ਚੋਣ ਅਮਲ ਨੂੰ ਨਿਰਪੱਖ, ਪਾਰਦਰਸ਼ੀ ਢੰਗ ਤੇ ਅਮਨ ਅਮਾਨ ਨਾਲ ਨੇਪਰੇ ਚਾੜ੍ਹਿਆ ਜਾਵੇਗਾ: ਸਪੈਸ਼ਲ ਜਨਰਲ ਅਬਜ਼ਰਵਰ ਆਈ.ਏ.ਐਸ, ਸ੍ਰੀ ਵਿਨੋਦ ਜ਼ੁਤਸ਼ੀ
ਚੋਣ ਅਮਲ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਸਖਤੀ ਨਾਲ ਯਕੀਨੀ ਬਣਾਏ ਜਾਣ ਦੇ ਆਦੇਸ਼
ਵੋਟਿੰਗ ਦੇ ਆਖਰੀ 48 ਘੰਟਿਆਂ ਦੌਰਾਨ ਭੈਅ, ਲਾਲਚ ਤੇ ਪੈਸੇ ਦੀ ਦੁਰਵਰਤੋਂ ਰਾਹੀਂ ਵੋਟਾਂ ਖਰੀਦਣ ਦੀਆਂ ਸੰਭਾਵੀ ਗਤੀਵਿਧੀਆ ਤੇ ਰੱਖੀ ਜਾਵੇਗੀ ਬਾਜ਼ ਨਜ਼ਰ
ਪੁਲਿਸ ਪ੍ਰਸ਼ਾਸ਼ਨ ਵਲੋਂ ਲਗਾਏ ਜਾ ਰਹੇ ਨਾਕਿਆਂ ਤੇ ਹਰ ਵਾਹਨ ਦੀ ਚੈਕਿੰਗ ਕੀਤੀ ਜਾਵੇ: ਸਪੈਸ਼ਲ ਪੁਲਿਸ ਅਬਜ਼ਰਵਰ
ਐਸ ਏ ਐਸ ਨਗਰ 9 ਫਰਵਰੀ 2022
ਚੋਣ ਕਮਿਸ਼ਨਰ ਵੱਲੋਂ ਰੂਪਨਗਰ ਡਵੀਜ਼ਨ ਲਈ ਨਿਯੁਕਤ ਸਪੈਸ਼ਲ ਜਨਰਲ ਅਬਜ਼ਰਵਰ ਆਈ.ਏ.ਐਸ ਸ੍ਰੀ ਵਿਨੋਦ ਜ਼ੁਤਸ਼ੀ, ਸਪੈਂਸ਼ਲ ਪੁਲਿਸ ਅਬਜ਼ਰਵਰ ਆਈ.ਏ.ਐਸ. ਸ੍ਰੀ ਰਜਨੀਕਾਂਤ ਮਿਸ਼ਰਾ, ਅਤੇ ਸਪੈਸ਼ਲ ਖਰਚਾ ਅਬਜ਼ਰਵਰ ਆਈ.ਆਰ.ਐਸ. ਸ੍ਰੀਮਤੀ ਹਿਮਾਲੀਨੀ ਨੇ ਵਿਧਾਨ ਸਭਾ ਚੋਣਾਂ-2022 ਲਈ ਡਵੀਜਨ ਰੂਪਨਗਰ ਪੱਧਰ ਤੇ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਦਫਤਰ ਦੇ ਕਮੇਟੀ ਰੂਮ ਵਿੱਚ ਉਚ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਐਸ.ਏ.ਐਸ. ਨਗਰ, ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ ਵੱਲੋਂ ਚੋਣ ਸਬੰਧੀ ਕੀਤੇ ਗਏ ਪ੍ਰਬੰਧਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਹੋਰ ਪੜ੍ਹੋ :-ਕੇਜਰੀਵਾਲ ਪੰਜ ਸਾਲਾਂ ਵਿਚ ਕਦੇ ਵੀ ਪੰਜਾਬ ਨਹੀਂ ਆਏ, ਉਹਨਾਂ ਨੁੰ ਇਕ ਮੌਕਾ ਮੰਗਣ ਦਾ ਕੋਈ ਹੱਕ ਨਹੀਂ : ਸੁਖਬੀਰ ਸਿੰਘ ਬਾਦਲ
