ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਪਾਸਿੰਗ ਆਊਟ ਪਰੇਡ ਦਾ ਕੀਤਾ ਨਿਰੀਖਣ
ਕੈਡਿਟ ਗੁਰਕੀਰਤ ਸਿੰਘ ਨੇ ਆਰਟਸ ਸਟਰੀਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕੈਡਿਟਾਂ ਨੂੰ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ
ਚੰਡੀਗੜ੍ਹ, 30 ਨਵੰਬਰ 2024
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮ.ਆਰ.ਐੱਸ.ਏ.ਐੱਫ.ਪੀ.ਆਈ.), ਐਸ.ਏ.ਐੱਸ. ਨਗਰ (ਮੋਹਾਲੀ) ਦਾ ਨਾਮ ਰੌਸ਼ਨ ਕਰਦਿਆਂ ਅੱਜ ਇਸ ਇੰਸਟੀਚਿਊਟ ਦੇ ਛੇ ਹੋਰ ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਖੜਕਵਾਸਲਾ (ਮਹਾਰਾਸ਼ਟਰ) ਦੇ 147ਵੇਂ ਐਨ.ਡੀ.ਏ. ਕੋਰਸ ਤੋਂ ਪਾਸ ਆਊਟ ਹੋਏ ਹਨ। ਪਾਸਿੰਗ ਆਊਟ ਪਰੇਡ ਦਾ ਨਿਰੀਖਣ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ (ਪੀ.ਵੀ.ਐਸ.ਐਮ., ਏ.ਵੀ.ਐਸ.ਐਮ.) ਨੇ ਕੀਤਾ।
ਤਿੰਨ ਸਾਲਾਂ ਦੀ ਸਖ਼ਤ ਟ੍ਰੇਨਿੰਗ ਪੂਰੀ ਕਰਨ ਬਾਅਦ ਇਹ ਛੇ ਕੈਡਿਟ- ਗੁਰਕੀਰਤ ਸਿੰਘ, ਬਰਜਿੰਦਰ ਸਿੰਘ, ਸੁਖਦੇਵ ਸਿੰਘ ਗਿੱਲ, ਯੁਵਰਾਜ ਸਿੰਘ ਤੋਮਰ, ਵਿਨਾਇਕ ਸ਼ਰਮਾ ਅਤੇ ਕੁਸ਼ ਪਾਂਡਿਆ- ਕਮਿਸ਼ਨਡ ਅਫ਼ਸਰ ਬਣਨ ਲਈ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਵਿੱਚ ਇੱਕ ਸਾਲ ਦੀ ਸਿਖਲਾਈ ਹਾਸਲ ਕਰਨਗੇ। ਆਰਮੀ ‘ਚੋਂ ਸੇਵਾਮੁਕਤ ਲਾਂਸ ਨਾਇਕ ਦੇ ਪੁੱਤਰ ਗੁਰਕੀਰਤ ਸਿੰਘ ਨੇ ਪਾਸਿੰਗ ਆਊਟ ਕੋਰਸ ਦੀ ਆਰਟਸ ਸਟਰੀਮ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਗੁਰਕੀਰਤ ਸਿੰਘ ਨੇ ਲਖਨਊ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਜੋ ਕੋਰਸ ਦੀ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਸਨ, ਤੋਂ ਸਨਮਾਨ ਹਾਸਲ ਕੀਤਾ।
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਨ੍ਹਾਂ ਨੂੰ ਰੱਖਿਆ ਸੇਵਾਵਾਂ ਵਿੱਚ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਪ੍ਰਾਪਤ ਕੀਤੇ ਜਾ ਰਹੇ ਨਤੀਜਿਆਂ ‘ਤੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐਚ.ਚੌਹਾਨ (ਵੀ.ਐਸ.ਐਮ.) ਨੇ ਕੈਡਿਟਾਂ ਨੂੰ ਉਨ੍ਹਾਂ ਦੇ ਪਾਸ ਆਊਟ ਹੋਣ ‘ਤੇ ਵਧਾਈ ਦਿੰਦਿਆਂ ਦੱਸਿਆ ਕਿ ਇਸ ਸਮੇਂ ਇੰਸਟੀਚਿਊਟ ਦੇ 20 ਕੈਡਿਟ ਵੱਖ-ਵੱਖ ਸਰਵਿਸ ਟ੍ਰੇਨਿੰਗ ਅਕੈਡਮੀਆਂ ਨੂੰ ਜੁਆਇਨ ਕਰਨ ਕਾਲ-ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ 43 ਕੈਡਿਟ ਜਲਦੀ ਹੀ ਆਪਣੇ ਸਰਵਿਸ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਦੇ ਇੰਟਰਵਿਊ ਲਈ ਜਾ ਰਹੇ ਹਨ।