ਪਿੰਡ ਪੱਧਰ ਤੇ ਸੈਨੀਟੇਸ਼ਨ ਨਾਲ ਸਬੰਧਤ ਸਾਰੀਆਂ ਸਹੂਲਤਾਂ ਲਈ ਗ੍ਰਾਮ ਪੰਚਾਇਤਾਂ ਦੇ ਕਰਵਾਏ ਜਾਣਗੇ ਮੁਕਾਬਲੇ – ਏ.ਡੀ.ਸੀ ਵਿਕਾਸ

sagar
 ਪਿੰਡ ਪੱਧਰ ਤੇ ਸੈਨੀਟੇਸ਼ਨ ਨਾਲ ਸਬੰਧਤ ਸਾਰੀਆਂ ਸਹੂਲਤਾਂ ਲਈ ਗ੍ਰਾਮ ਪੰਚਾਇਤਾਂ ਦੇ ਕਰਵਾਏ ਜਾਣਗੇ ਮੁਕਾਬਲੇ - ਏ.ਡੀ.ਸੀ ਵਿਕਾਸ
ਪਿੰਡਾਂ ਦੇ ਸਰਪੰਚਾਂ ਨੂੰ ਮੁਕਾਬਲੇ ਵਿਚ ਹਿੱਸਾ ਲੈਣ ਦੀ ਅਪੀਲ
ਫ਼ਾਜ਼ਿਲਕਾ  15 ਅਪ੍ਰੈਲ 2022

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਸ-2 ਤਹਿਤ ਪਿੰਡਾਂ ਵਿੱਚ ਮੇਰਾ ਪਿੰਡ ਮੇਰੀ ਜਿੰਮੇਵਾਰੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦਾ ਮੁੱਖ ਉਦੇਸ਼ ਪਿੰਡਾਂ ਵਿੱਚ ਸਾਫ ਸਫਾਈ ਨੂੰ ਉਤਸ਼ਾਹਿਤ ਕਰਨਾ ਹੈ।  ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਫੇਸ-2 ਵਿੱਚ ਓ.ਡੀ.ਐਫ(ਖੁੱਲੇ ਵਿੱਚ ਸੋਚ ਮੁਕਤ) ਘੋਸ਼ਿਤ ਹੋ ਚੁੱਕੇ ਪਿੰਡਾਂ ਨੂੰ ਸੈਨੀਟੇਸ਼ਨ ਨਾਲ ਸਬੰਧਤ ਹੋਰ ਸੁਵਿਧਾਵਾਂ ਦੇ ਕੇ ਓ.ਡੀ.ਐਫ ਪਲੱਸ ਕੀਤਾ ਜਾਣਾ ਹੈ।

ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਭਾਰਤ ਦੇ ਚੀਫ ਜਸਟਿਸ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਨਿੱਘੀ ਵਿਦਾਇਗੀ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਾਗਰ ਸੇਤੀਆ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਿਆਂ ਵਿੱਚ ਸਭ ਤੋਂ ਸਾਫ ਪਿੰਡ ਜਿਸ ਵਿੱਚ ਸੈਨੀਟੇਸ਼ਨ ਨਾਲ ਸਬੰਧਤ ਸਾਰੀਆਂ ਸਹੂਲਤਾਂ ਹੋਣ ਦੀ ਚੋਣ ਲਈ ਗ੍ਰਾਮ ਪੰਚਾਇਤਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਅਤੇ ਪੰਚਾਂ-ਸਰਪੰਚਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਲਈ ਜ਼ਿਲ੍ਹਾ ਪੱਧਰੀ ਇੱਕ ਚੋਣ ਕਮੇਟੀ ਬਣਾਈ ਗਈ ਹੈ ਜੋ ਕਿ ਜ਼ਿਲ੍ਹੇ ਦੇ ਸਭ ਤੋਂ ਸਾਫ ਪਿੰਡ ਦੀ ਚੋਣ ਕਰੇਗੀ। ਜੇਤੂ ਪੰਚਾਇਤ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜੋ ਕਿ ਪਿੰਡ ਵਿੱਚ ਹੋਰ ਸਹੂਲਤਾਂ  ਪ੍ਰਦਾਨ ਕਰਨ ਤੇ ਲਗਾਇਆ ਜਾਵੇਗਾ ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ ਸ੍ਰੀ ਚਮਕ ਸਿੰਗਲਾ ਨੇ ਪਿੰਡਾਂ  ਦੇ ਸਰਪੰਚਾਂ ਨੂੰ ਵੱਧ ਤੋਂ ਵੱਧ ਇਸ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਲਈ ਪਿੰਡ ਦੇ ਸਾਰੇ ਘਰ ਸਕੂਲ ਅਤੇ ਆਂਗਨਵਾੜੀ ਚ ਪਖਾਨੇ ਦੀ ਸਹੂਲਤ, ਪਿੰਡਾਂ ਚ  ਠੋਸ ਕੂੜੇ ਦੇ ਪ੍ਰਬੰਧਨ ਦੀ ਸਹੂਲਤ, ਪਿੰਡਾਂ ਵਿੱਚ ਗੰਦੇ ਪਾਣੀ ਦੇ ਪ੍ਰਬੰਧਨ ਦੀ ਸਹੂਲਤ, ਪਿੰਡਾਂ ਵਿਚ ਪਲਾਸਟਿਕ  ਕੂੜੇ ਨੂੰ ਵੱਖ ਵੱਖ ਕਰਨ, ਘਰੋ ਘਰੀ ਇਕੱਠਾ ਕਰਨ ਅਤੇ ਪਿੰਡ ਪੱਧਰ ਤੇ ਸਾਂਝੀ ਥਾਂ ਤੇ ਰੱਖਣ ਦਾ ਪ੍ਰਬੰਧ, ਪਿੰਡ ਵਿਚ ਮਹਾਵਾਰੀ ਕੂੜੇ ਦੇ ਪ੍ਰਬੰਧਨ ਦੀ ਸਹੂਲਤ, ਪਿੰਡ ਦੀਆਂ ਪੰਜ ਜਨਤਕ ਥਾਵਾਂ ਦੀ ਸਾਫ਼ ਸਫਾਈ,  ਪਿੰਡ ਵਿੱਚ ਸਵੱਛ ਸਰਵੇਖਣ ਗ੍ਰਾਮੀਣ 2021 ਸੰਬੰਧੀ ਵਾਲ ਪੇਂਟਿੰਗ ਆਦਿ ਸਬੰਧੀ ਮੁਕਾਬਲੇ ਕਰਵਾਏ ਜਾ ਰਹੇ ਹਨ।  ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੀਜੀ ਮੰਜ਼ਿਲ 411 ਨੰਬਰ ਕਮਰੇ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੇਰਾ ਪਿੰਡ ਮੇਰੀ ਜਿੰਮੇਵਾਰੀ ਮੁਕਾਬਲੇ ਦੀ ਆਖਰੀ ਮਿਤੀ 30 ਅਪ੍ਰੈਲ ਹੈ।
Spread the love