ਅੰਮਿ੍ਤਸਰ ਦੇ ਸਿਵਲ ਹਸਪਤਾਲ ਵਿੱਚ ਖੁੱਲਿਆ 24 ਘੰਟਾ ਖੁੱਲਾ ਰਹਿਣ ਵਾਲਾ ਸਕੈਨਿੰਗ ਸੈਂਟਰ
ਬਹੁਤ ਸਸਤੇ ਰੇਟਾਂ ਉਤੇ ਹੋਵੇਗੀ ਐਮ ਆਰ ਆਈ ਤੇ ਹੋਰ ਟੈਸਟ
ਅੰਮਿ੍ਤਸਰ, 3 ਜਨਵਰੀ 2022
ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਸਿਹਤ ਸਹੂਲਤਾਂ ਦੇਣ ਦੇਣ ਲਈ ਰਾਜ ਦੇ ਸਾਰੇ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਸਕੈਨਿੰਗ ਸੈਂਟਰ, ਜਿੰਨਾ ਵਿਚ ਐਮ ਆਰ ਆਈ ਸਮੇਤ ਸਾਰੇ ਵੱਡੇ ਟੈਸਟ ਸ਼ਾਮਿਲ ਹਨ, ਬਹੁਤ ਸਸਤੀ ਕੀਮਤ ਉਤੇ ਕੀਤੇ ਜਾਣਗੇ। ਸ੍ਰੀ ਸੋਨੀ ਨੇ ਕਿਹਾ ਕਿ ਇਨ੍ਹਾਂ ਹੀ ਨਹੀਂ ਇਹ ਸਕੈਨਿੰਗ ਸੈਂਟਰ ਹਰ ਰੋਜ਼ ਬਿਨਾ ਕਿਸੇ ਛੁੱਟੀ ਦੇ 24 ਘੰਟੇ ਆਪਣੀ ਸੇਵਾ ਦੇਣਗੇ।
ਹੋਰ ਪੜ੍ਹੋ :-ਇੰਸਟੀਚਿਊਟ ਆਫ਼ ਹਾਸਪਟੇਲਿਟੀ ਐਂਡ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਕੀਤਾ ਸ਼ੀਸ ਮਹਿਲ ਦੇ ਕਿਲ੍ਹਾ ਮੁਬਾਰਕ ਦਾ ਦੌਰਾ
ਅੰਮਿ੍ਤਸਰ ਦੇ ਸਿਵਲ ਹਸਪਤਾਲ ਵਿੱਚ ਖੋਲੇ ਇਸ ਤਰ੍ਹਾਂ ਦੇ ਪਹਿਲੇ ਸਕੈਨਿੰਗ ਸੈਂਟਰ ਦਾ ਉਦਘਾਟਨ ਕਰਨ ਮੌਕੇ ਬੋਲਦੇ ਸ੍ਰੀ ਸੋਨੀ ਨੇ ਦੱਸਿਆ ਕਿ ਇਸ ਲਈ ਪੰਜਾਬ ਸਰਕਾਰ ਨੇ ਦੇਸ਼ ਦੀ ਵੱਡੀ ਨਾਮੀ ਕੰਪਨੀ ਨਾਲ ਸਮਝੌਤਾ ਕੀਤਾ ਹੈ, ਜੋ ਕਿ ਇਹ ਸਾਰੇ ਸੈਂਟਰ ਪੀ ਪੀ ਮੋਡ ਉਤੇ ਬਣਾਏਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਤੈਅ ਕੀਤੀਆਂ ਟੈਸਟ ਦਰਾਂ, ਜੋ ਕਿ ਬਾਜਾਰ ਨਾਲੋਂ 60 ਤੋਂ 70 ਫੀਸਦੀ ਘੱਟ ਹਨ, ਉਤੇ ਇਹ ਸੈਂਟਰ ਆਪਣੀ ਸੇਵਾ ਦੇਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 6 ਵੱਡੇ ਸਿਵਲ ਹਸਪਤਾਲਾਂ ਵਿੱਚ ਐਮ ਆਰ ਆਈ ਸੈਂਟਰ, 25 ਹਸਪਤਾਲਾਂ ਵਿੱਚ ਸਕੈਨਿੰਗ ਸੈਂਟਰ, ਮੁਹਾਲੀ ਵਿਖੇ ਇਕ ਸਟੇਟ ਪੱਧਰ ਦੀ ਲੈਬ, ਜਿਲ੍ਹੇ ਦੇ ਹਸਪਤਾਲਾਂ ਵਿੱਚ 30 ਪੇਥੋਲੋਜੀ ਲੈਬਾਰਟਰੀ ਅਤੇ ਛੋਟੇ ਸਿਹਤ ਕੇਂਦਰਾਂ ਲਈ 95 ਕੁਲੈਕਸ਼ਨ ਸੈਂਟਰ ਬਣਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਕੇਂਦਰ ਪੰਜਾਬ ਦੀ ਕਰੀਬ 2.8 ਕਰੌੜ ਲੋਕਾਂ ਨੂੰ ਆਪਣੀ ਸੇਵਾ ਦੇਣਗੇ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਸਾਰੇ ਕੇਂਦਰ ਆਉਣ ਵਾਲੇ 2 ਮਹੀਨਿਆਂ ਤੱਕ ਕੰਮ ਕਰਨਾ ਸ਼ੁਰੂ ਕਰ ਦੇਣਗੇ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਸੰਬੋਧਨ ਕਰਦੇ ਡਾਇਰੈਕਟਰ ਸਿਹਤ ਸ੍ਰੀ ਜੀ ਬੀ ਸਿੰਘ ਨੇ ਦੱਸਿਆ ਕਿ ਉਕਤ ਕੰਪਨੀ ਪੰਜਾਬ ਤੋਂ ਪਹਿਲਾਂ 15 ਰਾਜਾਂ ਵਿੱਚ ਸਫਲਤਾ ਪੂਰਵਕ ਸਿਹਤ ਸੇਵਾਵਾਂ ਦੇ ਰਹੀ ਹੈ ਅਤੇ ਇਸ ਦੇ ਸਾਡੇ ਸਰਕਾਰੀ ਹਸਪਤਾਲਾਂ ਵਿੱਚ ਆਉਣ ਨਾਲ ਮਰੀਜ਼ਾਂ ਅਤੇ ਡਾਕਟਰਾਂ ਦੋਵਾਂ ਨੂੰ ਇਲਾਜ ਦੇ ਲਈ ਵੱਡੀ ਰਾਹਤ ਮਿਲੇਗੀ। ਇਸ ਮੌਕੇ ਸੰਬੋਧਨ ਕਰਦੇ ਐਮ ਡੀ ਕਿ੍ਸ਼ਨਾ ਡਾਇਗਨੋਜ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦੇ ਭਰੋਸਾ ਦਿੱਤਾ ਕਿ ਅਸੀਂ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀਂ ਛੱਡਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ, ਸਿਵਲ ਸਰਜਨ ਸ੍ਰੀ ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ:–ਸਿਵਲ ਹਸਪਤਾਲ ਵਿੱਚ 24 ਘੰਟੇ ਚੱਲਣ ਵਾਲੇ ਡਾਇਗਨੌਸਟਿਕ ਸੈਂਟਰ ਦਾ ਉਦਘਾਟਨ ਕਰਨ ਮੌਕੇ ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ।