੇ ਪਾਰਟੀ ਦੀ ਮੈਂਬਰਸ਼ਿਪ ਭਰਤੀ ਦੀ ਮੁਹਿੰਮ ਦਾ ਆਗਾਜ਼ ਕੀਤਾ ਜਿਥੇ ਸੀਨੀਅਰ ਆਗੂ ਸਰਦਾਰ ਸੁਖਬੀਰ ਸਿੰਘ ਬਾਦਲ ਨੇ 10 ਰੁਪਏ ਜਮ੍ਹਾਂ ਕਰਵਾ ਕੇ ਪਹਿਲੀ ਮੈਂਬਰਸ਼ਿਪ ਪਰਚੀ ਹਾਸਲ ਕੀਤੀ।
ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਬਾਅਦ ਵਿਚ ਪਾਰਟੀ ਦੇ ਮੁੱਖ ਦਫਤਰ ਵਿਚ ਭਰਤੀ ਮੁਹਿੰਮ ਸ਼ੁਰੂ ਕਰਵਾਈ ਤੇ ਸੀਨੀਅਰ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸਰਦਾਰ ਸੁੱਚਾ ਸਿੰਘ ਲੰਗਾਹ ਨੂੰ ਮੈਂਬਰਸ਼ਿਪ ਪਰਚੀਆਂ ਸੌਂਪੀਆਂ।
ਸੀਨੀਅਰ ਆਗੂ ਤੇ ਵਰਕਰ ਵੀ ਇਸ ਮੌਕੇ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਤੇ ਮੈਂਬਰਸ਼ਿਪ ਭਰਤੀ ਪਰਚੀਆਂ ਹਾਸਲ ਕੀਤੀਆਂ। ਸੂਬੇ ਭਰ ਵਿਚ ਇਹ ਭਰਤੀ ਮੁਹਿੰਮ ਪਰਚੀਆਂ ਭੇਜੀਆਂ ਜਾ ਰਹੀਆਂ।
ਸੂਬੇ ਭਰ ਤੋਂ ਪਾਰਟੀ ਦੀ ਭਰਤੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਤੇ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਫਰੀਦਕੋਟ ਤੇ ਹੋਰ ਥਾਵਾਂ’ਤੇ ਪਾਰਟੀ ਆਗੂ ਮੈਂਬਰਸ਼ਿਪ ਪਰਚੀਆਂ ਲੈ ਰਹੇ ਹਨ। ਹਜ਼ਾਰਾਂ ਵਰਕਰਾਂ ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਨ ਵਾਸਤੇ 10-10 ਰੁਪਏ ਦੀਆਂ ਪਰਚੀਆਂ ਕੱਟਵਾ ਕੇ ਮੈਂਬਰਸ਼ਿਪ ਹਾਸਲ ਕੀਤੀ ਹੈ।
ਪਿੰਡ ਬਾਦਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲੇ ਹੀ ਦਿਨ ਭਰਤੀ ਪ੍ਰਤੀ ਲਾਮਿਸਾਲ ਹੁੰਗਾਰਾ ਮਿਲਿਆ ਹੈ। ਉਹਨਾਂ ਕਿਹਾ ਕਿ ਸਾਨੂੰ ਆਸ ਹੈ ਕਿ ਇਕੱਲੇ ਲੰਬੀ ਹਲਕੇ ਤੋਂ ਅਸੀਂ 40 ਹਜ਼ਾਰ ਮੈਂਬਰ ਭਰਤੀ ਕਰਾਂਗੇ। ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਸ ਇਕ ਮਹੀਨੇ ਦੀ ਭਰਤੀ ਮੁਹਿੰਮ ਦੌਰਾਨ 50 ਲੱਖ ਤੋਂ ਜ਼ਿਆਦਾ ਮੈਂਬਰ ਭਰਤੀ ਕਰ ਲਵਾਂਗੇ।
ਇਸ ਦੌਰਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸਾਰੇ ਸੂਬੇ ਵਿਚ ਮੈਂਬਰਸ਼ਿਪ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਭਰਤੀ ਵਾਸਤੇ ਸਿਰਫ 10 ਰੁਪਏ ਮੈਂਬਰਸ਼ਿਪ ਫੀਸ ਲਈ ਜਾਵੇਗੀ। ਉਹਨਾਂ ਕਿਹਾ ਕਿ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਅੱਜ ਮੀਟਿੰਗ ਹੋਈ ਜਿਸ ਵਿਚ ਫੈਸਲਾ ਲਿਆ ਗਿਆ ਕਿ ਮੁੱਖ ਚੋਣ ਅਫਸਰ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਭਰਤੀ ਵਾਸਤੇ ਨਿਯੁਕਤ ਕੀਤੇ ਗਏ ਆਬਜ਼ਰਵਰਾਂ ਦੇ ਨਾਲ ਰਲ ਕੇ ਸਾਰੀ ਮੁਹਿੰਮ ਦੀ ਨਿਗਰਾਨੀ ਕਰਨਗੇ।
ਹੋਰ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਇਹ ਭਰਤੀ 20 ਫਰਵਰੀ ਤੱਕ ਜਾਰੀ ਰਹੇਗੀ ਅਤੇ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ 1 ਮਾਰਚ ਨੂੰ ਹੋਵੇਗੀ।
ਸਾਰੀ ਪ੍ਰਕਿਰਿਆ ਦੀ ਜਾਣਕਾਰੀ ਦਿੰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹੜੇ ਵੀ ਮੈਂਬਰ 100 ਮੈਂਬਰਾਂ ਦੀ ਭਰਤੀ ਕਰਨਗੇ, ਉਹ ਸਰਕਲ ਡੈਲੀਗੇਟ ਬਣਨ ਦੇ ਯੋਗ ਹੋਣਗੇ ਅਤੇ ਉਹ ਅੱਗੋਂ ਸਰਕਲ ਜਥੇਦਾਰਾਂ ਦੀ ਚੋਣ ਕਰਨਗੇ। ਉਹਨਾਂ ਕਿਹਾਕਿ ਜਿਹੜੇ 2500 ਡੈਲੀਗੇਟਾਂ ਦੀ ਭਰਤੀ ਕਰਨਗੇ, ਉਹ ਜ਼ਿਲ੍ਹਾ ਡੈਲੀਗੇਟ ਬਣਨਗੇ ਅਤੇ ਉਹ ਹੀ ਅੱਗੇ ਜ਼ਿਲ੍ਹਾ ਜਥੇਦਾਰਾਂ ਦੀ ਚੋਣ ਕਰਨਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਹਰ ਹਲਕੇ ਤੋਂ ਚਾਰ ਡੈਲੀਗੇਟ ਜਨਰਲ ਹਾਊਸ ਲਈ ਨਾਮਜ਼ਦ ਕੀਤੇ ਜਾਣਗੇ ਅਤੇ ਉਹ ਪਾਰਟੀ ਪ੍ਰਧਾਨ ਦੀ ਚੋਣ ਕਰਨਗੇ।