ਸਪੈਸ਼ਲ ਜਨਰਲ ਅਬਜ਼ਰਵਰ ਵਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਡਵੀਜ਼ਨ ਪੱਧਰ ਤੇ ਜ਼ਿਲ੍ਹਾ ਐਸ.ਏ.ਐਸ. ਨਗਰ , ਰੂਪਨਗਰ ਅਤੇ ਐਸ.ਬੀ.ਐਸ. ਨਗਰ ਦੇ ਜ਼ਿਲ੍ਹਾ ਚੋਣ ਅਫਸਰਾਂ ਕਮ ਡਿਪਟੀ ਕਮਿਸ਼ਨਰਾਂ ਅਤੇ ਇਨ੍ਹਾਂ ਤਿੰਨੋਂ ਜ਼ਿਲ੍ਹਿਆਂ ਵਿੱਚ ਤਾਇਨਾਤ ਚੋਣ ਅਬਜ਼ਬਰਾਂ ਤੋਂ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਸਮੂਹ ਜਿਲ੍ਹਿਆਂ ਵਿੱਚ ਪੋਲਿੰਗ ਕਰਾਉਣ ਲਈ ਕੀਤੇ ਜਾ ਰਹੇ ਵੱਖ ਵੱਖ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ। ਉਨ੍ਹਾਂ ਵਲੋਂ ਸੰਜੀਦਾ ਪੋਲਿੰਗ ਸਟੇਸ਼ਨਾਂ ਸਬੰਧੀ ਜਾਣਕਾਰੀ ਵੀ ਲਈ ਗਈ ਅਤੇ ਚੋਣਾਂ ਲਈ ਡਿਊਟੀ ਉਤੇ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕੋਵਿਡ ਵੈਕਸੀਨੇਸ਼ਨ ਦੇ ਆਂਕੜਿਆ ਦਾ ਜਾਇਜ਼ਾ ਵੀ ਲਿਆ ਗਿਆ।
ਇਸ ਮੌਕੇ ਸਪੈਸ਼ਲ ਜਨਰਲ ਅਬਜ਼ਰਵਰ ਸ੍ਰੀ ਵਿਨੋਦ ਜ਼ੁਤਸ਼ੀ ਵੱਲੋਂ ਮੁੱਖ ਤੌਰ ਤੇ ਇਹ ਹਦਾਇਤ ਕੀਤੀ ਗਈ ਕਿ ਚੋਣ ਅਮਲ ਨੂੰ ਭੈਅ , ਲਾਲਚ ਤੋਂ ਮੁਕਤ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਉਂਣਾ ਸਾਡੀ ਸਭ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਹ ਵਿਧਾਨ ਸਭਾ ਚੋਣਾਂ ਇਸ ਕਰਕੇ ਵੀ ਸੰਜੀਦਾ ਹਨ ਕਿਉਂਕਿ ਮੌਜੂਦਾ ਸਮੇਂ ਕੋਵਿਡ ਮਹਾਂਮਾਰੀ ਦਾ ਪ੍ਰਕੋਪ ਵੀ ਚਲ ਰਿਹਾ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਚੋਣ ਅਫਸਰਾਂ ਅਤੇ ਅਬਜ਼ਰਵਰਾਂ ਨੂੰ ਚੋਣ ਅਮਲ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਵੋਟਿੰਗ ਤੋਂ ਪਹਿਲਾਂ ਦੇ 48 ਘੰਟੇ ਬਹੁਤ ਹੀ ਨਾਜ਼ੁਕ ਹੁੰਦੇ ਹਨ। ਉਨ੍ਹਾਂ ਸਮੂਹ ਚੋਣ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਮੇ ਦੌਰਾਨ ਸਿਆਸੀ ਪਾਰਟੀਆਂ ਵਲੋਂ ਜ਼ੋਰ ਜਬਰਦਸਤੀ, ਡਰਾ ਕੇ ਜਾ ਧਮਕਾ ਕੇ ਲੋਕਾਂ ਨੂੰ ਕਿਸੇ ਖਾਸ ਪਾਰਟੀ ਦੇ ਹੱਕ ਵੋਟਿੰਗ ਕਰਨ ਤੋਂ ਰੋਕਣ , ਪੈਸੇ ਦੀ ਵਰਤੋਂ ਜਾ ਲੋਭ ਲਾਲਚ ਨਾਲ ਵੋਟਾਂ ਖਰੀਦਣ ਤੋਂ ਰੋਕਣ ਲਈ ਵਿਸ਼ੇਸ਼ ਸਾਵਧਾਨੀਆਂ ਅਤੇ ਚੌਕਸੀ ਵਰਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ 48 ਘੰਟਿਆਂ ਦੌਰਾਨ ਪੋਲਿੰਗ ਬੂਥਾਂ ਦੇ ਦੁਆਲੇ ਹੋ ਰਹੀ ਕਿਸੇ ਵੀ ਗਤੀਵਿਧੀ ਤੇ ਨਜ਼ਰ ਰੱਖਣ ਲਈ ਵੈਬ ਕਾਸਟਿੰਗ , ਵੀਡੀਓਗ੍ਰਾਫੀ ਆਦਿ ਦੀ ਮਦਦ ਲਈ ਜਾਵੇ ਤਾਂ ਜੋ ਸ਼ਰਾਰਤੀ ਅਨਸਰਾਂ ਦੀ ਸ਼ਨਾਖਤ ਹੋ ਸਕੇ ਅਤੇ ਉਨ੍ਹਾਂ ਤੇ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਲਾਜ਼ਮੀ ਹੈ ਕਿ ਚੋਣ ਲੜਨ ਵਾਲੇ ਉਮੀਦਵਾਰ ਅਤੇ ਸਬੰਧਿਤ ਪਾਰਟੀ ਵਲੋਂ ਘੱਟੋਂ-ਘੱਟ ਤਿੰਨ ਵਾਰ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੀ ਜਾਣਕਾਰੀ ਅਖ਼ਬਾਰ ਅਤੇ ਇਲੈਕਟਰਾਨਿਕ ਮੀਡੀਆ ਵਿੱਚ ਪਬਲਿਸ਼ ਕਰਵਾਈ ਜਾਵੇ ਅਤੇ ਅਪਰਾਧਿਕ ਪਿਛੋਕੜ ਉਮੀਦਵਾਰਾਂ ਦੀ ਜਾਣਕਾਰੀ ਆਪਣੀ ਵੈੱਬਸਾਇਟ ਉਤੇ ਵੀ ਪਾਈ ਜਾਵੇ।
