ਕਿਹਾ, ਵਾਹਨ ਮਾਲਕ ਆਰ.ਸੀ. ਬਲੈਕ ਲਿਸਟ ਹੋਣ ਤੋਂ ਬਚਣ ਲਈ ਤੁਰੰਤ ਵਿੰਟੇਜ ਨੰਬਰ ਸਰੰਡਰ ਕਰਨ
ਜਲੰਧਰ, 2 ਸਤੰਬਰ 2021
ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਦੇ ਚੱਲਣ ਵਾਲੇ ਵਾਹਨਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਸਕੱਤਰ ਆਰ.ਟੀ.ਏ. ਹਰਪ੍ਰੀਤ ਸਿੰਘ ਅਟਵਾਲ ਵੱਲੋਂ ਵੀਰਵਾਰ ਨੂੰ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਸ੍ਰ.ਅਟਵਾਲ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਮੁਹਿੰਮ ਚਲਾਈ ਗਈ ਅਤੇ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਵਾਲੇ 25 ਵਾਹਨਾਂ ਦੇ ਮੌਕੇ ’ਤੇ ਚਲਾਨ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਆਰ.ਟੀ.ਏ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਵਾਹਨਾਂ ਲਈ ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਲਾਜ਼ਮੀ ਕੀਤਾ ਗਿਆ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਮੋਟਰ ਵਹੀਕਲ ਐਕਟ ਤਹਿਤ ਜੁਰਮਾਨਾ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ ਤਾਂ ਜੋ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਸਕੇ।
ਜਿਨ੍ਹਾਂ ਵਾਹਨਾਂ ਵੱਲੋਂ ਅਜੇ ਤੱਕ ਆਪਣੇ ਵਿੰਟੇਜ ਨੰਬਰਾਂ ਨੂੰ ਸਰੰਡਰ ਨਹੀਂ ਕੀਤਾ ਗਿਆ ਹੈ, ਉਨ੍ਹਾਂ ਖਿਲਾਫ਼ ਵੀ ਸ਼ਹਿਰ ਵਿੱਚ ਕਾਰਵਾਈ ਸ਼ੁਰੂ ਕਰਦਿਆਂ ਸਕੱਤਰ ਆਰ.ਟੀ.ਏ. ਵੱਲੋਂ ਅਜਿਹੇ ਵਾਹਨਾਂ ਦੀ ਜਾਂਚ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਜ਼ਿਕਰ ਕੀਤਾ ਕਿ ਵੀ.ਆਈ.ਪੀ.ਕਲਚਰ ਨੂੰ ਹਟਾਉਣ ਅਤੇ ਸੂਬੇ ਵਿੱਚ ਸੁਰੱਖਿਆ ਨੂੰ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਵਿੰਟੇਜ ਨੰਬਰਾਂ ’ਤੇ ਪਾਬੰਦੀ ਲਗਾਈ ਗਈ ਹੈ, ਇਸ ਲਈ ਸਾਰੇ ਵਾਹਨ ਮਾਲਕਾਂ ਨੂੰ ਤੁਰੰਤ ਵਿੰਟੇਜ ਨੰਬਰਾਂ ਨੂੰ ਸਰੰਡਰ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਜ਼ਿਲ੍ਹੇ ਵਿੱਚ ਅਜਿਹੇ ਵਾਹਨਾਂ ਦੀ ਆਰ.ਸੀਜ਼ ਰੱਦ ਕੀਤੀਆਂ ਜਾ ਰਹੀਆਂ ਹਨ ਅਤੇ ਵਾਹਨ ਮਾਲਕ ਇੰਸ਼ੋਰੈਂਸ ਅਤੇ ਹੋਰ ਸਹੂਲਤਾਂ ਦਾ ਲਾਭ ਲੈਣ ਦੇ ਯੋਗ ਨਹੀਂ ਹੋਣਗੇ।