ਕੇਜਰੀਵਾਲ ਨੂੰ ਦਿੱਤੀ ਗਈ ਇੱਕ ਵੋਟ ਸੁਰੱਖਿਅਤ ਅਤੇ ਖੁਸ਼ਹਾਲ ਪੰਜਾਬ ਦੀ ਨੀਂਹ ਰੱਖੇਗੀ, ‘ਆਪ’ ਬਣਾਏਗੀ ਪੰਜਾਬ ਨੂੰ ਸ਼ਾਂਤਮਈ ਅਤੇ ਖੁਸ਼ਹਾਲ ਸੂਬਾ

RAGHAV CHADHA
ਸਾਜਿਸ਼ ਤਹਿਤ ਪੰਜਾਬ ਦਾ ਮਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ: ਰਾਘਵ ਚੱਢਾ
ਕਿਹਾ, ਕਮਜ਼ੋਰ ਕਾਂਗਰਸ ਸਰਕਾਰ ਕਾਰਨ ਪੰਜਾਬ ‘ਚ ਵਾਪਰ ਰਹੀਆਂ ਬੇਅਦਬੀ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ
ਹਰ ਵਾਰ ਚੋਣਾਂ ਤੋਂ ਪਹਿਲਾਂ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਰਦੇ ਹਨ ਕੋਸ਼ਿਸ਼ – ਰਾਘਵ ਚੱਢਾ
ਪੰਜਾਬ ਨੂੰ ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖਣ ਵਾਲੀ ਸਰਕਾਰ ਦੀ ਲੋੜ ਹੈ, ਸਿਰਫ਼ ਆਮ ਆਦਮੀ ਪਾਰਟੀ ਹੀ ਪੰਜਾਬ ਨੂੰ ਸਥਿਰ ਤੇ ਮਜ਼ਬੂਤ ​​ਸਰਕਾਰ ਦੇ ਸਕਦੀ ਹੈ

ਚੰਡੀਗੜ੍ਹ, 7 ਜਨਵਰੀ 2022

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ”  ਗੁਰੂਆਂ ਦੀ ਧਰਤੀ ਹੈ ਮੇਰਾ ਪੰਜਾਬ, ਲੇਕਿਨ ਇਸ ਪਰ ਹੈ ਦੁਸ਼ਮਣਾਂ ਦੀ ਨਜ਼ਰ ਖ਼ਰਾਬ, ਦੁਸ਼ਮਣ ਕਰ ਰਿਹਾ ਹੈ ਕੋਸ਼ਿਸ਼ ਹਜ਼ਾਰ, ਲੇਕਿਨ ਦਿਲ ਨਾਲ ਜੁੜੇ ਹਨ ਸਾਰੇ ਆਪਸੀ ਤਾਰ।”  ਚੱਢਾ ਨੇ ਕਿਹਾ ਕਿ ਹਰ ਵਾਰ ਚੋਣਾਂ ਤੋਂ ਪਹਿਲਾਂ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਲੋਕਾਂ ਵਿਚ ਡਰ ਅਤੇ ਸਹਿਮ ਫੈਲਾ ਕੇ ਚੋਣਾਂ ਦਾ ਲਾਹਾ ਲੈਣਾ ਚਾਹੁੰਦੇ ਹਨ।

ਹੋਰ ਪੜ੍ਹੋ :-ਪੰਜਾਬ ਨਵੀਂ ਕਹਾਣੀ, ਨਵੀਆਂ ਪੈੜਾਂ ਅਤੇ ਨਵੀਆਂ ਮੰਜ਼ਿਲਾਂ ਲਈ ਤਿਆਰ : ਭਗਵੰਤ ਮਾਨ

ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਇੱਕ ਬਿਆਨ ਵਿੱਚ ਚੱਢਾ ਨੇ ਕਿਹਾ ਕਿ 2017 ਵਿੱਚ ਵੀ ਚੋਣਾਂ ਤੋਂ ਠੀਕ ਪਹਿਲਾਂ ਮੌੜ ਵਿੱਚ ਬੰਬ ਧਮਾਕੇ ਹੋਏ ਸਨ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਕੁਰਾਨ ਸਾਹਿਬ ਦੀ ਬੇਅਦਬੀ ਹੋਈ ਸੀ। ਪਰ ਕਾਂਗਰਸ ਸਰਕਾਰ ਦੇ ਪਿਛਲੇ ਪੰਜ ਸਾਲਾਂ ਵਿੱਚ ਬੇਅਦਬੀ, ਬੰਬ ਧਮਾਕੇ ਅਤੇ ਗੋਲੀ ਕਾਂਡ ਮਾਮਲੇ ਵਿੱਚ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਹੋਈ। ਇਸ ਵਾਰ ਵੀ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕੁਝ ਪੰਜਾਬ ਵਿਰੋਧੀ ਤਾਕਤਾਂ ਲੋਕਾਂ ਦੇ ਮਨਾਂ ਵਿੱਚ ਡਰ ਅਤੇ ਭੈਅ ਪੈਦਾ ਕਰਨ ਲਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਹੋਈ ਅਤੇ ਲੁਧਿਆਣਾ ਵਿੱਚ ਦਿਨ ਦਿਹਾੜੇ ਬੰਬ ਧਮਾਕੇ ਦੀ ਘਟਨਾ ਵਾਪਰੀ ਅਤੇ ਹੁਣ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਭਾਰੀ ਗੜਬੜੀ ਹੋਈ ਹੈ।

ਚੱਢਾ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਪੰਜਾਬ ਦੇ ਲੋਕ ਅਮਨ ਪਸੰਦ ਲੋਕ ਹਨ। ਆਪਸ ਵਿੱਚ ਰਲ-ਮਿਲ ਕੇ ਰਹਿਣਾ ਅਤੇ ਆਪਸੀ ਭਾਈਚਾਰਾ ਹੀ ਪੰਜਾਬ ਦੀ ਖੂਬਸੂਰਤੀ ਹੈ। ਪਰ ਕੁਝ ਪੰਜਾਬ ਵਿਰੋਧੀ ਤਾਕਤਾਂ ਹਰ ਵਾਰ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸ਼ਾਂਤੀ, ਅਮਨ-ਚੈਨ ਅਤੇ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।  ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਅਮਨ-ਚੈਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਕੰਮ ਕਾਇਮ ਕਰਨ ਵਾਲੀ ਅਤੇ ਪੰਜਾਬ ਦੇ ਲੋਕਾਂ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰਨ ਵਾਲੀ ਸਰਕਾਰ ਦੀ ਲੋੜ ਹੈ। ਪਰ ਸੱਤਾ ਲਈ ਆਪਸ ਵਿੱਚ ਲੜਨ ਵਾਲੇ ਕਾਂਗਰਸੀ ਆਗੂ ਕਦੇ ਵੀ ਪੰਜਾਬ ਦੀ ਰਾਖੀ ਨਹੀਂ ਕਰ ਸਕਦੇ। ਕਾਂਗਰਸ-ਅਕਾਲੀ ਦੀ ਗੰਦੀ ਰਾਜਨੀਤੀ ਕਾਰਨ ਪੰਜਾਬ ਵਿੱਚ ਬਹੁਤ ਖੂਨ-ਖਰਾਬਾ ਹੋਇਆ ਹੈ। ਹੁਣ ਪੰਜਾਬ ਨੂੰ ਭ੍ਰਿਸ਼ਟਾਚਾਰ, ਲੁੱਟ ਅਤੇ ਖ਼ੂਨ-ਖ਼ਰਾਬੇ ਤੋਂ ਆਜ਼ਾਦੀ ਦੀ ਲੋੜ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਹੀ ਪੰਜਾਬ ਨੂੰ ਸਥਿਰ, ਇਮਾਨਦਾਰ ਅਤੇ ਮਜ਼ਬੂਤ ​​ਸਰਕਾਰ ਦੇ ਸਕਦੀ ਹੈ। ਅਰਵਿੰਦ ਕੇਜਰੀਵਾਲ ਨੂੰ ਦਿੱਤੀ ਤੁਹਾਡੀ ਇੱਕ ਵੋਟ ਇੱਕ ਸੁਰੱਖਿਅਤ ਅਤੇ ਖੁਸ਼ਹਾਲ ਪੰਜਾਬ ਦੀ ਨੀਂਹ ਰੱਖੇਗੀ।  ਚੱਢਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਅਸੀਂ ਸਾਰੇ ਮਿਲ ਕੇ ਪੰਜਾਬ ਵਿੱਚ ਬਦਲਾਅ ਲਿਆਈਏ, ਸਾਫ਼ ਇਰਾਦੇ ਵਾਲੀ ਸਰਕਾਰ ਲਿਆਈਏ, ਆਓ ਰਲ ਕੇ ਪੰਜਾਬ ਨੂੰ ਸ਼ਾਂਤਮਈ ਅਤੇ ਖੁਸ਼ਹਾਲ ਸੂਬਾ ਬਣਾਈਏ।