ਸਪੈਸ਼ਲ ਖਰਚਾ ਆਬਜ਼ਰਵਰ ਆਈ.ਆਰ.ਐਸ. ਸ੍ਰੀਮਤੀ ਹਿਮਾਲੀਨੀ ਨੇ ਹਦਾਇਤ ਕੀਤੀ ਕਿ ਹਰੇਕ ਵਿਅਕਤੀ ਦੇ ਖਾਤਿਆਂ ਉੱਤੇ ਬੜੀ ਬਾਰੀਕੀ ਨਾਲ ਨਜ਼ਰ ਰੱਖੀ ਜਾਵੇ। ਉਹਨਾਂ ਕਿਹਾ ਕਿ ਅੱਜ ਕੱਲ੍ਹ ਡਿਜ਼ੀਟਲ ਲੈਣ ਦੇਣ ਚਲਦਾ ਹੈ ਇਸ ਕਰਕੇ ਉਸ ਉੱਪਰ ਵੀ ਪੂਰਾ ਧਿਆਨ ਦਿੱਤਾ ਜਾਵੇ।
ਸਪੈਸ਼ਲ ਪੁਲਿਸ ਅਬਜ਼ਰਵਰ ਆਈ.ਏ.ਐਸ. ਸ੍ਰੀ ਰਜਨੀਕਾਂਤ ਮਿਸ਼ਰਾ ਨੇ ਸਮੂਹ ਜ਼ਿਲ੍ਹਾ ਪੁਲਿਸ ਅਬਜ਼ਰਵਰਾਂ ਅਤੇ ਸਮੂਹ ਜ਼ਿਲ੍ਹਿਆਂ ਦੇ ਸੀਨੀਅਰ ਸੁਪਰਡੈਂਟ ਪੁਲਿਸ ਅਫਸਰਾਂ ਨੂੰ ਚੋਣਾਂ ਦੌਰਾਨ ਹਰ ਪੱਧਰ ਤੇ ਅਮਨ ਅਤੇ ਸ਼ਾਂਤੀ ਬਰਕਾਰ ਰੱਖਣ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਜ਼ਿਲ੍ਹੇ ਅਤੇ ਅੰਤਰਰਾਜੀ ਨਾਕਿਆਂ ਉਤੇ ਤਾਇਨਾਤ ਪੁਲਿਸ ਕਰਮਚਾਰੀਆਂ ਵਲੋਂ ਹਰ ਵਾਹਨ ਦੀ ਚੈਕਿੰਗ ਬਾਰੀਕੀ ਨਾਲ ਕੀਤੀ ਜਾਵੇ। ਉਨ੍ਹਾਂ ਵਲੋਂ ਪਿਛਲੇ 6 ਮਹੀਨਿਆਂ ਦੌਰਾਨ ਆਰਮ ਐਕਟ ਅਤੇ ਐਨ.ਡੀ.ਪੀ. ਐਸ ਐਕਟ ਤਹਿਤ ਦਰਜ ਮਾਮਲਿਆਂ ਵਾਲੇ ਮੁਲਜ਼ਿਮਾਂ ਦੀ ਸੂਚੀ ਬਣਾ ਕੇ ਉਨ੍ਹਾਂ ਦੀ ਮੌਜੂਦਾ ਸਮੇਂ ਦੀਆਂ ਗਤੀਵਿਧੀਆ ਉਤੇ ਨਜ਼ਰ ਰੱਖਣ ਦੀ ਹਦਾਇਤ ਦਿੱਤੀ ਗਈ।
ਇਸ ਮੌਕੇ ਵਿਸ਼ੇਸ ਤੌਰ ਤੇ ਡਾ. ਵਰੁਨ ਕਪੂਰ, ਆਈ.ਪੀ.ਐਸ, ਪੁਲਿਸ ਅਬਜ਼ਰਵਰ, ਐਸ.ਏ.ਐਸ ਨਗਰ, ਸ਼੍ਰੀ ਜਨਾਰਧਨ ਸਨਾਥਨ, ਆਈ.ਆਰ.ਐਸ, ਖਰਚਾ ਅਬਜ਼ਰਵਰ, ਐਸ.ਏ.ਐਸ ਨਗਰ, ਸ਼੍ਰੀ ਮੁਹੰਮਦ ਜ਼ੁਬੈਰ ਅਲੀ ਹਾਸ਼ਮੀ, ਆਈ.ਏ.ਐਸ, ਜਨਰਲ ਅਬਜ਼ਰਵਰ, ਖਰੜ੍ਹ, ਸ਼੍ਰੀ ਅਜੇ ਗੁਪਤਾ, ਆਈ.ਏ.ਐਸ, ਜਨਰਲ ਅਬਜ਼ਰਵਰ, ਡੇਰਾਬੱਸੀ, ਸ਼੍ਰੀ ਕੇ. ਮਹੇਸ਼, ਆਈ.ਏ.ਐਸ, ਜਨਰਲ ਅਬਜ਼ਰਵਰ, ਐਸ.ਏ.ਐਸ ਨਗਰ, ਸ਼੍ਰੀ ਪੰਧਾਰੀ ਯਾਦਵ, ਆਈ.ਏ.ਐਸ, ਜਨਰਲ ਅਬਜ਼ਰਵਰ, ਰੂਪਨਗਰ, ਸ਼੍ਰੀ ਧਰਮੇਂਦਰ ਸਿੰਘ, ਆਈ.ਪੀ.ਐਸ, ਪੁਲਿਸ ਅਬਜ਼ਰਵਰ, ਰੂਪਨਗਰ, ਸ਼੍ਰੀ ਨਰਿੰਦਰ ਕੁਮਾਰ ਨਾਇਕ, ਆਈ.ਆਰ.ਐਸ, ਖਰਚਾ ਅਬਜ਼ਰਵਰ, ਰੂਪਨਗਰ, ਸ਼੍ਰੀ ਜੈ ਸ਼ੰਕਰ ਪ੍ਰਕਾਸ਼ ਉਪਾਧਿਆ, ਆਈ.ਆਰ.ਐਸ, ਖਰਚਾ ਅਬਜ਼ਰਵਰ, ਐਸ.ਬੀ.ਐਸ ਨਗਰ, ਸ਼੍ਰੀ ਰਵੀ ਸ਼ੰਕਰ ਚਾਬੀ, ਆਈ.ਪੀ.ਐਸ, ਪੁਲਿਸ ਅਬਜ਼ਰਵਰ, ਐਸ.ਬੀ.ਐਸ ਨਗਰ, ਸ਼੍ਰੀ ਅਮੋਦ ਕੁਮਾਰ, ਆਈ.ਏ.ਐਸ, ਜਨਰਲ ਅਬਜ਼ਰਵਰ, ਐਸ.ਬੀ.ਐਸ ਨਗਰ, ਸ਼੍ਰੀ ਅਰੁਨ ਕੁਮਾਰ ਮਿੱਤਲ, ਆਈ.ਪੀ.ਐਸ, ਇੰਸਪੈਕਟਰ ਜਨਰਲ ਰੂਪਨਗਰ ਡਵੀਜ਼ਨ, ਸ਼੍ਰੀਮਤੀ ਈਸ਼ਾ ਕਾਲੀਆ, ਡਿਪਟੀ ਕਮਿਸ਼ਨਰ, ਐਸ.ਏ.ਐਸ ਨਗਰ, ਸ਼੍ਰੀਮਤੀ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ, ਰੂਪਨਗਰ, ਸ਼੍ਰੀ ਵਿਸ਼ੇਸ਼ ਸਾਰੰਗਲ, ਡਿਪਟੀ ਕਮਿਸ਼ਨਰ, ਐਸ.ਬੀ.ਐਸ ਨਗਰ, ਸ਼੍ਰੀ ਹਰਜੀਤ ਸਿੰਘ, ਸੀਨੀਅਰ ਸੁਪਰਡੈਂਟ ਪੁਲਿਸ, ਐਸ.ਏ.ਐਸ ਨਗਰ,,ਸ਼੍ਰੀ ਵਿਵੇਕਸ਼ੀਲ ਸੋਨੀ, ਸੀਨੀਅਰ ਸੁਪਰਡੈਂਟ ਪੁਲਿਸ, ਰੂਪਨਗਰ,,ਸ਼੍ਰੀ ਕੰਵਰਦੀਪ ਕੌਰ, ਸੀਨੀਅਰ ਸੁਪਰਡੈਂਟ ਪੁਲਿਸ, ਐਸ.ਬੀ.ਐਸ ਨਗਰ, ਸ਼੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ), ਐਸ.ਏ.ਐਸ ਨਗਰ ਅਤੇ ਹੋਰ ਸੀਨੀਅਰ ਪੁਲਿਸ ਅਤੇ ਪ੍ਰਸ਼ਸ਼ਨਿਕ ਅਧਿਕਾਰੀ ਹਾਜ਼ਿਰ ਸਨ