ਪੋਲਿੰਗ ਸਟੇਸ਼ਨਾਂ ਉਤੇ ਵੀ ਬੂਥ ਲੈਵਲ ਅਫ਼ਸਰ ਬਣਾਉਣਗੇ ਵੋਟ: ਡਿਪਟੀ ਕਮਿਸ਼ਨਰ
ਮੋਹਾਲੀ, 19 ਅਕਤੂਬਰ 2021
ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਸਰਸਰੀ ਸੁਧਾਈ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ, ਜਿਸ ਤਹਿਤ ਨਵੀਆਂ ਵੋਟਾਂ ਬਣਾਉਣ ਲਈ ਪਹਿਲੀ ਨਵੰਬਰ ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ :-ਜ਼ਿਲੇ ਵਿਚ 2 ਕਿਲੋਵਾਟ ਤੱਕ ਦੇ 23568 ਬਿਜਲੀ ਖਪਤਕਾਰਾਂ ਦੇ ਬਕਾਏ ਹੋਣਗੇ ਮੁਆਫ਼-ਵਿਸ਼ੇਸ਼ ਸਾਰੰਗਲ
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਨਵੀਆਂ ਵੋਟਾਂ ਬਣਾਉਣ/ਕਟਵਾਉਣ ਜਾਂ ਸੋਧ ਕਰਵਾਉਣ ਲਈ 1 ਨਵੰਬਰ 2021 ਤੋਂ 30 ਨਵੰਬਰ 2021 ਤੱਕ ਵਿਸ਼ੇਸ਼ ਮੁਹਿੰਮ ਚਲਾ ਕੇ ਫਾਰਮ ਭਰੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੀ ਜਨਵਰੀ 2022 ਨੂੰ ਜਿਨ੍ਹਾਂ ਨੌਜਵਾਨਾਂ ਦੀ ਉਮਰ 18 ਸਾਲ ਹੋ ਰਹੀ ਹੈ, ਉਹ ਨਵੀਆਂ ਵੋਟਾਂ ਬਣਵਾਉਣ ਲਈ ਫਾਰਮ ਭਰ ਸਕਦੇ ਹਨ। ਨਵੀਆਂ ਵੋਟਾਂ ਬਣਾਉਣ ਲਈ ਫਾਰਮ ਆਨਲਾਈਨ https:/voterportal.eci.gov.in ਜਾਂ ਵੋਟਰ ਹੈਲਪਲਾਈਨ ਐਪ ਉਤੇ ਵੀ ਭਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਫਾਰਮ ਭਰਦੇ ਸਮੇਂ ਆਪਣੀ ਰੰਗਦਾਰ ਫੋਟੋ, ਜਨਮ ਮਿਤੀ ਅਤੇ ਰਿਹਾਇਸ਼ ਦੇ ਪਤੇ ਦਾ ਪ੍ਰਮਾਣ ਵੀ ਲਗਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਸਤੀ ਫਾਰਮ ਭਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਪੋਲਿੰਗ ਸਟੇਸ਼ਨਾਂ ਉਤੇ ਵਿਸ਼ੇਸ਼ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ 6 ਤੇ 7 ਨਵੰਬਰ ਅਤੇ 20 ਤੇ 21 ਨਵੰਬਰ 2021 ਨੂੰ ਸਾਰੇ ਬੂਥ ਲੈਵਲ ਅਫ਼ਸਰ ਆਪਣੇ ਬੂਥਾਂ ਉਤੇ ਹਾਜ਼ਰ ਹੋ ਕੇ ਫਾਰਮ ਭਰਨਗੇ। ਇਸ ਲਈ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਰੇ ਯੋਗ ਵੋਟਰ ਆਪਣੀ ਵੋਟ ਬਣਵਾਉਣ। ਇਸ ਲਈ ਉਹ ਇਸ ਦਿਨ ਆਪਣੇ ਨਾਲ ਸਬੰਧਤ ਬੂਥ ਉਤੇ ਜਾ ਕੇ ਫਾਰਮ ਭਰ ਕੇ ਆਪਣੀ ਵੋਟ ਬਣਵਾ ਸਕਦੇ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਉਤੇ ਧਿਆਨ ਕੇਂਦਰਤ ਕੀਤਾ ਜਾਵੇਗਾ।