ਸਰੀਰਕ ਤੌਰ ‘ਤੇ ਦਿਵਿਆਂਗ ਵਿਅਕਤੀਆਂ ਲਈ ਵਿਸ਼ੇਸ਼ ਮੁਲਾਂਕਣ ਕੈਂਪ ਐਤਵਾਰ ਨੂੰ ਜੈਨ ਭਵਨ ਵਿਖੇ

GHANSHYAM THORI
Mr. Ghansham Thori
ਡਿਪਟੀ ਕਮਿਸ਼ਨਰ ਨੇ ਯੋਗ ਵਿਅਕਤੀਆਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਕੀਤੀ ਅਪੀਲ
ਕਿਹਾ, ਇਸ ਉਪਰਾਲੇ ਦਾ ਉਦੇਸ਼ ਸਰੀਰਕ ਤੌਰ ‘ਤੇ ਦਿਵਿਆਂਗ ਲੋੜਵੰਦ ਵਿਅਕਤੀਆਂ ਦੀ ਮਦਦ ਕਰਨਾ

ਜਲੰਧਰ, 5 ਮਾਰਚ 2022

ਸਰੀਰਕ ਤੌਰ ‘ਤੇ ਦਿਵਿਆਂਗ ਵਿਅਕਤੀਆਂ ਦੀ ਮਦਦ ਲਈ ਗੈਰ ਸਰਕਾਰੀ ਸੰਗਠਨ ਸ਼੍ਰੀ ਐੱਸ.ਐੱਸ. ਜੈਨ ਕਾਨਫਰੰਸ ਵੱਲੋਂ ਜਲੰਧਰ ਪ੍ਰਸ਼ਾਸਨ ਦੇ ਸਹਿਯੋਗ ਨਾਲ 6 ਮਾਰਚ ਦਿਨ ਐਤਵਾਰ ਨੂੰ ਸ਼੍ਰੀ ਮਹਾਵੀਰ ਜੈਨ ਭਵਨ, ਕਪੂਰਥਲਾ ਚੌਕ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਇੱਕ ਵਿਸ਼ੇਸ਼ ਮੁਲਾਂਕਣ ਕੈਂਪ ਲਗਾਇਆ ਜਾ ਰਿਹਾ ਹੈ।

ਹੋਰ ਪੜ੍ਹੋ :-ਮਾਂ ਬੋਲੀ ਸਾਨੂੰ ਸਦੀਆਂ ਤੋਂ ਸੰਭਾਲੀ ਗਿਆਨ ਪੋਟਲੀ ਸੌਂਪਦੀ ਹੈ-ਗੁਰਭਜਨ ਗਿੱਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜੀ. ਐਸ. ਰੰਧਾਵਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਾਹਰਾਂ ਦੀ ਟੀਮ ਵੱਲੋਂ ਲੋਕਾਂ ਦੀ ਅਪੰਗਤਾ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਬਨਾਵਟੀ ਅੰਗ, ਕੰਨ ਦੀਆਂ ਮਸ਼ੀਨਾਂ, ਵ੍ਹੀਲ ਚੇਅਰ ਅਤੇ ਬਰੇਲ ਕੇਨ ਮੁਫ਼ਤ ਵੰਡਣ ਲਈ ਰਿਪੋਰਟ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡਾਟਾ ਤਿਆਰ ਕਰਨ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਰੀਰਕ ਅਪੰਗਤਾ ਤੋਂ ਪੀੜਤ ਲੋਕਾਂ ਦੀ ਮਦਦ ਲਈ ਉਪਰੋਕਤ ਸਾਮਾਨ ਮੁਫ਼ਤ ਵੰਡਣ ਲਈ ਕੈਂਪ ਵੀ ਲਗਾਇਆ ਜਾਵੇਗਾ।

ਇਸ ਕੈਂਪ ਨੂੰ ਮਨੁੱਖਤਾ ਦੀ ਸੱਚੀ ਸੇਵਾ ਦੱਸਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਗੈਰ ਸਰਕਾਰੀ ਸੰਗਠਨ ਸ਼੍ਰੀ ਐਸ.ਐਸ. ਜੈਨ ਕਾਨਫਰੰਸ ਵੱਲੋਂ ਅਜਿਹਾ ਕੈਂਪ ਲਗਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ । ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਨੇਕ ਕਾਰਜ ਲਈ ਸੰਸਥਾ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਘਨਸ਼ਿਆਮ ਥੋਰੀ ਨੇ ਲੋਕਾਂ ਨੂੰ ਇਸ ਕੈਂਪ ਦਾ ਭਰਪੂਰ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ ਨਾਲ ਲੋੜਵੰਦ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਸਮੂਹ ਦਿਵਿਆਂਗ ਵਿਅਕਤੀਆਂ ਨੂੰ ਇਸ ਕੈਂਪ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਤਾਂ ਜੋ ਬਨਾਵਟੀ ਅੰਗਾਂ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ ਅਤੇ ਮਾਹਰਾਂ ਦੀ ਸਹਾਇਤਾ ਲਈ ਜਾ ਸਕੇ। ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਕੈਂਪ ਦਾ ਸੰਦੇਸ਼ ਸਾਰੇ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਕਿਹਾ ਤਾਂ ਜੋ ਉਹ ਇਸ ਕੈਂਪ ਦਾ ਲਾਭ ਉਠਾ ਸਕਣ।