ਗੁਰਦਾਸਪੁਰ, 8 ਫਰਵਰੀ 2022
ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਸੀਨੀਅਰ ਨਾਗਰਿਕਾਂ (80 ਸਾਲ ਤੋਂ ਵੱਧ ਉਮਰ ਵਾਲੇ), ਦਿਵਿਆਂਗ ਵੋਟਰਾਂ ਅਤੇ ਕੋਵਿਡ -19 ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ ਵਿੱਚ ਗੈਰਹਾਜਰ ਵੋਟਰਾਂ ਲਈ ਪੋਸਟਲ ਬੈਲਟ ਰਾਹੀਂ ਮਤਦਾਨ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਜਿਸ ਦੇ ਚੱਲਦਿਆਂ 36406 ਸੀਨੀਅਰ ਨਾਗਰਿਕਾਂ (80 ਸਾਲ ਤੋਂ ਵੱਧ ਉਮਰ ਵਾਲੇ ) ਨੂੰ ਅਤੇ 10398 ਦਿਵਿਆਂਗ ਵੋਟਰਾਂ ਨੂੰ ਫਾਰਮ ਨੰਬਰ 12-ਡੀ ਜਾਰੀ ਕੀਤੇ ਗਏ ਸਨ। ਜਿਸ ਵਿਚੋਂ 1160 ਸੀਨੀਅਰ ਨਾਗਰਿਕਾਂ ਤੇ 580 ਦਿਵਿਆਂਗ ਵੋਟਰਾਂ ਦੇ 12-ਡੀ ਫਾਰਮ ਪ੍ਰਾਪਤ ਹੋਏ ਹਨ।
ਹੋਰ ਪੜ੍ਹੋ :-ਜ਼ਿਲ੍ਹਾ ਲੁਧਿਆਣਾ ‘ਚ ਵੱਖ-ਵੱਖ ਥਾਵਾਂ ‘ਤੇ ਪੋਲਿੰਗ ਪਾਰਟੀਆਂ ਦੀ ਪਹਿਲੀ ਟ੍ਰੇਨਿੰਗ ਆਯੋਜਿਤ
ਜਿਲਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਗੈਰਹਾਜ਼ਰ ਵੋਟਰਾਂ ਲਈ ਪੋਸਟਲ ਬੈਲਟ ਦੇ ਜ਼ਰੀਏ ਮੱਤਦਾਨ ਲਈ 15 ਤੇ 17 ਫਰਵਰੀ ਨੂੰ ਟੀਮਾਂ ਵਲੋਂ ਵੋਟਰਾਂ ਦੇ ਘਰ-ਘਰ ਜਾ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਮਤਦਾਨ ਕਰਵਾਇਆ ਜਾਵੇਗਾ।
ਉਨਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਿਧਾਨ ਸਭਾ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਸਾਡਾ ਯਤਨ ਨਵੇਂ ਵੋਟਰਾਂ, ਔਰਤਾਂ, ਦਿਵਿਆਂਗ ਵਿਅਕਤੀਆਂ ਅਤੇ ਬਜੁਰਗ ਨਾਗਰਿਕਾਂ ਸਮੇਤ ਸਾਰੇ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਹਾਸਲ ਕਰਨਾ ਹੈ। ਉਨਾਂ ਅੱਗੇ ਕਿਹਾ ਕਿ ਚੋਣਾਂ ਨੂੰ ਵਧੇਰੇ ਪਹੁੰਚਯੋਗ ਬਣਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਪੋਲਿੰਗ ਸਟੇਸ਼ਨਾਂ ਵਿਚ ਸਹੂਲਤਾਂ ਜਿਵੇਂ ਕਿ ਪੀਣ ਵਾਲਾ ਪਾਣੀ, ਪਖਾਨੇ, ਰੈਂਪ, ਵ੍ਹੀਲ ਚੇਅਰ, ਬਿਜਲੀ, ਵਲੰਟੀਅਰ, ਵੇਟਿੰਗ ਰੂਮ ਤੇ ਹੈਲਪ ਡੈਸਕ ਆਦਿ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।
ਉਨਾਂ ਦੱਸਿਆ ਕਿ 148 ਮਾਡਲ ਪੋਲਿੰਗ ਸਟੇਸ਼ਨ, 7 ਪਲਿੰਗ ਸਟੇਸ਼ਨ ਜਿਨ੍ਹਾਂ ਦਾ ਪ੍ਰਬੰਧਨ ਵਿਸੇਸ ਲੋੜਾਂ ਵਾਲੇ ਵਿਅਕਤੀਆਂ ਵਲੋਂ ਹੀ ਕੀਤਾ ਜਾਵੇਗਾ। 14 ਪੋਲਿੰਗ ਸਟੇਸ਼ਨਾਂ ਵਿਚ ਸਾਰਾ ਪੋਲਿੰਗ ਸਟਾਫ ਔਰਤਾਂ ਦਾ ਹੈ। ਇਨਾਂ ਪੋਲਿੰਗ ਸਟੇਸ਼ਨਾਂ ਵਿਚ ਔਰਤ ਤੇ ਮਰਦ ਦੋਵੇਂ ਵੋਟ ਪਾ ਸਕਦੇ ਹਨ।