ਪਠਾਨਕੋਟ 14 ਜਨਵਰੀ 2022
ਸ਼੍ਰੀ ਸੰਯਮ ਅਗਰਵਾਲ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਦੀਆਂ ਆਮ ਚੋਣਾਂ-2022 ਦਾ ਐਲਾਨ ਮਿਤੀ 08.01.2022 ਨੂੰ ਹੋ ਚੁੱਕਾ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਨ੍ਹਾ ਚੋਣਾਂ ਦੌਰਾਨ 80 ਸਾਲ ਜਾਂ ਇਸ ਤੋਂ ਉੱਪਰ ਦੇ ਸੀਨੀਅਰ ਸਿਟੀਜਨਾਂ, ਦਿਵਿਯਾਂਗ ਵੋਟਰਾਂ ਅਤੇ ਕੋਵਿਡ-19 ਦੇ ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ ਨੂੰ ਆਪਣੇ ਘਰਾਂ ਤੋਂ ਹੀ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪੋਲ ਕਰਨ ਦੀ ਸਹੂਲਤ ਦਿੱਤੀ ਜਾਣੀ ਹੈ।
ਹੋਰ ਪੜ੍ਹੋ :-ਸੀ ਵਿਜਿਲ ’ਤੇ 15 ਸ਼ਿਕਾਇਤਾਂ ਪ੍ਰਾਪਤ, 100 ਮਿੰਟਾਂ ਦੇ ਅੰਦਰ ਕੀਤਾ ਨਿਬੇੜਾ: ਵਧੀਕ ਜ਼ਿਲਾ ਚੋਣ ਅਫ਼ਸਰ
ਉਨ੍ਹਾਂ ਦੱਸਿਆ ਕਿ ਉਕਤ ਕੈਟਾਗਿਰੀ ਦੇ ਵੋਟਰ ਪੋਸਟਲ ਬੈਲਟ ਪੇਪਰ ਜਾਂ ਪੋਲਿੰਗ ਸਟੇਸ਼ਨਾਂ ਵਿੱਚ ਕਾਸਟ ਕਰਨ ਲਈ ਆਪਣੀ ਆਪਸ਼ਨ ਫਾਰਮ 12-ਡੀ ਵਿੱਚ ਦੇਣਗੇ। ਰਿਟਰਨਿੰਗ ਅਫ਼ਸਰਾਂ ਵੱਲੋਂ ਚੋਣਾਂ ਦੇ ਐਲਾਨ ਹੋਣ ਦੀ ਮਿਤੀ 08.01.2022 ਤੋਂ ਹੀ ਸਬੰਧਤ ਕੈਟਾਗਿਰੀਆਂ ਦੇ ਵੋਟਰਾਂ ਤੋਂ ਆਪਸ਼ਨ ਲੈਣ ਲਈ ਫਾਰਮ12-ਡੀ ਵੰਡਣ ਦੀ ਕਾਰਵਾਈ ਬੀ.ਐਲ.ਓਜ. ਰਾਹੀਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਆਪਸ਼ਨਾਂ ਮਿਤੀ 26 ਜਨਵਰੀ, 2022 ਤੱਕ ਲਈਆਂ ਜਾਣਗੀਆਂ। ਜਿਹੜੇ ਵੋਟਰਾਂ ਵੱਲੋਂ ਪੋਸਟਲ ਬੈਲਟ ਪੇਪਰ ਰਾਹੀਂ ਆਪਣੀ ਵੋਟ ਪੋਲ ਕਰਨ ਦੀ ਆਪਸ਼ਨ ਦਿੱਤੀ ਜਾਵੇਗੀ, ਉਨ੍ਹਾਂ ਵੋਟਰਾਂ ਦੀਆਂ ਸੂਚੀਆਂ ਦੀ ਹਾਰਡ ਕਾਪੀ ਸਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਚੋਣ ਲੜਨ ਵਾਲੇ ਉਮੀਦਵਾਰਾਂ ਨਾਲ ਸਾਂਝੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਪੋਸਟਲ ਬੈਲਟ ਪੇਪਰ ਰਾਹੀਂ ਆਪਣੀ ਵੋਟ ਪੋਲ ਕਰਨ ਵਾਲੇ ਵੋਟਰਾਂ ਦੀ ਵੋਟ ਪੋਲ ਕਰਵਾਉਣ ਲਈ ਪੋਲਿੰਗ ਪਾਰਟੀ (ਜਿਸ ਵਿੱਚ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ/ਕਰਮਚਾਰੀ ਸਮੇਤ ਇੱਕ ਵੀਡਿਓ ਗ੍ਰਾਫਰ ਸ਼ਾਮਲ ਹੋਣਗੇ) ਸਬੰਧਤ ਵੋਟਰਾਂ ਦੇ ਘਰਾਂ ਵਿੱਚ ਪਹੁੰਚਕੇ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਕਾਸਟ ਕਰਨ ਦੀ ਵਿਧੀ ਬਾਰੇ ਜਾਣੂੰ ਕਰਵਾਏਗੀ ਅਤੇ ਵੋਟ ਕਾਸਟ ਕਰਵਾਉਣ ਉਪਰੰਤ ਸਾਰੇ ਦਸਤਾਵੇਜਾਂ ਨੂੰ ਸਬੰਧਤ ਰਿਟਰਨਿੰਗ ਅਫ਼ਸਰਾਂ ਨੂੰ ਜਮ੍ਹਾਂ ਕਰਵਾਏਗੀ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਕਤ ਕੈਟਾਗਿਰੀਆਂ ਦੀ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਕਾਸਟ ਕਰਵਾਉਣ ਦੀ ਕਾਰਵਾਈ ਚੋਣ ਉਮੀਦਵਾਰਾਂ ਦੀ ਅੰਤਿਮ ਸੂਚੀ ਤਿਆਰ ਹੋਣ ਤੋਂ ਤੁਰੰਤ ਬਾਅਦ ਪੋਸਟਲ ਬੈਲਟ ਪੇਪਰ ਛਪਵਾਕੇ ਹਰ ਹਾਲਤ ਵਿੱਚ ਪੋਲਿੰਗ ਦੀ ਮਿਤੀ 14.02.2022 ਤੋਂ ਪਹਿਲਾਂ-ਪਹਿਲਾਂ ਮੁਕੰਮਲ ਕੀਤੀ ਜਾਣੀ ਹੈ। ਸਮੂਹ ਰਿਟਰਨਿੰਗ ਅਫ਼ਸਰਾਂ ਵੱਲੋਂ ਪੋਲਿੰਗ ਪਾਰਟੀਆਂ ਦੀ ਵਿਜਿਟ ਬਾਰੇ ਸਬੰਧਤ ਵੋਟਰਾਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਅਡਵਾਂਸ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚਲੇ 80 ਸਾਲ ਜਾਂ ਇਸ ਤੋਂ ਉੱਪਰ ਦੇ ਸੀਨੀਅਰ ਸਿਟੀਜਨਾਂ, 40 ਪ੍ਰਤੀਸ਼ਤਾ ਤੋਂ ਉੱਪਰ ਵਾਲੇ ਦਿਵਿਯਾਗ ਵੋਟਰਾਂ, ਕੋਵਿਡ-19 ਦੇ ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ, ਰਾਜਨੀਤਿਕ ਪਾਰਟੀਆਂ, ਚੋਣ ਲੜਨ ਵਾਲੇ ਉਮੀਦਾਵਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ(ਬੀ.ਐਲ.ਏਜ਼.) ਇਸ ਕੰਮ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ, ਰਿਟਰਨਿੰਗ ਅਫ਼ਸਰਾਂ, ਸੈਕਟਰ ਅਫ਼ਸਰਾਂ, ਬੀ.ਐਲ.ਓਜ., ਪੋਲਿੰਗ ਸਟਾਫ ਅਤੇ ਹੋਰ ਵੱਖ-ਵੱਖ ਟੀਮਾਂ ਨੂੰ ਆਪਣਾ ਪੂਰਣ ਸਹਿਯੋਗ ਦੇਣ ਤਾਂ ਜੋ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪੜੇ ਚਾੜਿਆ ਜਾ ਸਕੇ।
ਡਿਪਟੀ ਕਮਿਸ਼ਨਰ ਵੱਲੋਂ ਉਕਤ ਕੈਟਾਗਿਰੀਆਂ ਦੇ ਵੋਟਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਫਾਰਮ12-ਡੀ ਆਪਣੀ ਆਪਸ਼ਨ ਬੜੇ ਧਿਆਨ-ਪੂਰਵਕ ਦੇਣ। ਜਿਹੜੇ ਵੋਟਰਾਂ ਵੱਲੋਂ ਪੋਸਟਲ ਬੈਲਟ ਪੇਪਰ ਰਾਹੀਂ ਆਪਣੀ ਵੋਟ ਪੋਲ ਕਰਨ ਲਈ ਆਪਣੀ ਆਪਸ਼ਨ ਦੇ ਦਿੱਤੀ ਜਾਂਦੀ ਹੈ ਤਾਂ ਅਜਿਹੇ ਵੋਟਰ ਕੇਵਲ ਤੇ ਕੇਵਲ ਪੋਸਟਲ ਬੈਲਟ ਪੇਪਰ ਰਾਹੀਂ ਹੀ ਆਪਣੀ ਵੋਟ ਪੋਲ ਕਰ ਸਕਦੇ ਹਨ ਅਤੇ ਉਹ 14 ਫਰਵਰੀ, 2022 ਨੂੰ ਪੋਲਿੰਗ ਸਟੇਸ਼ਨਾਂ ਤੇ ਆਪਣੀ ਵੋਟ ਪੋਲ ਨਹੀਂ ਕਰ ਸਕਦੇ ਹਨ।