ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਮੁੱਖ ਮਹਿਮਾਨ ਵਜੋਂ ਸ਼ਿਰਕਤ
ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ, ਏ.ਡੀ.ਸੀ. ਖੰਨਾ ਅਮਰਜੀਤ ਬੈਂਸ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਲਗਾਈਆਂ ਡਿਊਟੀਆਂ
ਈਸੜੂ (ਲੁਧਿਆਣਾ), 05 ਅਗਸਤ 2022
ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਆ ਦੀ ਅਜ਼ਾਦੀ ਦੇ ਪਹਿਲੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਜੀ ਦੇ ਸ਼ਹੀਦੀ ਦਿਵਸ ਮੌਕੇ 15 ਅਗਸਤ ਨੂੰ ਪੰਜਾਬ ਸਰਕਾਰ ਵੱਲੋਂ ਦਾਣਾ ਮੰਡੀ ਪਿੰਡ ਈਸੜੂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ।
ਹੋਰ ਪੜ੍ਹੋ :-ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਦੀ ਮੁਹਿੰਮ ਦਾ ਆਗਾਜ਼
ਇਸ ਰਾਜ ਪੱਧਰੀ ਸਮਾਗਮ ਵਿੱਚ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਪੁੱਜਣਗੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਵੀ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਨੂੰ ਸਰਧਾਂਜਲੀਆਂ ਭੇਟ ਕਰਨਗੀਆਂ।
ਇਸ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਂਸ ਅਤੇ ਉਪ ਮੰਡਲ ਮਜਿਸਟ੍ਰੇਟ ਸ੍ਰੀਮਤੀ ਮਨਜੀਤ ਕੌਰ ਨੇ ਦਾਣਾ ਮੰਡੀ ਪਿੰਡ ਈਸੜੂ ਵਿਖੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਰਾਜ ਪੱਧਰੀ ਸਮਾਗਮ ਨੂੰ ਸਫਲ ਬਣਾਉਣ ਲਈ ਪੁਖਤਾ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ।
ਵਧੀਕ ਡਿਪਟੀ ਕਮਿਸ਼ਨਰ ਖੰਨਾ ਨੇ ਅੱਗੇ ਕਿਹਾ ਕਿ ਇਹ ਰਾਜ ਪੱਧਰੀ ਸਮਾਗਮ ਦੇ ਆਯੋਜਨ ਲਈ ਦਾਣਾ ਮੰਡੀ ਪਿੰਡ ਈਸੜੂ ਵਿਖੇ ਵਾਟਰ ਪਰੂਫ ਟੈਂਟ ਲਗਾ ਕੇ ਪੰਡਾਲ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਪੁੱਜਣ ਵਾਲੀ ਸੰਗਤ ਦੇ ਬੈਠਣ ਦਾ ਪ੍ਰਬੰਧ ਤੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਪੱਖੇੇ, ਲੰਗਰ ਅਤੇ ਪੀਣ ਵਾਲੇ ਪਾਣੀ ਤੋਂ ਇਲਾਵਾ ਹੋਰ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹੀਦ ਕਰਨੈਲ ਸਿੰਘ ਜੀ ਦੇ ਆਦਮਕੱਦ ਬੁੱਤ ਅਤੇ ਸਮਾਰਕ ਦੀ ਦਿੱਖ ਸਵਾਰਨ ਅਤੇ ਰੰਗ ਰੋਗਨ ਲਈ ਵੀ ਡਿਊਟੀਆਂ ਲਗਾਈਆਂ ਗਈਆਂ ਹਨ।
ਸ੍ਰੀ ਬੈਂਸ ਨੇ ਅੱਗੇ ਦੱਸਿਆ ਕਿ ਇਸ ਰਾਜ ਪੱਧਰੀ ਸਮਾਗਮ ਮੌਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਖੰਨਾ ਪੁਲਸ ਵੱਲੋਂ ਕੀਤੇ ਜਾਣਗੇ। ਇਸ ਮੌਕੇ ਹੈਲੀਪੈਡ, ਪਾਰਕਿੰਗ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਪੁਲਿਸ ਵਿਭਾਗ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਨਿਰਵਿਘਨ ਬਿਜਲੀ ਦੀ ਸਪਲਾਈ ਚਾਲੂ ਰੱਖਣ ਲਈ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਇਸ ਮੌਕੇ ਇਸ ਰਾਜ ਪੱਧਰੀ ਸਮਾਗਮ ਦੇ ਪਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਡਿਊਟੀਆਂ ਸੌਂਪੀਆਂ ਗਈਆਂ ਹਨ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਨਵਦੀਪ ਸਿੰਘ ਭੋਗਲ, ਬੀ.ਡੀ.ਪੀ.ਓ. ਸਰਬਜੀਤ ਕੌਰ, ਸਕੱਤਰ ਮਾਰਕੀਟ ਕਮੇਟੀ ਖੰਨਾ ਸੁਰਜੀਤ ਸਿੰਘ, ਐਸ.ਡੀ.ਓ. ਮੰਡੀ ਬੋਰਡ ਪੁਨੀਤ ਸਰਮਾਂ, ਐਸ.ਐਮ.ਓ. ਖੰਨਾ ਡਾ. ਮਨਿੰਦਰ ਸਿੰਘ ਭਸ਼ੀਨ, ਐਸ.ਐਚ.ਓ. ਸਦਰ ਨਛੱਤਰ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।