ਲੁਧਿਆਣਾ ਸਿਟੀ ਸੈਂਟਰ ਪ੍ਰਾਜੈਕਟ ਦੀ ਜਗ੍ਹਾ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਰਕਾਰੀ ਹਸਪਤਾਲ ‘ਚ ਤਬਦੀਲ ਕੀਤਾ ਜਾਵੇਗਾ – ਵਿਧਾਇਕ ਗੁਰਪ੍ਰੀਤ ਬੱਸੀ ਗੋਗੀ

Gurpreet Bassi Gogi
https://www.canva.com/design/DAE79H-7xJ0/UmFvNfZ9kznFcb6z2A5UnA/edit?utm_content=DAE79H-7xJ0&utm_campaign=designshare&utm_medium=link2&utm_source=sharebutton
ਕਿਹਾ! ਇਹ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕੋਲ ਚੁੱਕਣਗੇ
ਦਫ਼ਤਰ ਨਗਰ ਸੁਧਾਰ ਟਰੱਸਟ ਲੁਧਿਆਣਾ ਦਾ ਕੀਤਾ ਦੌਰਾ, ਸਟਾਫ਼ ਨੂੰ ਭ੍ਰਿਸ਼ਟਾਚਾਰ ਮੁਕਤ ਮਾਹੌਲ ‘ਚ ਡਿਊਟੀ ਨਿਭਾਉਣ ਦੇ ਦਿੱਛੇ ਨਿਰਦੇਸ਼

ਲੁਧਿਆਣਾ, 29 ਮਾਰਚ 2022

ਹਲਕਾ ਲੁਧਿਆਣਾ (ਪੱਛਮੀ) ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਲੁਧਿਆਣਾ ਸਿਟੀ ਸੈਂਟਰ ਪ੍ਰਾਜੈਕਟ ਦੀ ਜਗ੍ਹਾ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਰਕਾਰੀ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਕੋਲ ਪਹਿਲ ਦੇ ਆਧਾਰ ‘ਤੇ ਚੁੱਕਣਗੇ ਅਤੇ ਇਸ ਸਬੰਧੀ ਵਿਸਥਾਰਤ ਤਜਵੀਜ਼ ਵੀ ਸੌਂਪਣਗੇ।

ਹੋਰ ਪੜ੍ਹੋ :-ਵਿਧਾਇਕ ਦਲਜੀਤ ਸਿੰਘ ਗਰੇਵਾਲ ਵਲੋਂ ਤਾਜਪੁਰ ਰੋਡ ਵਿਖੇ ਉਸਾਰੀ ਅਧੀਨ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਦੌਰਾ

ਸ੍ਰੀ ਗੋਗੀ ਨੇ ਅੱਜ ਫਿਰੋਜ਼ ਗਾਂਧੀ ਮਾਰਕੀਟ ਵਿਖੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਦਫ਼ਤਰ ਦਾ ਦੌਰਾ ਕੀਤਾ ਅਤੇ ਸਟਾਫ਼ ਨੂੰ ਭ੍ਰਿਸ਼ਟਾਚਾਰ ਮੁਕਤ ਮਾਹੌਲ ਵਿੱਚ ਆਪਣੀ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਲੁਧਿਆਣਾ ਸਿਟੀ ਸੈਂਟਰ ਪ੍ਰੋਜੈਕਟ ਦੀ ਸਥਿਤੀ, ਭਾਈ ਰਣਧੀਰ ਸਿੰਘ ਨਗਰ ਦੀ ਡਾਊਨਟਾਊਨ ਮਾਰਕੀਟ, ਓਰੀਐਂਟ ਸਿਨੇਮਾ, ਭਾਈ ਰਣਧੀਰ ਸਿੰਘ ਨਗਰ ਦੇ ਐਚ.ਜੇ. ਬਲਾਕ, ਰਿਸ਼ੀ ਨਗਰ ਦੇ ਐਕਸ ਵਾਈ ਜੈਡ ਬਲਾਕ, ਰਾਣੀ ਝਾਂਸੀ ਰੋਡ ‘ਤੇ ਕਮਰਸ਼ੀਅਲ ਕੰਪਲੈਕਸ, ਸਰਾਭਾ ਨਗਰ ਦੇ ਇੱਕ ਨਿੱਜੀ ਸਕੂਲ ਦੀ ਸਥਿਤੀ ਬਾਰੇ ਵੀ ਜਾਣਕਾਰੀ ਮੰਗੀ ਜਿਸ ਨੂੰ ਕਥਿਤ ਤੌਰ ‘ਤੇ ਕਮਰਸ਼ੀਅਲ ਇਕਾਈ ਆਦਿ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਨ੍ਹਾਂ ਸਾਰੇ ਪ੍ਰੋਜੈਕਟਾਂ ਦਾ ਵਿਸਥਾਰ ਨਾਲ ਅਧਿਐਨ ਕਰਨ ਅਤੇ ਅਗਲੇ ਮੰਗਲਵਾਰ ਨੂੰ ਰਿਪੋਰਟ ਪੇਸ਼ ਕਰਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਮੁੱਖ ਤੌਰ ‘ਤੇ ਸਿੱਖਿਆ ਅਤੇ ਸਿਹਤ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਮਾਹੌਲ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਨਗਰ ਸੁਧਾਰ ਟਰੱਸਟ ਦੇ ਖਾਤੇ 150 ਕਰੋੜ ਰੁਪਏ ਪਏ ਹਨ ਅਤੇ ਇਹ ਸਾਰੇ ਫੰਡ ਸਾਡੇ ਲੁਧਿਆਣਾ ਦੇ ਵਿਕਾਸ ਲਈ ਵਰਤੇ ਜਾਣਗੇ।

ਉਨ੍ਹਾਂ ਮੁੜ ਦੁਹਰਾਇਆ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਕੋਈ ਵਿਅਕਤੀ ਕਿਸੇ ਕੰਮ ਦੇ ਬਦਲੇ ਰਿਸ਼ਵਤ ਮੰਗਦਾ ਹੈ ਤਾਂ ਇਲਾਕਾ ਨਿਵਾਸੀ ਸਰਕਾਰੀ ਐਂਟੀ ਕਰੱਪਸ਼ਨ ਐਕਸ਼ਨ ਲਾਈਨ 95012-00200 ‘ਤੇ ਸ਼ਿਕਾਇਤ ਕਰ ਸਕਦੇ ਹਨ। ਵਿਧਾਇਕ ਸ੍ਰੀ ਗੋਗੀ ਨੇ ਕਿਹਾ ਕਿ ਜਲਦ ਹੀ ਉਹ ਲੁਧਿਆਣਾ ਵਾਸੀਆਂ ਲਈ ਵਿਸ਼ੇਸ਼ ਨੰਬਰ ਵੀ ਜਾਰੀ ਕਰਨਗੇ, ਜਿੱਥੇ ਉਹ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।

ਇਸ ਤੋਂ ਪਹਿਲਾਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਸਥਾਨਕ ਫਿਰੋਜ਼ਪੁਰ ਰੋਡ ‘ਤੇ ਹਾਲ ਹੀ ਵਿੱਚ ਖੁੱਲ੍ਹੀ ਐਲੀਵੇਟਿਡ ਰੋਡ ਦਾ ਵੀ ਦੌਰਾ ਕੀਤਾ। ਉਨ੍ਹਾਂ ਇਸ ਮਾਮਲੇ ਨੂੰ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਕੋਲ ਉਠਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਸ ਤੋਂ ਬਾਅਦ ਇਸ ਐਲੀਵੇਟਿਡ ਰੋਡ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਵੱਡੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਕੇ ਆਮ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।

Spread the love