ਰੇਤ ਦੀਆਂ ਕੀਮਤਾਂ : ਓਵਰਚਾਰਜਿੰਗ ਨੂੰ ਰੋਕਣ ਲਈ ਕੀਤੀ ਜਾਵੇਗੀ ਅਚਨਚੇਤ ਚੈਕਿੰਗ: ਘਨਸ਼ਿਆਮ ਥੋਰੀ

GHNSHYAM
ਰੇਤ ਦੀਆਂ ਕੀਮਤਾਂ : ਓਵਰਚਾਰਜਿੰਗ ਨੂੰ ਰੋਕਣ ਲਈ ਕੀਤੀ ਜਾਵੇਗੀ ਅਚਨਚੇਤ ਚੈਕਿੰਗ: ਘਨਸ਼ਿਆਮ ਥੋਰੀ
ਡਿਜੀਟਲ ਪੇਮੈਂਟ ਨਾਲ ਆਨਲਾਈਨ ਰੇਤ ਦੀ ਖਰੀਦ ਲਈ ਲੋਕਾਂ ਨੂੰ ਪੋਰਟਲ ‘https://www.minesandgeology.punjab.gov.in’ ਦੀ ਵਰਤੋਂ ਕਰਨ ਦੀ ਕੀਤੀ ਅਪੀਲ
ਮੁੱਖ ਸਕੱਤਰ ਨੇ ਸਸਤੇ ਰੇਟਾਂ ‘ਤੇ ਰੇਤ ਮੁਹੱਈਆ ਕਰਵਾਉਣ ਲਈ ਜਲੰਧਰ ਜ਼ਿਲ੍ਹੇ ਦੇ ਯਤਨਾਂ ਦੀ ਕੀਤੀ ਸ਼ਲਾਘਾ

ਜਲੰਧਰ, 25 ਨਵੰਬਰ 2021

ਨਿਰਧਾਰਤ ਰੇਟਾਂ ‘ਤੇ ਰੇਤ ਦੀ ਉਪਲਬਧਤਾ ਲਈ ਯਤਨਾਂ ਨੂੰ ਹੋਰ ਤੇਜ਼ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਵੀਰਵਾਰ ਨੂੰ ਕਿਹਾ ਕਿ ਰੇਤ ਦੀਆਂ ਕੀਮਤਾਂ ‘ਤੇ ਜੇਕਰ ਕੋਈ ਵੱਧ ਵਸੂਲੀ ਹੁੰਦੀ ਹੈ ਤਾਂ ਉਸ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਟੀਮਾਂ ਵੱਲੋਂ ਅਚਨਚੇਤ ਚੈਕਿੰਗ ਸ਼ੁਰੂ ਕੀਤੀ ਜਾਵੇਗੀ।
ਹੋਰ ਪੜ੍ਹੋ :-ਫ਼ੋਕੇ ਐਲਾਨ ਕਰ- ਕਰ ‘ਐਲਾਨ ਮੰਤਰੀ’ ਬਣੇ ਚਰਨਜੀਤ ਸਿੰਘ ਚੰਨੀ : ਭਗਵੰਤ ਮਾਨ

