ਸਦਨ ਕਿਸਾਨ ਅੰਦੋਲਨ ਦੇ ਸ਼ਹੀਦਾਂ ਦਾ ਸਨਮਾਨ ਕਰੇ ਤੇ ਅੰਨਦਾਤਾ ਨੁੰ ਦਰਪੇਸ਼ ਮੁਸ਼ਕਿਲਾਂ ਲਈ ਉਸ ਤੋਂ ਮੁਆਫੀ ਮੰਗੇ : ਹਰਸਿਮਰਤ ਕੌਰ ਬਾਦਲ
ਚੰਡੀਗੜ੍ਹ, 18 ਜੁਲਾਈ 2021 ਸ਼੍ਰੋਮਣੀ ਅਕਾਲੀ ਦਲ ਨੇ ਅੱਜ ਲੋਕ ਸਭਾ ਵਿਚ ਤੈਅ ਕੰਮ ਮੁਲਤਵੀ ਕਰ ਕੇ ਸਦਨ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਉਪਜੀ ਗੰਭੀਰ ਲਹਿਰ ਦੇ ਕਾਰਨ ਬਣੇ ਹਾਲਾਤ ’ਤੇ ਵਿਚਾਰ ਵਟਾਂਦਰਾ ਕਰਨ ਦੀ ਮੰਗ ਕੀਤੀ।
ਲੋਕ ਸਭਾ ਦੇ ਸਪੀਕਰ ਨੁੰ ਲਿਖੇ ਇਕ ਪੱਤਰ ਰਾਹੀਂ ਕੰਮ ਰੋਕੂ ਮਤਾ ਪੇਸ਼ ਕਰਦਿਆਂ ਬਠਿੰਡਾ ਤੋਂ ਅਕਾਲੀ ਦਲ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਕਾਨੂੰਨ ਇਹਨਾਂ ਬਿੱਲਾਂ ਕਾਰਨ ਜਿਹਨਾਂ ਦੇ ਹਿੱਤ ਪ੍ਰਭਾਵਤ ਹੁੰਦੇ ਹਨ, ਜਿਹਨਾਂ ਵਿਚ ਕਿਸਾਨ, ਖੇਤ ਮਜ਼ਦੂਰ ਤੇ ਕਿਸਾਨੀ ਵਸਤਾਂ ਦੇ ਵਪਾਰੀ ਸ਼ਾਮਲ ਹਨ, ਦੇ ਵਿਰੋਧ ਨੁੰ ਦਰਕਿਨਾਰ ਕਰਕੇ ਪਾਸ ਕਰਵਾਏ ਬਿੱਲਾਂ ਦੀ ਬਦੌਲਤ ਬਣੇ ਹਨ।
ਸਰਦਾਰਨੀ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਸਦਨ ਦੀ ਕਾਰਵਾਈ ਦੀ ਸ਼ੁਰੂਆਤ ਵੇਲੇ ਵਿਛੜੀਆਂ ਰੂਹਾਂ ਨੁੰ ਸ਼ਰਧਾਂਜਲੀ ਭੇਂਟ ਕਰਨ ਵੇਲੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਨਾਂ ਵੀ ਇਸ ਵਿਚ ਸ਼ਾਮਲ ਕੀਤੇ ਜਾਣ ਅਤੇ ਉਹਨਾਂ ਨੁੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣ।
ਸਰਦਾਰਨੀ ਬਾਦਲ ਨੇ ਕਿਹਾ ਕਿ ਇਹਨਾਂ ਕਿਸਾਨਾਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਖਾਤਰ ਸ਼ਾਂਤੀਪੂਰਨ ਤੇ ਲੋਕਤੰਤਰੀ ਲਹਿਰ ਵਿਚ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸਦਨ ਨੁੰ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਦੇ ਨਾਲ ਨਾਲ ਉਹਨਾਂ ਨੁੰ ਦਰਪੇਸ਼ ਮੁਸ਼ਕਿਲਾਂ ਤੇ ਉਹਨਾਂ ਦੀਆਂ ਸ਼ਹਾਦਤਾਂ ਲਈ ਅਫਸੋਸਵੀ ਜ਼ਾਹਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਸਦਨ ਨੂੰ ਕਿਸਾਨਾਂ ਦੀਆਂ ਹਾਦਤਾਂ ਦੀ ਕਦਰ ਕਰਨੀ ਚਾਹੀਦੀ ਹੈ।
ਸਰਦਾਰਨੀ ਬਾਦਲ ਨੇ ਹੋਰ ਕਿਹਾ ਕਿ ਤਿੰਨ ਖੇਤੀ ਕਾਨੂੰਨ ਦੇਸ਼ ਦਾ ਸੰਵਿਧਾਨ ਬਣਾਉਣ ਵਾਲੇ ਨਿਰਮਾਤਿਆਂ ਦੀ ਸੋਚ ਦੇ ਸੰਘਵਾਦ ਦੀ ਭਾਵਨਾ ਦੇ ਉਲਟ ਹਨ ਕਿਉਂਕਿ ਇਸ ਤਹਿਤ ਖੇਤੀਬਾੜੀ ਰਾਜ ਸੂਚੀ ਦਾ ਵਿਸ਼ਾ ਹੈ।
ਆਪਣੇ ਪੱਤਰ ਵਿਚ ਸਰਦਾਰਨੀ ਬਾਦਲ ਨੇ ਇਹਨਾਂ ਤਿੰਨ ਖੇਤੀ ਬਿੱਨਾ ਦੇ ਖਿਲਾਫ ਦੇਸ਼ ਵਿਚ ਵਿਆਪ ਰੋਸ ਲਹਿਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਭਰ ਦੇ ਲੱਖਾਂ ਅੰਨਦਾਤਿਆਂ ਦੇ ਵਿਰੋਧ ਦੇ ਬਾਵਜੂਦ ਇਹ ਪਾਸ ਕੀਤੇ ਗਏ ਤੇ ਇਹਨਾਂ ਖਿਲਾਫ ਕਿਸਾਨ ਦੇਸ਼ ਦੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਉਹਨਾਂ ਕਿਹਾ ਕਿ ਸੈਂਕੜੇ ਸੌ ਕਿਸਾਨ ਤੇ ਮਜ਼ਦੂਰ ਕੇਂਦਰਖਿਲਾਫ ਇਸ ਸੰਘਰਸ਼ ਵਿਚ ਕੁਰਬਾਨੀ ਦੇ ਚੁੱਕੇ ਹਨ ਪਰ ਕੇਂਦਰ ਸਰਕਾਰ ਨੇ ਕੋਈ ਰਹਿਦਿਲੀ ਵਿਖਾਉਣ ਤੋਂ ਕੋਰੀ ਨਾਂਹ ਕਰਦਿਆਂ ਜ਼ਿੰਮੇਵਾਰੀ ਨਾਲ ਪੇਸ਼ ਆਉਣ ਤੇ ਚੁਣੀ ਹੋਈ ਲੋਕਤੰਤਰੀ ਸਰਕਾਰ ਵਾਂਗ ਵਿਹਾਰ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਆਜ਼ਾਦ ਭਾਰਤ ਵਿਚ ਕਦੇ ਵੀ ਇਸ ਪਵਿੱਤਰ ਸਦਨ ਵੱਲੋਂ ਪਾਸ ਕਿਸੇ ਵੀ ਕਾਨੂੰਨਾਂ ਦੇ ਖਿਲਾਫ ਇਸ ਤਰੀਕੇ ਦਾਵਿਰੋਧ ਵੇਖਣ ਨੂੰ ਨਹੀਂ ਮਿਲਿਆ।