ਮੁੱਖ ਮੰਤਰੀ ਤੋਂ ਤੁਰੰਤ ਅਸਤੀਫਾ ਮੰਗਿਆ ਕਿਉਂਕਿ ਉਹਨਾਂ ਨੇ ਬਦਲਾਖੋਰੀ ਦੀ ਇਸ ਕਾਰਵਾਈ ਦੀ ਅਗਵਾਈ ਕੀਤੀ
ਮੰਗ ਕੀਤੀ ਕਿ ਕੁੰਵਰ ਵਿਜੇ ਪ੍ਰਤਾਪ ਨੁੰ ਚਾਰਜਸ਼ੀਟ ਕੀਤਾ ਜਾਵੇ, ਉਸਦੇ ਖਿਲਾਫ ਫੌਜਦਾਰੀ ਕੇਸ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ
ਕਿਹਾ ਕਿ ਬੇਅਦਬੀ ਦੇ ਤਿੰਨ ਕੇਸਾਂ ਦੀ ਤੇਜ਼ ਰਫਤਾਰ ਜਾਂਚ ਦੀ ਜ਼ਰੂਰਤ ਕਿਉਂਕਿ ਕਾਂਗਰਸ ਸਰਕਾਰ ਨੇ ਇਹਨਾਂ ਮੰਦਭਾਗੀਆਂ ਘਟਨਾਵਾਂ ਦੇ ਦੋਸ਼ੀਆਂ ਨੁੰ ਫੜਨ ਦੀ ਥਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ
ਚੰਡੀਗੜ੍ਹ, 24 ਅਪ੍ਰੈਲ , 2021 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਮ ਆਦਮੀ ਪਾਰਟੀ ਨਾਲ ਰਲ ਕੇ ਬੇਅਦਬੀ ਤੇ ਪੁਲਿਸ ਫਾਇਰਿੰਗ ਕੇਸਾਂ ਵਿਚ ਸ਼ੁਰੂ ਕੀਤੀ ਸਿਆਸੀ ਤੌਰ ’ਤੇ ਪ੍ਰੇਰਿਤ, ਮਾੜੀ ਤੇ ਬਦਲਾਖੋਰੀ ਵੱਲ ਸੇਧਤ ਜਾਂਚ ਤੋਂ ਸਾਬਤ ਹੋ ਗਿਆ ਹੈ ਕਿ ਕਾਂਗਰਸ ਸਰਕਾਰ ਅਤੇ ਇਸਦੇ ਸਹਿਯੋਗੀ ਇਹਨਾਂ ਘਿਨੌਣੇ ਅਪਰਾਧਾਂ ਦੇ ਅਸਲ ਦੋਸ਼ੀਆਂ ਨੁੰ ਫੜਨ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ ਤੇ ਇਹ ਇਸ ਅਤਿ ਭਾਵੁਕ ਮੁੱਦੇ ’ਤੇ ਰਾਜਨੀਤੀ ਕਰ ਰਹੇ ਹਨ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨਕ ਰਦਿਆਂ ਸੀਨੀਅਰ ਅਕਾਲੀ ਆਗੂ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਹਾਲ ਹੀ ਵਿਚ ਸੁਣਾਏ ਫੈਸਲੇ ਨੇ ਕਾਂਗਰਸ ਅਤੇ ਆਪ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਲਈ ਬਣਾਏ ਗਏ ਗਠਜੋੜ ਨੂੰ ਬੇਨਕਾਬ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਿਉਂਕਿ ਮੁੱਖ ਮੰਤਰੀ ਨੇ ਆਪ ਮੀਟਿੰਗਾਂ ਕਰ ਕੇ ਕਾਂਗਰਸ ਤੇ ਆਪ ਦੇ ਇਸ ਸਿਆਸੀ ਏਜੰਡੇ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਨਵਜੋਤ ਸਿੱਧੂ ਤੇ ਸੁਖਜਿੰਦਰ ਰੰਧਾਵਾ ਵਰਗਿਆਂ ਨਾਲ ਰਲ ਕੇ ਸਿਰੇ ਚੜ੍ਹਾਇਆ, ਇਸ ਲਈ ਉਹਨਾ ਨੁੰ ਹੁਣ ਆਪਣੇ ਅਹੁਦੇ ’ਤੇ ਰਹਿਣ ਦਾ ਕੋਈ ਹੱਕ ਨਹੀਂ ਹੈ ਤੇ ਉਹਨਾਂ ਨੁੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸਾਬਕਾ ਦਾਗੀ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪ੍ਰੋਮੋਟ ਕਰਨ ਤੇ ਉਸਦਾ ਬਚਾਅ ਕਰਨ ਵਿਚ ਕਾਂਗਰਸ ਦੇ ਨਾਲ ਰਲੇ ਹੋਏ ਹਨ ਜਦਕਿ ਕੁੰਵਰ ਵਿਜੇ ਪ੍ਰਤਾਪ ’ਤੇ ਸਾਜ਼ਿਸ਼ ਨੁੰ ਅੰਜਾਮ ਦੇਣ ਦਾ ਦੋਸ਼ ਲੱਗਾ ਹੈ।
ਇਹਨਾਂ ਆਗੂਆਂ ਨੇ ਕਿਹਾ ਕਿ ਕਿਉਂਕਿ ਹਾਈ ਕੋਰਟ ਦੇ ਫੈਸਲੇ ਮਗਰੋ. ਹੁਣ ਸਿੱਧੀ ਫੌਜਦਾਰੀ ਸਾਜ਼ਿਸ਼ ਸਿੱਧ ਹੋ ਗਈ ਹੈ ਤਾਂ ਇਸ ਲਈ ਦਾਗੀ ਸਾਬਕਾ ਆਈ ਜੀ ਕੁੰਵਰ ਜਿਵੇ ਪ੍ਰਤਾਪ ਨੁੰ ਚਾਰਜਸ਼ੀਟ ਕੀਤਾ ਜਾਣਾ ਚਾਹੀਦਾ ਹੈ, ਉਸਦੇ ਖਿਲਾਫ ਫੌਜਦਾਰੀ ਕੇਸ ਦਰਜ ਕਰ ਕੇ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਉਸਦੇ ਗੁਨਾਹਾਂ ਲਈ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਸ੍ਰੀ ਗਰੇਵਾਲ ਤੇ ਡਾ. ਚੀਮਾ ਨੇ 2015 ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਤੇਜ਼ ਰਫਤਾਰ ਜਾਂਚ ਦੀ ਮੰਗ ਵੀ ਕੀਤੀ ਤੇ ਕਿਹਾ ਕਿ ਇਹਨਾਂ ਕੇਸਾਂ ਵਿਚ ਚਲਾਨ ਤੁਰੰਤ ਦਾਇਰ ਹੋਣੇ ਚਾਹੀਦੇ ਹਨ ਤੇ ਕਿਹਾ ਕਿ ਕਾਂਗਰਸ ਸਰਕਾਰ ਨੇ ਅਸਲ ਦੋਸ਼ੀਆਂ ਨੁੰ ਫੜਨ ਦੀ ਥਾਂ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਵਿਚ ਚਾਰ ਸਾਲ ਬਰਬਾਦ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਦੋਸ਼ੀਆਂ ਨੂੰ ਫੜਨ ਦੇ ਹੱਕ ਵਿਚ ਰਿਹਾ ਹੈ ਤੇ ਉਹ ਹਮੇਸ਼ਾ ਕਹਿੰਦਾ ਆ ਰਿਹਾ ਹੈ ਕਿ ਜਿਹਨਾਂ ਨੇ ਬੇਅਦਬੀ ਕੀਤੀ, ਉਹਨਾਂ ਦਾ ਕੱਖ ਨਾ ਰਹੇ ਤੇ ਜਿਹਨਾਂ ਨੇ ਇਸ ਬੇਅਦਬੀ ’ਤੇ ਰਾਜਨੀਤੀ ਕੀਤੀ, ਉਹਨਾਂ ਦਾ ਵੀ ਕੱਖ ਨਾ ਰਹੇ।