ਸਟਿੰਗ/ਵੀਡੀਓ ਕਲਿੱਪਾਂ ਰਾਹੀਂ ਓਵਰਚਾਰਜਿੰਗ ਦਾ ਪਰਦਾਫਾਸ਼ ਕਰਨ ‘ਤੇ 25,000  ਰੁਪਏ ਦੇ ਇਨਾਮ ਦਾ ਐਲਾਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਮਾਈਨਿੰਗ ਵਿਭਾਗ ਵੱਲੋਂ ਚਲਾਏ ਜਾ ਰਹੇ ਪੋਰਟਲ https://www.minesandgeology.punjab.gov.in ਰਾਹੀਂ ਵੀ ਘੱਟੋ-ਘੱਟ 100 ਕਿਊਬਿਕ ਫੁੱਟ ਦੀ ਖ਼ਰੀਦ ਦੇ ਨਾਲ ਲੋੜੀਂਦੀ ਰੇਤ ਦੀ ਖ਼ਰੀਦ ਕਰ ਸਕਦੇ ਹਨ। ਸ਼੍ਰੀ ਥੋਰੀ ਨੇ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਰੇਤ ਵਿਕਰੇਤਾਵਾਂ, ਟਰਾਂਸਪੋਰਟਰਾਂ ਅਤੇ ਹੋਰ ਭਾਗੀਦਾਰਾਂ ਨਾਲ ਪਹਿਲਾਂ ਹੀ ਸਸਤੇ ਰੇਟਾਂ ‘ਤੇ ਰੇਤ ਮੁਹੱਈਆ ਕਰਵਾਉਣ ਲਈ ਸਾਂਝੀਆਂ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਸਾਰਿਆਂ ਵੱਲੋਂ ਇਸ ਸਬੰਧੀ ਪ੍ਰਸਤਾਵ ਨੂੰ ਸਹਿਮਤੀ ਦਿੱਤੀ ਜਾ ਚੁੱਕੀ ਹੈ। ਸ਼੍ਰੀ ਥੋਰੀ ਨੇ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਹੁਣ ਕੋਈ ਨਿਰਧਾਰਿਤ ਕੀਮਤਾਂ ਤੋਂ ਵੱਧ ਵਸੂਲ ਕਰਦਾ ਪਾਇਆ ਗਿਆ ਤਾਂ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।

ਮੁੱਖ ਸਕੱਤਰ ਸ਼੍ਰੀ ਅਨਿਰੁਧ ਤਿਵਾੜੀ ਦੀ ਪ੍ਰਧਾਨਗੀ ਹੇਠ ਰੇਤ ਅਤੇ ਗਰੈਵਲ ਦੀ ਉਪਲਬਧਤਾ ਅਤੇ ਇਸ ਦੀਆਂ ਕੀਮਤਾਂ ਦਾ ਜਾਇਜ਼ਾ ਲੈਣ ਲਈ ਕੀਤੀ ਗਈ ਵੀਡੀਓ ਕਾਨਫਰੰਸ ਵਿੱਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਪ੍ਰਸ਼ਾਸਨ ਵੱਲੋਂ ਮਾਈਨਿੰਗ ਸਾਈਟ ‘ਤੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਸਮੇਤ ਰੇਤ ‘ਤੇ ਸਾਰੇ ਲੋੜੀਂਦੇ ਖਰਚਿਆਂ ਦੀ ਗਣਨਾ ਕਰਨ ਲਈ ਇੱਕ ਯੋਜਨਾ ਤਿਆਰ ਕੀਤੀ ਗਈ ਸੀ । ਮੁੱਖ ਸਕੱਤਰ ਵੱਲੋਂ ਸੂਬੇ ਦੀ ਸੈਂਡ ਅਤੇ ਗਰੈਵਲ ਮਾਈਨਿੰਗ ਨੀਤੀ-2021 ਨੂੰ ਕੁਸ਼ਲ ਤਰੀਕੇ ਨਾਲ ਲਾਗੂ ਕਰਨ ਲਈ ਜਲੰਧਰ ਮਾਡਲ ਦੀ ਸ਼ਲਾਘਾ ਵੀ ਕੀਤੀ ਗਈ, ਜਿਸ ਸਦਕਾ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਰੇਤ ਉਪਲਬਧ ਕਰਾਉਣ ਦਾ ਰਾਹ ਪੱਧਰਾ ਹੋਇਆ । ਸ਼੍ਰੀ ਥੋਰੀ ਨੇ ਮੁੱਖ ਸਕੱਤਰ ਨੂੰ ਇਹ ਵੀ ਦੱਸਿਆ ਕਿ ਸਾਰੇ ਭਾਗੀਦਾਰਾਂ ਨਾਲ ਮੀਟਿੰਗਾਂ ਸਫ਼ਲ ਰਹੀਆਂ ਕਿਉਂਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਟਰਾਂਸਪੋਰਟੇਸ਼ਨ ਅਤੇ ਹੋਰ ਨਿਸ਼ਚਿਤ ਖਰਚਿਆਂ ਤੋਂ ਬਾਹਰ ਨਾ ਜਾਣ ਲਈ ਰਾਜ਼ੀ ਕਰ ਲਿਆ ਗਿਆ।
ਸ਼੍ਰੀ ਥੋਰੀ ਨੇ ਕਿਹਾ ਕਿ ਓਵਰਚਾਰਜਿੰਗ ਨੂੰ ਕਿਸੇ ਵੀ ਕੀਮਤ ‘ਤੇ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਇਸ ਸਬੰਧੀ ਕੋਈ ਠੋਸ ਸ਼ਿਕਾਇਤ ਅਤੇ ਰਿਪੋਰਟ ਆਉਣ ‘ਤੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਜਿਹੇ ਮਾਮਲਿਆਂ ਦੀ ਸੂਚਨਾ ਪ੍ਰਸ਼ਾਸਨ ਵੱਲੋਂ ਜਾਰੀ ਵਟਸਐਪ ਨੰਬਰ 95017-99068 ਰਾਹੀਂ ਕਰਨ ਦੀ ਜ਼ੋਰਦਾਰ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਮਾਮਲਿਆਂ ਵਿੱਚ 25000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ, ਜਿਨ੍ਹਾਂ ਦੇ ਆਧਾਰ ‘ਤੇ ਐਫ.ਆਈ.ਆਰ. ਦਰਜ ਕੀਤੀ ਜਾਵੇਗੀ।
ਜ਼ਿਲ੍ਹੇ ਵਿੱਚ ਪ੍ਰਤੀ ਕਿਊਬਿਕ ਫੁੱਟ ਦਰਾਂ:
ਜ਼ਿਲ੍ਹੇ ਵਿੱਚ ਨਿਰਧਾਰਤ ਕੀਮਤਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਸ਼ਹਿਰ ਵਿੱਚ 15 ਰੁਪਏ ਪ੍ਰਤੀ ਕਿਊਬਿਕ ਫੁੱਟ ਕੀਮਤ ਤੈਅ ਕੀਤੀ ਗਈ ਹੈ, ਜਿਸ ਵਿੱਚ ਗ੍ਰਾਹਕ ਦੇ ਟਿਕਾਣੇ ਤੱਕ ਆਵਾਜਾਈ ਦੇ ਖਰਚੇ ਸ਼ਾਮਲ ਨਹੀਂ ਹਨ। ਇਸੇ ਤਰ੍ਹਾਂ ਫਿਲੌਰ, ਨਕੋਦਰ ਅਤੇ ਨੂਰਮਹਿਲ ਵਿੱਚ 11.50 ਪ੍ਰਤੀ ਕਿਊਬਿਕ ਫੁੱਟ, ਮਹਿਤਪੁਰ ਅਤੇ ਸ਼ਾਹਕੋਟ ਵਿੱਚ 11 ਪ੍ਰਤੀ ਕਿਊਬਿਕ ਫੁੱਟ, ਬਿਲਗਾ ਅਤੇ ਲੋਹੀਆਂ ਲਈ 12 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕੀਤਾ ਗਿਆ ਹੈ।
ਜਦਕਿ ਗੁਰਾਇਆ ਅਤੇ ਕਰਤਾਰਪੁਰ (ਬਿਆਸ ਤੋਂ) ਲਈ 13 ਰੁਪਏ ਅਤੇ ਭੋਗਪੁਰ (ਬਿਆਸ ਤੋਂ) ਵਿੱਚ 14 ਪ੍ਰਤੀ ਕਿਊਬਿਕ ਫੁੱਟ ਤੈਅ ਕੀਤਾ ਗਿਆ ਹੈ। ਆਦਮਪੁਰ ਅਤੇ ਅਲਾਵਲਪੁਰ ਵਿੱਚ ਵੀ ਰੇਤਾ 15 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਉਪਲਬਧ ਹੋਵੇਗਾ।
ਮੁੱਖ ਸਕੱਤਰ ਨੇ ਵਿਸ਼ੇਸ਼ ਤੌਰ ‘ਤੇ ਕੈਂਪ ਲਗਾ ਕੇ ਟੈਸਟਿੰਗ ਅਤੇ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਕੋਵਿਡ-19 ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਵੀ ਲਿਆ।
Spread the love