ਐਸ.ਏ.ਐਸ.ਨਗਰ ਨੇ ਡੇਰਾਬੱਸੀ ਦੇ ਪਿੰਡ ਭਾਦਰਗੜ੍ਹ ਵਿੱਚ 100 ਫ਼ੀਸਦੀ ਕੋਵਿਡ ਟੀਕਾਕਰਨ ਕੀਤਾ ਹਾਸਲ

ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਦਫ਼ਤਰ, ਐਸ.ਏ.ਐਸ.ਨਗਰ
198369 ਪ੍ਰਤੀ ਮਿਲੀਅਨ ਟੀਕਾਕਰਨ ਨਾਲ, ਐਸ.ਏ.ਐਸ. ਨਗਰ ਸੂਬੇ ਵਿੱਚ ਦੂਜੇ ਨੰਬਰ ‘ਤੇ
ਐਸ.ਏ.ਐਸ.ਨਗਰ, 23 ਅਪ੍ਰੈਲ , 2021 ਕੋਵਿਡ-19 ਕੇਸਾਂ ਵਿੱਚ ਵਾਧੇ ਨਾਲ ਪੈਦਾ ਹੋਈ ਗੰਭੀਰ ਸਥਿਤੀ ਦੇ ਮੁਕਾਬਲੇ ਸ਼ੁੱਕਰਵਾਰ ਦੀ ਸਵੇਰ ਕੁਝ ਸੁਹਾਵਣੀ ਰਹੀ ਅਤੇ ਐਸ.ਏ.ਐਸ. ਨਗਰ ਦੇ ਵਸਨੀਕਾਂ ਲਈ ਇਕ ਉਮੀਦ ਲੈ ਕੇ ਆਈ ਕਿਓਜੋ ਜ਼ਿਲ੍ਹੇ ਨੇ ਡੇਰਾਬਸੀ ਸਬ ਡਵੀਜਨ ਵਿੱਚ ਪੈਂਦੇ ਪਿੰਡ ਭਾਦਰਗੜ੍ਹ ਦੇ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਸਨੀਕਾਂ ਦੇ 100 ਫ਼ੀਸਦੀ ਟੀਕਾਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜੋ ਕਿ ਦੇਸ਼ ਵਿਚ ਆਪਣੇ ਕਿਸਮ ਦਾ ਇਕ ਬਾਕਮਾਲ ਕਾਰਜ ਹੈ।
ਵੇਰਵੇ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਟੀਕਾਕਰਨ ਲਈ ਸਹੂਲਤਾਂ ਦੇਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਸ੍ਰੀ ਦਿਆਲਨ ਨੇ ਕਿਹਾ, “ਅਸੀਂ ਜ਼ਿਲ੍ਹੇ ਭਰ ਵਿੱਚ 58 ਸਰਕਾਰੀ ਅਤੇ 40 ਨਿੱਜੀ ਸਿਹਤ ਸੰਸਥਾਵਾਂ ਰਾਹੀਂ ਲੋਕਾਂ ਨੂੰ ਕੋਵਿਡ ਟੀਕਾਕਰਨ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਦੂਰ-ਦੁਰਾਡੇ ਇਲਾਕਿਆਂ ਤੱਕ ਪਹੁੰਚ ਬਣਾਉਣ ਲਈ ਰੋਜ਼ਾਨਾ ਵਿਸ਼ੇਸ਼ ਆਊਟਰੀਚ ਕੈਂਪ ਲਗਾਏ ਜਾ ਰਹੇ ਹਨ।” ਇਛੁੱਕ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ, ਮਾਰਕੀਟ ਐਸੋਸੀਏਸ਼ਨਾਂ ਅਤੇ ਸਨਅਤੀ ਇਕਾਈਆਂ ਲਈ ਵਿਸ਼ੇਸ਼ ਟੀਕਾਕਰਨ ਟੀਮਾਂ ਵੀ ਭੇਜੀਆਂ ਜਾ ਰਹੀਆਂ ਹਨ। ਉਹਨਾਂ ਕਿਹਾ, “ਅਜੇ ਤੱਕ ਕੋਵਿਡ-19 ਵਿਰੁੱਧ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਟੀਕਾਕਰਨ ਹੀ ਹੈ ਜਾਂ ਟੀਕਾ ਲਗਾਏ ਵਿਅਕਤੀ ਨੂੰ ਸੰਕਰਮਿਤ ਹੋਣ ‘ਤੇ ਘੱਟੋ ਘੱਟ ਟੀਕਾਕਰਨ ਵਾਇਰਸ ਦੇ ਪ੍ਰਭਾਵ ਨੂੰ ਘਟਾਉਂਦਾ ਹੈ। ਇਸ ਲਈ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।”
ਡਿਪਟੀ ਕਮਿਸ਼ਨਰ ਨੇ ਕਿਹਾ, “ਮੈਂ ਗ੍ਰਾਮ ਪੰਚਾਇਤ ਬਹਾਦਰਗੜ੍ਹ ਦੀ ਸਰਪੰਚ ਹਰਵਿੰਦਰ ਕੌਰ, ਉਕਤ ਪਿੰਡ ਦੇ ਟੀਕਾਕਰਨ ਲਈ ਨੋਡਲ ਅਧਿਕਾਰੀ ਰਿਸ਼ਬ ਗਰਗ, ਐਸਡੀਐਮ ਡੇਰਾਬਸੀ ਕੁਲਦੀਪ ਬਾਵਾ ਅਤੇ ਸਮੁੱਚੀ ਟੀਕਾਕਰਨ ਟੀਮ ਦੇ ਯਤਨਾਂ ਦੀ ਦਿਲੋਂ ਸ਼ਲਾਘਾ ਕਰਦਾ ਹਾਂ।” ਉਹਨਾਂ ਅੱਗੇ ਕਿਹਾ ਕਿ ਅਸੀਂ ਹੋਰਨਾਂ ਪਿੰਡਾਂ ਵਿਚ ਵੀ ਇਸ ਬਾਕਮਾਲ ਕਾਰਜ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕਾਰਜ ਨੂੰ ਨੇਪੜੇ ਚਾੜਨ ਵਾਲੇ ਪਿੰਡ ਨੂੰ ਇਨਾਮ ਵਜੋਂ ਵਿਸ਼ੇਸ਼ ਪ੍ਰੋਤਸਾਹਨ ਅਤੇ ਗ੍ਰਾਂਟ ਦੇਣ ਲਈ, ਇਸ ਪਿੰਡ ਦਾ ਨਾਂ ਸੂਬਾ ਸਰਕਾਰ ਨੂੰ ਭੇਜਿਆ ਜਾਵੇਗਾ।
ਜ਼ਿਕਰਯੋਗ ਹੈ ਕਿ 198369 ਪ੍ਰਤੀ ਮਿਲੀਅਨ ਟੀਕਾਕਰਨ ਦੇ ਨਾਲ, ਐਸ.ਏ.ਐਸ. ਨਗਰ ਪ੍ਰਤੀ ਮਿਲੀਅਨ ਅਬਾਦੀ ਪਿੱਛੇ ਟੀਕਾਕਰਨ ਲਈ ਸੂਬੇ ਵਿੱਚੋਂ ਦੂਜੇ ਨੰਬਰ ‘ਤੇ ਹੈ।
Spread the love