ਅਕਾਲੀ ਆਗੂਆਂ ਨੇ ਕਿਹਾ ਕਿ ਭਾਵੇਂ ਕਾਂਗਰਸ ਤੇ ਆਪ ਨੇ ਰਲ ਕੇ ਅਕਾਲੀ ਦਲ ਖਿਲਾਫ ਸਾਜ਼ਿਸ਼ ਰਚੀ ਪਰ ਉਹ ਥੋੜ੍ਹਾ ਸਮਾਂ ਹੀ ਕਾਮਯਾਬ ਹੋ ਪਾਏ ਜਦੋਂ ਅਕਾਲੀ ਦਲ 2017 ਦੀਆਂ ਚੋਣਾਂ ਵਿਚ ਹਾਰ ਗਿਆ ਪਰ ਹਾਈ ਕੋਰਟ ਦੇ ਫੈਸਲੇ ਨੇ ਅਕਾਲੀ ਦਲ ਨੁੰ ਇਸ ਮਾਮਲੇ ਵਿਚ ਫਸਾਉਣ ਦੇ ਉਹਨਾਂ ਦੇ ਇਰਾਦੇ ਬੇਨਕਾਬ ਕਰ ਦਿੱਤੇ ਹਨ।
ਵੇਰਵੇ ਸਾਂਝੇ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਦਵੈਸ਼ ਭਾਵ ਨਾਲ, ਬੇਤੁਕੀ ਤੇ ਬੇਹੂਦਾ ਜਾਂਚ ਕੀਤੀ ਹੈ ਅਤੇ ਸਾਬਕਾ ਅਫਸਰ ਨੇ ਧਰਮ, ਸਿਆਸਤ ਤੇ ਪੁਲਿਸ ਪ੍ਰਸ਼ਾਸਨ ਦਾ ਖਤਰਨਾਕ ਰਲੇਵਾਂ ਕੀਤਾ ਹੈ। ਉਹਨਾਂ ਕਿਹਾ ਕਿ ਅਦਾਲਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਾਬਕਾ ਆਈ ਜੀ ਆਪਣੇ ਅਹੁਦੇ ਤੇ ਰੁਤਬੇ ਦੀ ਦੁਰਵਰਤੋਂ ਦਾ ਆਦਿ ਹੈ ਤੇ ਇਸਨੇ ਇਕ ਸੀ ਜੇ ਐਮ ’ਤੇ ਬਿਨਾਂ ਸਬੂਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਦਾ ਦੋਸ਼ ਲਗਾ ਕੇ ਸੈਸ਼ਨ ਅਦਾਲਤ ਨੁੰ ਪੱਤਰ ਲਿਖ ਕੇ ਅਦਾਲਤੀ ਪ੍ਰਕਿਰਿਆ ਵਿਚ ਆਪਣਾ ਰੋਹਬ ਜਮਾਉਣ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਦਾਲਤ ਨੇ ਇਹ ਵੀ ਕਿਹਾ ਹੈ ਕਿ ਉਹ ਸੇਵਾ ਮੁਕਤੀ ਮਗਰੋਂ ਸਿਆਸੀ ਖੇਤਰ ਵਿਚ ਆਪਣੇ ਲਈ ਚੰਗਾ ਸਿਆਸੀ ਮੌਕਾ ਤਲਾਸ਼ਣ ਦੇ ਚੱਕਰ ਵਿਚ ਸਿਆਸੀ ਡਰਾਮੇਬਾਜ਼ੀ ਕਰ ਰਿਹਾ ਸੀ।
ਉਹਨਾਂ ਕਿਹਾ ਕਿ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਗੈਰਕਾਨੁੰਨੀ ਮਨਸੂਬਿਆਂ ਨੂੰ ਸਿਰੇ ਚੜ੍ਹਾਉਣ ਲਈ ਦੋ ਕੇਸਾਂ ਵਿਚ ਗਵਾਹਾਂ ਦੇ ਵੱਖ ਵੱਖ ਬਿਆਨ ਦਰਜ ਕੀਤੇ ਹਨ। ਉਹਨਾਂ ਕਿਹਾ ਕਿ ਸਾਬਕਾ ਆਈ ਤਾਂ ਆਪ ਹੀ ਇਕੱਲਾ ਜਾਂਚ ਕਰਦਾ ਰਿਹਾ ਜਦੋਂ ਕਿ ਐਸ ਆਈ ਟੀ ਦੇ ਬਾਕੀ ਮੈਂਬਰਾਂ ਨੇ ਉਸਦੀ ਪੜਤਾਲ ਨਾਲੋਂ ਆਪਣੇ ਆਪ ਨੁੰ ਵੱਖ ਕਰ ਲਿਆ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਐਸ ਆਈ ਟੀ ਦੀ ਅਗਵਾਈ ਕੁੰਵਰ ਵਿਜੇ ਪ੍ਰਤਾਪ ਕਰ ਰਿਹਾ ਸੀ ਜਿਸਦਾ ਮਕਸਦ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਸੀ।