ਐਸ.ਡੀ. ਐਮ. ਪਠਾਨਕੋਟ ਨੇ ਰੀਵਿਓ ਮੀਟਿੰਗ ਕਰਕੇ ਲਿਆ ਪ੍ਰਬੰਧਾਂ ਦਾ ਜਾਇਜਾ
28 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਅਤੇ ਬੀ.ਡੀ.ਓ.ਦਫਤਰ ਧਾਰ ਕਲ੍ਹਾਂ ਵਿੱਚ ਲਗਾਏ ਜਾਣਗੇ ਸੁਵਿਧਾ ਕੈਂਪ
ਪਠਾਨਕੋਟ, 26 ਅਕਤੂਬਰ 2021
ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਆਮ ਜਨਤਾ ਤੱਕ ਪਹੁੰਚਾਉਣ ਅਤੇ ਇੰਨ੍ਹਾਂ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪਠਾਨਕੋਟ ਵਿੱਚ ਸਬ-ਡਵੀਜ਼ਨ ਪੱਧਰ ’ਤੇ 28 ਅਤੇ 29 ਅਕਤੂਬਰ ਨੂੰ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਜਿਸ ਅਧੀਨ 28 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਅਤੇ ਬੀ.ਡੀ.ਓ.ਦਫਤਰ ਧਾਰ ਕਲ੍ਹਾਂ ਵਿੱਚ ਅਤੇ 29 ਅਕਤੂਬਰ ਨੂੰ ਕਬਾੜ ਧਰਮਸਾਲਾ ਪਠਾਨਕੋਟ ਵਿਖੇ ਸੁਵਿਧਾ ਕੈਂਪ ਲਗਾਏ ਜਾਣਗੇ। ਇਹ ਪ੍ਰਗਟਾਵਾ ਸ. ਗੁਰਸਿਮਰਨ ਸਿੰਘ ਢਿੱਲੋ ਐਸ.ਡੀ.ਐਮ. ਪਠਾਨਕੋਟ ਨੇ ਸੁਵਿਧਾ ਕੈਂਪਾਂ ਦੀਆਂ ਤਿਆਰੀਆਂ ਨੁੰ ਲੈ ਕੇ ਆਯੋਜਿਤ ਕੀਤੀ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਸੁਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜਗਨੂਰ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਲਛਮਣ ਸਿੰਘ ਤਹਿਸੀਲਦਾਰ, ਰਾਜ ਕੁਮਾਰ ਨਾਇਬ ਤਹਿਸੀਲਦਾਰ ਪਠਾਨਕੋਟ ਅਤੇ ਵੱਖਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਹੋਰ ਪੜ੍ਹੋ :-ਸਹਾਇਕ ਕਮਿਸਨਰ ਸਿਕਾਇਤਾਂ ਦੀ ਨਿਗਰਾਨੀ ਚੋਂ ਕੱਢੇ ਗਏ ਆਰਜੀ ਤੌਰ ਤੇ ਪਟਾਖੇ ਸਟੋਰ ਕਰਨ ਅਤੇ ਵੇਚਣ ਦੇ ਡਰਾਅ
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਗੁਰਸਿਮਰਨ ਸਿੰਘ ਢਿੱਲੋ ਐਸ.ਡੀ.ਐਮ. ਪਠਾਨਕੋਟ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਅੰਦਰ ਸਬ ਡਵੀਜ਼ਨ ਪੱਧਰ ‘ਤੇ ਸੁਵਿਧਾ ਕੈਂਪ ਮਿਤੀ 28 ਅਤੇ 29 ਅਕਤੂਬਰ ਨੂੰ ਧਾਰਕਲਾਂ, ਭੋਆ ਅਤੇ ਪਠਾਨਕੋਟ ਵਿਖੇ ਲੱਗਣਗੇ। ਉਨਾਂ ਦੱਸਿਆ ਕਿ ਇਨਾਂ ਸੁਵਿਧਾ ਕੈਂਪਾਂ ਵਿੱਚ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ, ਦਿਵਿਆਂਗ ਆਦਿ), ਪੀ.ਐਮ.ਏ.ਵਾਈ ਤਹਿਤ ਘਰ ਦੀ ਸਥਿਤੀ (ਕੱਚਾ/ਪੱਕਾ), ਬਿਜਲੀ ਕੁਨੈਕਸ਼ਨ, ਘਰਾਂ ਵਿਚ ਪਖਾਨਾ, ਐਲ.ਪੀ.ਜੀ ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐਸ. ਸੀ/ਬੀ. ਸੀ ਕਾਰਪੋਰੇਸ਼ਨਾਂ/ਬੈਂਕਫਿੰਕੋ ਤੋਂ ਲੋਨ, ਬੱਸ ਪਾਸ, ਪੈਂਡਿੰਗ ਇੰਤਕਾਲਾਂ ਦੇ ਕੇਸ, ਮਨਰੇਗਾ ਜੌਬ ਕਾਰਡ, 2 ਕਿਲੋਵਾਟ ਤੱਕ ਦੇ ਬਿਜਲੀ ਬਕਾਏ ਦੇ ਮੁਆਫ਼ੀ ਅਤੇ ਪੈਂਡਿੰਗ ਸੀ.ਐਲ.ਯੂ ਕੇਸਾਂ ਅਤੇ ਨਕਸ਼ਿਆਂ ਆਦਿ ਸਬੰਧੀ ਲਾਭਪਾਤਰੀਆਂ ਦੇ ਫਾਰਮ ਭਰੇ ਜਾਣਗੇ। ਉਨਾਂ ਦੱਸਿਆ ਕਿ ਇਸ ਸਬੰਧੀ ਅੱਜ ਮੀਟਿੰਗ ਕਰਕੇ ਸਬੰਧਤ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਉਣ ਦੇਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਪਹਿਲਾਂ ਕੈਂਪ ਵਾਲੇ ਸਥਾਨਾਂ ਦਾ ਦੌਰਾ ਕਰ ਲੈਣ ਅਤੇ ਲਾਭਪਾਤਰੀਆਂ ਦੀ ਚੋਣ ਕਰ ਲੈਣ ਤਾਂ ਉਹ ਕੈਂਪ ਦੌਰਾਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸੁਵਿਧਾ ਕੈਂਪ ਨੂੰ ਸਫ਼ਲ ਬਣਾਉਣ ਲਈ ਵਲੰਟੀਅਰਾਂ ਦੀ ਚੋਣ ਕਰਕੇ ਇੰਨ੍ਹਾਂ ਵਲੰਟੀਅਰਾਂ ਨੂੰ ਪਹਿਲਾਂ ਤੋਂ ਟ੍ਰੇਨਿੰਗ ਦੇ ਦਿੱਤੀ ਜਾਵੇ ਤਾਂ ਜੋ ਇਹ ਵਲੰਟੀਅਰ ਪਿੰਡ, ਸ਼ਹਿਰ, ਕਸਬਿਆਂ ਵਿੱਚ ਜਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਜਾਗਰੂਕ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ।